ਪੀਏਯੂ ਵੱਲੋਂ ਵਿਸ਼ਵ ਖੁਦਕੁਸ਼ੀ ਬਚਾਓ ਦਿਵਸ ਮਨਾਉਣ ਦੀਆਂ ਤਿਆਰੀਆਂ ਸ਼ੁਰੂ

September 08 2017

 ਲੁਧਿਆਣਾ 8 ਸਤੰਬਰ- 10 ਸਤੰਬਰ 2017 ਨੂੰ ਮਨਾਏ ਜਾਣ ਵਾਲੇ ਵਿਸ਼ਵ ਖੁਦਕੁਸ਼ੀ ਬਚਾਓ ਦਿਵਸ ਲਈ ਵਿਸ਼ਵ ਭਰ ਤੋਂ 800 ਤੋਂ ਵੱਧ ਅਰਜ਼ੀਆਂ ਮਿਲਣ ਦੇ ਹੁਲਾਰੇ ਨਾਲ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਦੇ ਸਨਮਾਨ ਲਈ ਪੀਏਯੂ ਲੁਧਿਆਣਾ ਵਿਖੇ ਤਿਆਰੀਆਂ ਅਰੰਭ ਕੀਤੀਆਂ ਗਈਆਂ । ਪਦਮ ਸ੍ਰੀ ਡਾ. ਸੁਰਜੀਤ ਸਿੰਘ ਪਾਤਰ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਅਤੇ ਡਾ. ਦਵਿੰਦਰਜੀਤ ਸਿੰਘ ਸਾਬਕਾ ਡੀਨ, ਪੰਜਾਬ ਪੁਲਿਸ ਅਕਾਦਮੀ ਫਿਲੌਰ ਅਤੇ ਡਾਇਰੈਕਟਰ ਰੀਫੋਕਸ ਬਿਹੇਵਰੀਅਲ ਸਰਵਿਸਜ਼ ਇਸ ਦਿਨ ਦੇ ਖਾਸ ਬੁਲਾਰੇ ਹੋਣਗੇ । ਇਸ ਮੌਕੇ ਜੇਤੂਆਂ ਨੂੰ ਇਨਾਮ ਦੇਣ ਤੋਂ ਇਲਾਵਾ ਸਾਦਾ ਜੀਵਨ ਗੁਜ਼ਾਰਨ, ਸਖਤ ਮਿਹਨਤ ਕਰਨ ਅਤੇ ਨਸ਼ਿਆਂ ਤੋਂ ਮੁਕਤ ਜੀਵਨ ਗੁਜ਼ਾਰਨ ਦੀ ਸਹੁੰ ਚੁੱਕੀ ਜਾਵੇਗੀ । ਡੀਨ ਕਾਲਜ ਆਫ਼ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਅਤੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਦੇ ਭਾਸ਼ਨ ਤੋਂ ਇਲਾਵਾ ਇਸ ਮੌਕੇ ਦੋ ਛੋਟੀਆਂ ਫਿਲਮਾਂ ਜਿਵੇਂ ਛੱਪਲ ਅਤੇ ਪੰਧ ਵੀ ਇਸ ਦੇ ਮੁੱਖ ਆਕਰਸ਼ਣ ਹੋਣਗੇ ।