ਪੀਏਯੂ ਨੇ ਪਰਾਲੀ ਸੰਭਾਲਣ ਦੀ ਤਕਨੀਕ ਸੰਬੰਧੀ ਸਮਝੌਤਾ ਸਹੀਬੱਧ ਕੀਤਾ

August 03 2017

ਲੁਧਿਆਣਾ 3 ਅਗਸਤ -ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਅੱਜ ਤਿੰਨ ਮਸ਼ੀਨਰੀ ਉਦਯੋਗਾਂ ਮੈਸ. ਰਾਜਗੜ ਐਗਰੀਕਲਚਰਲ ਵਰਕਸ, ਮੁਲਾਂਪੁਰ, ਲੁਧਿਆਣਾ, ਮੈਸ. ਕੰਬੋਜ ਐਗਰੋਟੈਕ ਗੁਰੂ ਹਰਸਹਾਇ ਫਿਰੋਜ਼ਪੁਰ ਅਤੇ ਮੈਸ ਨਾਰਥ ਐਗਰੋ ਇੰਡਸਟਰੀ ਪ੍ਰਾਈਵੇਟ ਲਿਮਿਟਡ ਦਿੜਬਾ, ਸੰਗਰੂਰ ਨਾਲ 'ਪੀਏਯੂ ਸੁਪਰ ਐਸ ਐਮ ਐਸ' ਤਕਨੀਕ ਦੇ ਵਪਾਰੀਕਰਨ ਸੰਬੰਧੀ ਸਾਂਝ ਦੀ ਸਹੀ ਪਾਈ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਇਹਨਾਂ ਤਿੰਨਾਂ ਉਦਯੋਗਾਂ ਦੀ ਅਗਵਾਈ ਕਰ ਰਹੇ ਆਗੂਆਂ ਨੇ ਆਪੋ-ਆਪਣੇ ਅਦਾਰਿਆਂ ਦੀ ਤਰਫੋਂ ਇਹ ਸਮਝੌਤਾ ਸਹੀਬੱਧ ਕੀਤਾ। ਇਸ ਸਮੇਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ।

ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪੀਏਯੂ ਵੱਲੋਂ ਤਿਆਰ ਕੀਤਾ ਇਹ ਸੁਪਰ ਐਸ ਐਮ ਐਸ ਕੰਬਾਈਨ ਦੇ ਨਾਲ ਲਗਾਇਆ ਜਾਂਦਾ ਹੈ ਜੋ ਪਰਾਲੀ ਨੂੰ ਕੱਟਦਾ ਹੈ, ਕੁਤਰਦਾ ਹੈ ਅਤੇ ਇਕਸਾਰ ਖਿਲਾਰਦਾ ਹੈ। ਇਉਂ ਪਰਾਲੀ ਜਲਾਉਣ ਦਾ ਰੁਝਾਨ ਜਿੱਥੇ ਰੋਕਿਆ ਜਾ ਸਕਦਾ ਹੈ ਉਥੇ ਇਸਦੀ ਖੇਤਾਂ ਵਿੱਚ ਵਰਤੋਂ ਵੀ ਹੋ ਜਾਂਦੀ ਹੈ। ਖੇਤੀ ਇੰਜਨੀਅਰ ਅਰੁਨ ਧਵਨ ਜੋ ਖੇਤੀਬਾੜੀ ਵਿਭਾਗ ਪੰਜਾਬ ਤੋਂ ਹਨ ਵੀ ਇਸ ਮੌਕੇ ਹਾਜ਼ਰ ਸਨ ਨੇ ਕਿਹਾ ਕਿ ਹਰ ਸੁਪਰ ਐਸ ਐਮ ਐਸ ਲਗਾਉਣ ਲਈ ਕਿਸਾਨਾਂ ਨੂੰ 50,000 ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ।

ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਇਸ ਤਕਨਾਲੋਜੀ ਨੂੰ ਬਨਾਉਣ ਵਾਲੇ ਡਾ. ਗੁਰਸਾਹਿਬ ਸਿੰਘ, ਡਾ. ਮਨਪ੍ਰੀਤ ਸਿੰਘ, ਡਾ. ਹ.ਸ. ਸਿੱਧੂ ਅਤੇ ਡਾ. ਰਾਜੇਸ਼ ਗੋਇਲ ਵੀ ਸ਼ਾਮਲ ਹੋਏ।