ਪਿਆਜ਼ ਨੇ ਕੱਢੇ ਜਨਤਾ ਦੇ ਹੰਝੂ, ਸਰਕਾਰ ਨੇ ਕਿਹਾ ਸਬਰ ਰੱਖੋ

January 12 2018

 ਨਵੀਂ ਦਿੱਲੀ: ਦੇਸ਼ ਦੇ ਕੁਝ ਹਿੱਸਿਆਂ ਵਿੱਚ ਪਿਆਜ਼ ਦੀ ਕੀਮਤ 50 ਤੋਂ 60 ਰੁਪਏ ਕਿੱਲੋ ਹੋ ਗਈ ਹੈ। ਸਰਕਾਰ ਮੁਤਾਬਕ ਮੰਗ ਤੇ ਪੂਰਤੀ ਦੇ ਫਰਕ ਕਾਰਨ ਕੀਮਤਾਂ ਵਧੀਆਂ ਹਨ ਪਰ ਜਲਦੀ ਹੀ ਸਾਉਣੀ ਦੀ ਫਸਲ ਆਉਣ ਨਾਲ ਕੀਮਤਾਂ ਘਟ ਜਾਣਗੀਆਂ। ਦਿੱਲੀ, ਮੁੰਬਈ ਤੇ ਕਲੱਕਤਾ ਵਿੱਚ ਪਿਆਜ਼ 50 ਰੁਪਏ ਕਿੱਲੋ ਮਿਲ ਰਿਹਾ ਹੈ।

ਖੇਤੀ ਸਕੱਤਰ ਐਸ ਪਟਨਾਇਕ ਮੁਤਾਬਕ ਫਿਕਰ ਕਰਨ ਦੀ ਜ਼ਰੂਰਤ ਨਹੀਂ, ਇਹ ਥੋੜ੍ਹੇ ਸਮਾਂ ਦਾ ਉਛਾਲ ਹੈ ਜਿਸ ਕਾਰਨ ਵਾਪਰੀ ਫਾਇਦਾ ਲੈ ਰਹੇ ਹਨ। ਪਿਆਜ ਦੀ ਲੋੜੀਂਦੀ ਸਪਲਾਈ ਆਉਣ ਨਾਲ ਕੀਮਤਾਂ ਵਿੱਚ ਫਰਕ ਪੈ ਜਾਵੇਗਾ।

ਖੇਤੀ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਰਕਬਾ ਘਟਣ ਨਾਲ ਫਸਲ ਸਾਲ 2017-18 ਵਿੱਚ 4.5 ਫੀਸਦੀ ਘਟ ਕੇ 2.14 ਕਰੋੜ ਟਨ ਰਹਿਣ ਦਾ ਅੰਦਾਜ਼ਾ ਹੈ। ਪਿਛਲੇ ਸਾਲ ਪਿਆਜ ਦਾ ਉਤਪਾਦਨ 2.24 ਕਰੋੜ ਟਨ ਸੀ। ਪਟਨਾਇਕ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਿਆਜ਼ ਦੀ ਆਮਦ ਵਧਣ ਵਾਲੀ ਹੈ ਜਿਸ ਨਾਲ ਕੀਮਤਾਂ ਵਿੱਚ ਸੁਧਾਰ ਹੋਵੇਗਾ।

ਨਾਸਿਕ ਦੇ ਕੌਮੀ ਬਾਗਵਾਨੀ ਸੋਧ ਤੇ ਵਿਕਾਸ ਫਾਉਂਡੇਸ਼ਨ (ਐਨਐਚਆਰਡੀਐਫ) ਦੇ ਕਾਰਜਕਾਰੀ ਡਾਇਰੈਕਟਰ ਪੀਕੇ ਗੁਪਾਤ ਨੇ ਕਿਹਾ ਕਿ ਪਿਆਜ਼ ਦੇ ਉਤਪਾਦਨ ਦੇ ਪ੍ਰਮੁੱਖ ਉਤਪਾਦਨ ਰਾਜ ਮਹਾਰਾਸ਼ਟਰ, ਕਰਨਾਟਕਾ, ਆਂਧਰਾ ਪ੍ਰਦੇਸ਼ ਤੇ ਤਮਿਲਨਾਡ ਵਿੱਚ ਬਿਜਾਈ ਸਮੇਂ ਦੌਰਾਨ ਬਰਸਾਤ ਘੱਟ ਹੋਈ ਸੀ।

ਇਸ ਨਾਲ 20-25 ਫੀਸਦੀ ਦੀ ਕਮੀ ਰਹਿਣ ਦੀ ਵਜ੍ਹਾ ਨਾਲ ਉਤਪਾਦਨ ਘੱਟ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਸਾਉਣੀ ਦੀ ਫਸਲ ਆਉਣ ਤੇ ਬਾਦ ਵਿੱਚ ਹਾੜ੍ਹੀ ਦੀ ਫਸਲ ਦਾ ਬਾਜ਼ਾਰ ਵਿੱਚ ਆਉਣ ਨਾਲ ਪਿਆਜ਼ ਦੀਆਂ ਕੀਮਤਾਂ ਵਿੱਚ ਸੁਧਾਰ ਹੋ ਜਾਵੇਗਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABPSANJHA