ਪੀਏਯੂ ਵਿਖੇ ਹਾੜੀ ਦੀਆਂ ਫ਼ਸਲਾਂ ਬਾਰੇ ਰਾਜਪੱਧਰੀ ਵਰਕਸ਼ਾਪ ਆਰੰਭ

September 01 2017

 ਲੁਧਿਆਣਾ 1 ਸਤੰਬਰ-ਪੀਏਯੂ ਵਿਖੇ ਅੱਜ ਹਾੜ•ੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜਾ ਵਰਕਸ਼ਾਪ ਸ਼ੁਰੂ ਹੋਈ । ਇਸ ਵਿੱਚ ਖੇਤੀਬਾੜੀ ਵਿਭਾਗ, ਪੰਜਾਬ ਦੇ ਸਹਿਯੋਗੀ ਨਿਰਦੇਸ਼ਕ ਤੇ ਖੇਤੀ ਵਿਕਾਸ ਅਫ਼ਸਰ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਡਿਪਟੀ/ਸਹਿਯੋਗੀ ਨਿਰਦੇਸ਼ਕ, ਜ਼ਿਲ•ਾ ਪਸਾਰ ਮਾਹਿਰ ਅਤੇ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ ਅਤੇ ਵਿਗਿਆਨੀਆਂ ਨੇ ਹਿੱਸਾ ਲਿਆ । 

ਇਸ ਵਰਕਸ਼ਾਪ ਦੀ ਪ੍ਰਧਾਨਗੀ ਕਰ ਰਹੇ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਪੀਏਯੂ ਦੇ ਵਿਗਿਆਨੀਆਂ ਅਤੇ ਖੇਤੀਬਾੜੀ ਅਫ਼ਸਰਾਂ ਨੂੰ ਪਿਛਲੇ ਵਰ•ੇ ਦੀਆਂ ਖੇਤੀ-ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ । ਉਹਨਾਂ ਨੇ ਕਿਹਾ ਕਿ ਹਰ 6 ਮਹੀਨੇ ਬਾਅਦ ਪੰਜਾਬ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਬੈਠਣ ਅਤੇ ਫ਼ਸਲਾਂ ਬਾਰੇ ਵਿਚਾਰਾਂ ਕਰਨ ਦੀ ਇਹ ਬਹੁਤ ਵਧੀਆ ਰਵਾਇਤ ਹੈ । ਇਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ ਝੋਨੇ ਅਤੇ ਨਰਮੇ ਵਿੱਚ ਪੰਜਾਬ ਰਾਜ ਮੋਹਰੀ ਰਿਹਾ ਅਤੇ ਕਣਕ ਦੇ ਝਾੜ ਪੱਖੋਂ ਦੂਸਰੇ ਨੰਬਰ ਤੇ ਰਿਹਾ । ਉਨ•ਾਂ ਕਿਹਾ ਕਿ ਵਿਗਿਆਨੀਆਂ ਅਤੇ ਪਸਾਰ ਮਾਹਿਰਾਂ ਦੀ ਅਣਥੱਕ ਮਿਹਨਤ ਸਦਕਾ ਪੀਏਯੂ, ਆਈ ਸੀ ਏ ਆਰ ਵੱਲੋਂ ਸੂਬੇ ਦੀ ਸਰਵ-ਸ੍ਰੇਸ਼ਠ ਖੇਤੀ ਯੂਨੀਵਰਸਿਟੀ ਐਲਾਨੀ ਗਈ । ਇਸੇ ਤਰ•ਾਂ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਵੱਲੋਂ ਪੀਏਯੂ ਨੂੰ ਰਾਸ਼ਟਰੀ ਸੰਸਥਾਵਾਂ ਦੀ ਰੂਪ-ਰੇਖਾ ਕਾਰਜਸੂਚੀ ਅਨੁਸਾਰ 2017 ਦੀਆਂ ਭਾਰਤ ਦੀਆਂ ਉਤਮ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਖੇਤੀਬਾੜੀ ਸੰਸਥਾਵਾਂ ਵਿੱਚੋਂ ਕ੍ਰਮਵਾਰ ਦੂਜੇ ਅਤੇ ਤੀਜੇ ਦਰਜ਼ੇ ਤੇ ਨਿਵਾਜ਼ਿਆ ਗਿਆ। ਪੀਏਯੂ ਵੱਲੋਂ ਵਿਕਸਤ ਕੀਤੀਆਂ ਕਣਕ ਦੀਆਂ ਕਿਸਮਾਂ ਪੀ ਬੀ ਡਬਲਯੂ 677 ਅਤੇ ਪੀ ਬੀ ਡਬਲਯੂ 725 ਦੀ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਅਤੇ ਦੂਜੇ ਸੂਬੇ ਜਿਵੇਂ ਕਿ ਬਿਹਾਰ ਅਤੇ ਪੱਛਮੀ ਬੰਗਾਲ ਵੀ ਇਹਨਾਂ ਕਿਸਮਾਂ ਨੂੰ ਬੀਜਣ ਵਿੱਚ ਦਿਲਚਸਪੀ ਲੈ ਰਹੇ ਹਨ । ਉਹਨਾਂ ਨੇ ਅੱਗੇ ਦੱਸਦਿਆ ਕਿਹਾ ਕਿ ਪੀਏਯੂ ਦੀ ਖੋਜ ਦਾ ਮੁੱਖ ਮਕਸਦ ਫ਼ਸਲੀ ਵਿਭਿੰਨਤਾ ਦਾ ਹੈ ਤਾਂ ਕਿ ਹੋਰ ਫ਼ਸਲਾਂ ਹੇਠ ਰਕਬਾ ਵਧਾਇਆ ਜਾ ਸਕੇ । ਉਹਨਾਂ ਨੇ ਇਹ ਵੀ ਕਿਹਾ ਕਿ ਮੌਸਮੀ ਚੁਣੌਤੀਆਂ ਵਧਣ ਨਾਲ ਬਾਸਮਤੀ ਅਤੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ ਅਤੇ ਪੰਜਾਬ ਦੇ ਕੇਵੀਕੇ ਆਪਣੀ ਸਾਝੀਆਂ ਕੋਸ਼ਿਸ਼ਾਂ ਨਾਲ ਕੁਝ ਪਿੰਡਾਂ ਨੂੰ ਅਪਣਾ ਕੇ ਮਾਡਲ ਵਿਕਸਿਤ ਕਰ ਸਕਦੇ ਹਨ । 

ਡਾ. ਜੇ ਐਸ ਬੈਂਸ ਡਾਇਰੈਕਟਰ ਖੇਤੀਬਾੜੀ, ਪੰਜਾਬ ਨੇ ਕਣਕ ਵਿਗਿਆਨੀਆਂ ਦੀ ਦੇਣ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਹਨਾਂ ਦੀਆਂ ਕੋਸ਼ਿਸ਼ਾ ਨੇ ਪੰਜਾਬ ਦੀਆਂ ਵੱਡੀਆਂ ਕਿਸਮਾਂ (ਪੀ ਬੀ ਡਬਯਲੂ 343 ਅਤੇ ਪੀ ਬੀ ਡਬਲਯੂ 550) ਨੂੰ ਮੁੜ ਸੁਰਜੀਤ ਕਰਕੇ ਨਵੀਆਂ ਕਿਸਮਾਂ ਉਨਤ ਪੀ ਬੀ ਡਬਲਯੂ 343 ਅਤੇ ਪੀ ਬੀ ਡਬਲਯੂ 550 ਵਿਕਸਿਤ ਕੀਤੀਆਂ ਗਈਆਂ ਹਨ । ਉਹਨਾਂ ਨੇ ਕਿਹਾ ਕਿ ਘੱਟ ਵਰਖਾ ਅਤੇ ਖੁਸ਼ਕ ਮੌਸਮ ਦੇ ਚਲਦਿਆਂ ਵੀ ਨਰਮੇ ਦੇ ਖੇਤਰਾਂ ਵਿੱਚ ਚਿੱਟੀ ਮੱਖੀ ਅਤੇ ਹੋਰ ਕੀਟਾਂ ਦੀ ਰੋਕਥਾਮ ਸਾਂਝੇ ਉਦਮਾਂ ਸਦਕਾ ਸਫ਼ਲਤਾਪੂਰਵਕ ਕੀਤੀ ਗਈ ਅਤੇ ਉਹਨਾਂ ਨੇ ਇਸ ਨਾਲ ਨਰਮੇ ਦੇ ਵਧੀਆ ਉਤਪਾਦਨ ਦੀ ਆਸ ਵਿਖਾਈ । ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜੀ ਐਸ ਟੀ ਕਰਕੇ ਕੀਟ-ਨਾਸ਼ਕਾਂ, ਖਾਦਾਂ, ਟਰੈਕਟਰਾਂ ਆਦਿ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਰਕੇ ਇਸ ਵੱਲ ਧਿਆਨ ਦੇਣ ਦੀ ਲੋੜ ਹੈ । ਉਹਨਾਂ ਨੇ ਮੌਸਮ ਅਧਾਰਤ ਖੇਤੀ ਕਰਨ ਵੱਲ ਸੇਧ ਦਿੰਦਿਆਂ ਕਿਹਾ ਕਿ ਹੁਣ ਵੱਧ ਝਾੜ, ਘੱਟ ਪਾਣੀ ਲੈਣ ਵਾਲੀਆਂ ਅਤੇ ਵਧੀਆ ਬੀਜ ਵਾਲੀਆਂ ਕਿਸਮਾਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ । ਉਹਨਾਂ ਨੇ ਫ਼ਸਲੀ ਵਿਭਿੰਨਤਾ, ਨਿਸ਼ਚਤ ਮੰਡੀਕਰਨ, ਐਗਰੋ ਇੰਡਸਟਰੀ ਨੂੰ ਮਜ਼ਬੂਤ ਕਰਨ ਅਤੇ ਸਿਫ਼ਾਰਸ਼ਾਂ ਅਨੁਸਾਰ ਐਗਰੋ ਰਸਾਇਣਾਂ ਦੀ ਵਰਤੋਂ ਕਰਨ ਵੱਲ ਜ਼ੋਰ ਦਿੱਤਾ । ਉਹਨਾਂ ਨੇ ਪ੍ਰਧਾਨ ਮੰਤਰੀ ਦੇ ਨਾਅਰੇ, ਇੱਕ ਬੂੰਦ ਪਾਣੀ, ਜ਼ਿਆਦਾ ਫ਼ਸਲ ਅਤੇ 2022 ਤੱਕ ਕਿਸਾਨਾਂ ਦੀ ਦੁੱਗਣੀ ਆਮਦਨ ਕਰਨ ਦਾ ਟੀਚਾ ਵੀ ਵਿਗਿਆਨੀਆਂ ਨਾਲ ਸਾਂਝਾ ਕੀਤਾ । ਉਹਨਾਂ ਕਿਹਾ ਕਿ ਘੱਟ ਤੋਂ ਘੱਟ ਕੁਦਰਤੀ ਸੋਮੇ ਵਰਤ ਕੇ ਝਾੜ ਵਧਾਉਣ ਵੱਲ ਨਵੀਂ ਖੇਤੀ ਖੋਜ ਨੇ ਤੁਰਨਾ ਹੈ ਅਤੇ ਇਹੀ ਲਾਜ਼ਮੀ ਵੀ ਹੈ ।

ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ ਨੇ ਨਵੀਆਂ ਵਿਕਸਤ ਕੀਤੀਆਂ ਕਣਕ ਦੀਆਂ ਕਿਸਮਾਂ ਉਨਤ ਪੀ ਬੀ ਡਬਲਯੂ 343, ਉਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ ਜ਼ਿੰਕ 1, ਰਾਇਆ ਦੀ ਕਿਸਮ ਗਿਰੀਰਾਜ, ਸੱਠੀ ਮੂੰਗੀ ਦੀ ਕਿਸਮ ਟੀ ਐਮ ਬੀ 37, ਜੌਂਆਂ ਦੀ ਕਿਸਮ ਓ ਐਲ 11 ਅਤੇ ਬਰਸੀਮ ਦੀ ਕਿਸਮ ਬੀ ਐਲ 43 ਬਾਰੇ ਸਾਰਿਆਂ ਨੂੰ ਜਾਣੂੰ ਕਰਵਾਇਆ । ਉਨ•ਾਂ ਨੇ ਪੈਦਾਵਾਰ ਅਤੇ ਸੁਰੱਖਿਆ ਤਕਨੀਕਾਂ ਅਤੇ ਫਾਰਮ ਮਸ਼ੀਨਰੀ ਬਾਰੇ ਵੀ ਚਰਚਾ ਕੀਤੀ । ਡਾ. ਬੈਂਸ ਨੇ ਅੱਗੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਆਧੁਨਿਕ ਖੇਤੀ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਖੋਜ ਪ੍ਰੋਗਰਾਮ ਉਲੀਕੇ ਜਾਂਦੇ ਰਹੇ ਹਨ । ਡਾ. ਐਸ. ਐਸ. ਕੁੱਕਲ, ਡੀਨ ਖੇਤੀਬਾੜੀ ਕਾਲਜ ਨੇ ਆਪਣੇ ਸਵਾਗਤੀ ਭਾਸ਼ਨ ਵਿੱਚ ਕਿਹਾ ਕਿ ਇਹ ਵਰਕਸ਼ਾਪ ਖੇਤੀ ਚੁਣੌਤੀਆਂ ਦੇ ਹੱਲ ਲਈ ਇੱਕ ਮੀਲ ਪੱਥਰ ਸਾਬਿਤ ਹੋਵੇਗੀ ।