ਪੀਏਯੂ ਵੱਲੋਂ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਪ੍ਰਦਰਸ਼ਨੀ-ਕਮ-ਕਿਸਾਨ ਸਿਖਲਾਈ ਪ੍ਰੋਗਰਾਮ ਲਗਾਇਆ ਗਿਆ

October 31 2017

 ਲੁਧਿਆਣਾ: 31 ਅਕਤੂਬਰ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਪਿੰਡ ਤਿਹਾੜਾ ਵਿਖੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ  ਪ੍ਰਦਰਸ਼ਨੀ-ਕਮ-ਕਿਸਾਨ ਸਿਖਲਾਈ ਪ੍ਰੋਗਰਾਮ ਲਗਾਇਆ ਗਿਆ ਜਿਸ ਵਿੱਚ ਲਗਭਗ 40 ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਹ ਪ੍ਰੋਗਰਾਮ ਨਾਬਾਰਡ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਦੀਆਂ ਤਕਨੀਕਾਂ ਨਾਲ ਸਬੰਧਿਤ ਪ੍ਰੋਜੈਕਟ ਤਹਿਤ ਲਗਾਇਆ ਗਿਆ। 
ਇਸ ਮੌਕੇ ਕਿਸਾਨਾਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਡਾ.ਧਰਮਿੰਦਰ ਸਿੰਘ, ਪਸਾਰ ਮਾਹਿਰ ਨੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦੀ ਅਪੀਲ ਕਰਦਿਆਂ ਦੱਸਿਆ ਕਿ ਮਨੁੱਖੀ ਸਿਹਤ ਅਤੇ ਵਾਤਾਵਨ ਲਈ ਇਹ ਧੂੰਆਂ ਕਿੰਨਾ ਖਤਰਨਾਕ ਹੈ। ਇਸ ਮੌਕੇ ਡਾ. ਕੇ.ਬੀ. ਸਿੰਘ ਭੂਮੀ ਵਿਗਿਆਨੀ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਅਸੀਂ ਭੂਮੀ ਦੀ ਜਰਖੇਜਤਾ ਨੂੰ ਵਧਾ ਸਕਦੇ ਹਾਂ। ਉਹਨਾਂ ਨੇ ਕਣਕ ਦੀ ਫਸਲ ਲਈ ਖਾਦਾਂ ਦੀ ਲੋੜ ਮੁਤਾਬਕ ਵਰਤੋਂ ਕਰਨ ਦੀ ਤਾਕੀਦ ਕੀਤੀ। ਇਸ ਮੌਕੇ ਡਾ. ਜਸਵੀਰ ਸਿੰਘ ਗਿੱਲ, ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਨੇ ਝੋਨੇ ਦੀ ਪਰਾਲੀ ਦੀ  ਸਾਂਭ-ਸੰਭਾਲ  ਲਈ ਵੱਖੋ-ਵੱਖ ਤਕਨੀਕਾਂ ਤੇ ਰੌਸ਼ਨੀ ਪਾਉਂਦਿਆਂ ਪੀਏਯੂ ਕਟਰ-ਕਮ-ਸਪਰੈਂਡਰ ਅਤੇ ਪੀਏਯੂ ਹੈਪੀ ਸੀਡਰ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਕਿਸਾਨਾਂ ਦੇ ਖੇਤਾਂ ਵਿੱਚ ਪੀਏਯੂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਦੀ ਪ੍ਰਦਰਸ਼ਨੀ ਕਰਕੇ ਵੀ ਦਿਖਾਈ ਗਈ। ਸ਼੍ਰੀ ਪ੍ਰਵੀਨ ਭਾਟੀਆ, ਡੀ ਡੀ ਐਮ, ਨਾਬਾਰਡ ਵੀ ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਹੋਏ।