ਪੀਏਯੂ ਵਿਖੇ ਕਿਸ਼ੋਰਾਂ ਲਈ ਪ੍ਰਜਨਕ ਸਿਹਤ ਬਾਰੇ ਜਾਗਰੂਕਤਾ ਸੈਮੀਨਾਰ

September 08 2017

 ਲੁਧਿਆਣਾ 8 ਸਤੰਬਰ- ਅੱਜ ਪੀਏਯੂ ਵਿਖੇ ਜੀਵ ਵਿਗਿਆਨ ਵਿਭਾਗ ਵੱਲੋਂ ਆਈ ਐਸ ਐਸ ਆਰ ਐਫ ਦੀ ਨੁਮਾਇੰਦਗੀ ਹੇਠ ਦੋ ਰੋਜ਼ਾ ਰਾਸ਼ਟਰੀ ਪੱਧਰ ਦਾ ਸੈਮੀਨਾਰ ਸ਼ੁਰੂ ਹੋਇਆ । ਇਸ ਦਾ ਉਦਘਾਟਨ ਪਾਲ ਆਡੀਟੋਰੀਅਮ ਵਿਖੇ ਕੀਤਾ ਗਿਆ ਅਤੇ ਇਸ ਵਿੱਚ ਸੁਨੀਤਾ ਮਿੱਤਲ, ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਗੁੜਗਾਓਂ, ਮੁੱਖ ਮਹਿਮਾਨ ਵਜੋਂ ਅਤੇ ਡਾ. ਐਚ ਐਸ ਘਈ ਸਿਵਲ ਸਰਜਨ ਲੁਧਿਆਣਾ ਖਾਸ ਮਹਿਮਾਨ ਵਜੋਂ ਸ਼ਾਮਲ ਹੋਏ ।

ਆਪਣੇ ਉਦਘਾਟਨੀ ਭਾਸ਼ਨ ਵਿੱਚ ਡਾ. ਮਿੱਤਲ ਨੇ ਪੂਰੇ ਭੂ-ਮੰਡਲ ਦੀ ਇੱਕ ਚੌਥਾਈ ਕਿਸ਼ੋਰ ਅਵਸਥਾ ਅਤੇ ਨੌਜਵਾਨ ਪੀੜੀ ਦੀ ਸਿਹਤ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ 10 ਤੋਂ 24 ਸਾਲ ਦੀ ਉਮਰ ਦੇ ਦੌਰ ਵਿੱਚ ਹਰ 6 ਵਿਅਕਤੀਆਂ ਪਿੱਛੇ ਇੱਕ ਵਿਅਕਤੀ ਇਸ ਉਮਰ ਦਰ ਵਿਚੋਂ ਹੈ । ਉਨ•ਾਂ ਨੇ ਅੱਗੋਂ ਕਿਹਾ ਕਿ ਕਿਸ ਤਰ•ਾਂ ਸਮਾਜਿਕ ਤਨਾਅ, ਪੇਸ਼ੇਵਰ ਦੌੜ, ਵਿਅਕਤੀਗਤ ਦਬਾਅ, ਮਾੜੇ ਖਾਣ ਪੀਣ, ਮੀਡੀਆ ਦੀ ਲੋੜ ਤੋਂ ਵੱਧ ਨੁਮਾਇਸ਼ ਆਦਿ ਦੇ ਨਾਲ-ਨਾਲ ਪ੍ਰਜਨਣ ਜਾਣਕਾਰੀ ਦੀ ਘਾਟ ਕਰਕੇ ਕਿਸ਼ੋਰਾਂ ਵਿੱਚ ਭੌਤਿਕ, ਮਾਨਸਿਕ ਅਤੇ ਭਾਵੁਕਤਾ ਸੰਬੰਧੀ ਸਮੱਸਿਆਵਾਂ ਆ ਰਹੀਆਂ ਹਨ । ਉਨ•ਾਂ ਨੇ ਅੱਗੇ ਕਿਹਾ ਕਿ ਇਹ ਸੈਮੀਨਾਰ ਕਿਸ਼ੋਰਾਂ ਵਿੱਚ ਪ੍ਰਜਨਣ ਸਿਹਤ ਨੂੰ ਲੈ ਕੇ ਬਣੀਆਂ ਹੋਈਆਂ ਧਾਰਨਾ ਤੋਂ ਮੁਕਤ ਕਰੇਗਾ ਅਤੇ ਇਸ ਉਮਰ ਦੇ ਬੱਚਿਆਂ ਵਿੱਚ ਪ੍ਰਜਨਣ ਬੁਨਿਆਦੀ ਜਾਣਕਾਰੀ ਵਿੱਚ ਸੁਧਾਰ ਲਿਆਵੇਗਾ । 

ਕਿਸ਼ੋਰਾਂ ਬਾਰੇ ਸਿਹਤ ਸਮੱਸਿਆਵਾਂ ਬਾਰੇ ਜ਼ਿਕਰ ਕਰਦਿਆਂ ਡਾ. ਘਈ ਨੇ ਕਿਹਾ ਕਿ ਕਿਸ਼ੋਰਾਂ ਅਤੇ ਨੌਜਵਾਨਾਂ ਦੀ ਸਿਹਤ ਬਾਰੇ ਵਿਚਾਰ-ਚਰਚਾ ਦੇਸ਼ ਵਿੱਚ ਸਭ ਤੋਂ ਜ਼ਿਆਦਾ ਅਣਗੌਲਿਆ ਵਿਸ਼ਾ ਹੈ ਪਰ ਹੁਣ ਸਰਕਾਰ ਕਿਸ਼ੋਰ ਵਿਆਹ, ਗਰਭਧਾਰ, ਲਿੰਗਿਕ ਬਿਮਾਰੀਆਂ, ਐਚ ਆਈ ਵੀ, ਗਰਭਪਾਤ ਅਤੇ ਸੰਭੋਗ ਵੱਲ ਕਾਫੀ ਧਿਆਨ ਦੇ ਰਹੀ ਹੈ । ਇਨ•ਾਂ ਬਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਸੈਂਟਰ ਕਲੀਨਿਕਾਂ ਵਿੱਚ ਕਾਫੀ ਸਖਤਾਈ ਕੀਤੀ ਗਈ ਹੈ । ਉਨ•ਾਂ ਕਿਹਾ ਕਿ ਇਹੋ ਜਿਹੇ ਸੈਮੀਨਾਰ ਮੁਢਲੇ ਸਿਹਤ ਸੈਂਟਰਾਂ ਦੀ ਹਾਲਤ ਸੁਧਾਰਨ ਵਿੱਚ ਸਹਾਇਕ ਸਿੱਧ ਹੋਣਗੇ ।

ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਡਾ. ਰਾਜਿੰਦਰ ਸਿੰਘ ਸਿੱਧੂ, ਰਜਿਸਟਰਾਰ ਪੀਏਯੂ ਨੇ ਯੁਵਾਵਾਂ ਨੂੰ ਆਪਣੀ ਸਿਹਤ ਅਤੇ ਵਿਦਿਆ ਵੱਲ ਧਿਆਨ ਕੇਂਦਰਿਤ ਕਰਨ ਲਈ ਕਿਹਾ । ਉਹਨਾਂ ਨੇ ਅੱਗੋ ਕਿਹਾ ਮਾੜੀ ਸਿਹਤ ਦਾ ਅਸਰ ਉਨ•ਾਂ ਦੀ ਸੋਚ ਤੇ ਪੈਂਦਾ ਹੈ ਜਿਸ ਨਾਲ ਸਕੂਲਾਂ, ਕਾਲਜਾਂ ਦੀ ਵਿੱਦਿਆ ਵਿੱਚ ਨਿਘਾਰ ਆਉਂਦਾ ਹੈ । ਇਸ ਨਾਲ ਭਵਿੱਖ ਵਿੱਚ ਲਾਭਦਾਇਕ ਸਿੱਟੇ ਨਹੀਂ ਨਿਕਲਦੇ ਅਤੇ ਸਮਾਜ ਤੇ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਪੈਦਾ ਹੁੰਦੀ ਹੈ । ਉਨ•ਾਂ ਨੇ ਸਲਾਹ ਦਿੰਦਿਆਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਸਿਹਤ ਸੰਬੰਧੀ ਮਦਦ ਪ੍ਰਦਾਨ ਕਰਨ ਵਿੱਚ ਕੋਈ ਭੇਦ-ਭਾਵ ਨਹੀਂ ਵਿਖਾਉਣਾ ਚਾਹੀਦਾ ।

ਸ਼ੁਰੂ ਵਿੱਚ ਕਿਸ਼ੋਰਾਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਨ•ਾਂ ਸੈਮੀਨਾਰਾਂ ਦੀ ਸਫ਼ਲਤਾ ਤਜ਼ਰਬੇਕਾਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਹਾਜ਼ਰੀ ਤੇ ਨਿਰਭਰ ਕਰਦੀ ਹੈ । ਉਨ•ਾਂ ਨੇ ਕਿਹਾ ਕਿ ਕਿਸ਼ੋਰਾਂ ਨੂੰ ਸਮੇਂ ਸਮੇਂ ਸਿਰ ਚੈਕਅਪ ਕਰਵਾਉਣਾ ਚਾਹੀਦਾ ਹੈ ਅਤੇ ਭਰੋਸੇਯੋਗ ਸਰੋਤਾਂ ਕੋਲੋਂ ਆਧੁਨਿਕ ਪ੍ਰਜਨਕ ਜਾਣਕਾਰੀ ਲੈਣੀ ਚਾਹੀਦੀ ਹੈ । ਡਾ. ਜੀ.ਕੇ. ਸਾਘਾਂ, ਡੀਨ ਕਾਲਜ ਆਫ਼ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਪੀਏਯੂ ਨੇ ਆਏ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ । ਡਾ. ਆਰ. ਐਸ. ਸ਼ਰਮਾ, ਡਿਪਟੀ ਡਾਇਰੈਕਟਰ ਜਨਰਲ ਆਈ ਸੀ ਐਮ ਆਰ, ਨਵੀਂ ਦਿੱਲੀ ਅਤੇ ਸੈਕਟਰੀ ਆਈ ਐਸ ਐਸ ਆਰ ਐਫ ਨੇ ਸੰਸਥਾ ਬਾਰੇ ਜਾਣਕਾਰੀ ਦਿੱਤੀ । ਡਾ. ਐਸ. ਐਸ. ਹੁੰਦਲ ਮੁਖੀ ਜੀਵ ਵਿਗਿਆਨ ਅਤੇ ਆਰ ਐਚ ਏ 2017 ਦੇ ਪ੍ਰਬੰਧਕ ਨੇ ਸੈਮੀਨਾਰ ਬਾਰੇ ਜਾਣਕਾਰੀ ਦਿੱਤੀ । ਬਾਅਦ ਵਿੱਚ ਡਾ. ਕੇ. ਐਸ. ਖੇੜਾ ਪ੍ਰਬੰਧਕ ਸੈਕਟਰੀ ਆਰ ਐਚ ਏ 2017 ਨੇ ਸਾਰਿਆਂ ਦਾ ਧੰਨਵਾਦ ਕੀਤਾ ।