ਪੀਏਯੂ ਅਤੇ ਉਨਤੀ ਕੋਆਪਰੇਟਿਵ ਸੋਸਾਇਟੀ ਵਿੱਚ ਸਮਝੌਤਾ ਸਹੀਬੱਧ

August 01 2017

ਲੁਧਿਆਣਾ 1 ਅਗਸਤ -ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਉਨਤੀ ਕੋਆਪਰੇਟਿਵ ਸੋਸਾਇਟੀ ਤਲਵਾੜਾ ਨਾਲ ਦੋ ਤਕਨਾਲੋਜੀਆਂ ਸੰਬੰਧੀ ਵਪਾਰਕ ਸਮਝੌਤੇ ਤੇ ਸਹੀ ਪਾਈ । ਇਹਨਾਂ ਵਿੱਚ ਫ਼ਲਾਂ ਅਤੇ ਸਬਜ਼ੀਆਂ ਤੋਂ ਪੀਣ ਵਾਲੇ ਪਦਾਰਥ ਬਨਾਉਣਾ ਸ਼ਾਮਲ ਹੈ । ਕਾਲੀ ਗਾਜਰ ਤੋਂ ਬਣਾਇਆ ਜਾਂਦਾ ਪੀਣ ਵਾਲਾ ਸਵਾਦਿਸ਼ਟ ਪਦਾਰਥ ਵੀ ਇਸ ਵਿੱਚ ਸ਼ਾਮਲ ਹੈ । ਇਸ ਸਮਝੌਤੇ ਉਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਉਨਤੀ ਕੋਆਪਰੇਟਿਵ ਸੋਸਾਇਟੀ ਦੇ ਜਨਰਲ ਮੈਨੇਜਰ ਸ੍ਰੀ ਜੋਤੀ ਸਰੂਪ ਨੇ ਆਪੋ-ਆਪਣੇ ਅਦਾਰਿਆਂ ਵੱਲੋਂ ਸਹੀ ਪਾਈ । ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਪਰਮਪਾਲ ਸਹੋਤਾ ਨੂੰ ਇਹਨਾਂ ਜਲ-ਪਦਾਰਥਾਂ ਨੂੰ ਤਿਆਰ ਕਰਨ ਦੀ ਤਕਨੀਕ ਵਿਕਸਿਤ ਕਰਨ ਸੰਬੰਧੀ ਵਧਾਈ ਦਿੱਤੀ ਅਤੇ ਉਨਤੀ ਸੋਸਾਇਟੀ ਨਾਲ ਭਵਿੱਖ ਦੇ ਚੰਗੇ ਸੰਬੰਧਾਂ ਦੀ ਆਸ ਵੀ ਪ੍ਰਗਟਾਈ।

ਡਾ. ਸਹੋਤਾ ਨੇ ਇਸ ਤਕਨਾਲੋਜੀ ਨੂੰ ਵਿਕਸਿਤ ਕਰਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਮੀਰ ਅਧਾਰਿਤ ਇਹ ਉਤਪਾਦਨ ਤਕਾਨਲੋਜੀ ਆਪਣੇ ਆਪ ਵਿੱਚ ਵਿਲੱਖਣ ਹੈ ਜਿਸ ਵਿੱਚ ਅਲਕੋਹਲ ਦੀ ਮਾਤਰਾ ਘੱਟ ਹੁੰਦੀ ਹੈ ਪਰ ਇਸਦੀ ਸ਼ੈਲਫ ਲਾਈਫ ਵੱਧ ਹੁੰਦੀ ਹੈ । ਦੂਜੀ ਤਕਨਾਲੋਜੀ ਪ੍ਰੋਬਾਇਓਟਿਕ ਜਲ ਪਦਾਰਥਾਂ ਦੀ ਹੈ ਜੋ ਕਾਲੀ ਗਾਜਰ ਤੋਂ ਤਿਆਰ ਹੁੰਦੇ ਹਨ ਅਤੇ ਮਨੁੱਖੀ ਸਿਹਤ ਲਈ ਗੁਣਕਾਰੀ ਹੁੰਦੇ ਹਨ । ਡਾ. ਸਹੋਤਾ ਨੇ ਦੱਸਿਆ ਕਿ ਹੁਣ ਤੱਕ ਬਜ਼ਾਰ ਵਿੱਚ ਮਿਲਣ ਵਾਲੇ ਪ੍ਰੋਬਾਇਓਟਿਕ ਡੇਅਰੀ ਅਧਾਰਿਤ ਹੁੰਦੇ ਹਨ । ਇਸ ਤੋਂ ਪਹਿਲਾਂ ਡਾ. ਸਹੋਤਾ ਭੋਜਨ ਅਤੇ ਪਾਣੀ ਦੀ ਪਰਖ ਸੰਬੰਧੀ ਕਿੱਟ ਤਿਆਰ ਕਰ ਚੁੱਕੇ ਹਨ।

ਉਨਤੀ ਸੋਸਾਇਟੀ ਦੇ ਜਨਰਲ ਮੈਨੇਜਰ ਸ੍ਰੀ ਜੋਤੀ ਸਰੂਪ ਨੇ ਦੱਸਿਆ ਕਿ ਇਹ ਸੰਸਥਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਅਧੀਨ ਸਥਾਪਿਤ ਹੋਈ ਸੀ । ਭਾਰਤ ਸਰਕਾਰ ਨੇ ਇਹ ਪ੍ਰੋਜੈਕਟ ਹੁਸ਼ਿਆਰਪੁਰ ਜ਼ਿਲ•ੇ ਵਿੱਚ ਤਲਵਾੜਾ ਵਿਖੇ ਸ਼ੁਰੂ ਕੀਤਾ ਤਾਂ ਜੋ ਕੰਢੀ ਏਰੀਏ ਦੇ ਖੇਤਰੀ ਪੱਧਰ ਦੇ ਬਾਇਓ ਸ੍ਰੋਤਾਂ ਨੂੰ ਵਰਤਿਆ ਜਾ ਸਕੇ ਅਤੇ ਉਸ ਖਿੱਤੇ ਦੇ ਲੋਕਾਂ ਦੀ ਆਮਦਨ ਦਾ ਸਾਧਨ ਬਣ ਸਕੇ।

ਪੀਏਯੂ ਦੇ ਤਕਨਾਲੋਜੀ ਮਾਰਕੀਟਿੰਗ ਅਤੇ ਆਈ ਪੀ ਆਰ ਸੈਲ ਦੇ ਇੰਚਾਰਜ ਡਾ. ਐਸ ਐਸ ਚਾਹਲ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ 40 ਤੋਂ ਵੱਧ ਤਕਨਾਲੋਜੀਆਂ ਸੰਬੰਧੀ ਵਪਾਰਕ ਪੱਧਰ ਦੇ ਸਮਝੌਤੇ ਕਰ ਚੁੱਕੀ ਹੈ । ਇਸ ਮੌਕੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਅਤੇ ਵਧੀਕ ਨਿਰਦੇਸ਼ਕ ਖੋਜ ਡਾ. ਸਰਵਜੀਤ ਸਿੰਘ ਵੀ ਹਾਜ਼ਰ ਸਨ।