ਪਿਆਜ਼ ਦੀ ਕੀਮਤ ਸੱਤਵੇਂ ਅਸਮਾਨ 'ਤੇ , ਸਰਕਾਰ ਨੇ ਚੁੱਕੇ ਇਹ ਕਦਮ

November 30 2017

ਨਵੀਂ ਦਿੱਲੀ : ਸਪਲਾਈ ਘਟਣ ਨਾਲ ਘਰੇਲੂ ਬਾਜ਼ਾਰਾਂ ‘ਚ ਪਿਆਜ਼ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ। ਪਿਆਜ਼ ਦੇ ਜਮ੍ਹਾਂਖੋਰ ਸਰਗਰਮ ਹੋ ਗਏ ਹਨ, ਇਹੀ ਕਾਰਨ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਪਿਆਜ਼ ਦੀਆਂ ਕੀਮਤਾਂ ‘ਚ ਭਾਰੀ ਫ਼ਰਕ ਹੈ। ਮਹਿੰਗਾਈ ‘ਤੇ ਕਾਬੂ ਪਾਉਣ ਲਈ ਸਰਕਾਰ ਹਰਕਤ ‘ਚ ਆ ਗਈ ਹੈ।

ਕੇਂਦਰੀ ਸਪਲਾਈ ਮਾਮਲੇ ਅਤੇ ਖ਼ੁਰਾਕ ਮੰਤਰੀ ਰਾਮਵਿਲਾਸ ਪਾਸਵਾਨ ਨੇ ਪਿਆਜ਼ ਦੀ ਪੈਦਾਵਾਰ ਦਾ ਵੇਰਵਾ ਦਿੰਦੇ ਹੋਏ ਸਰਕਾਰ ਦੀਆਂ ਤਿਆਰੀਆਂ ਦੀ ਜਾਣਕਾਰੀ ਦਿੱਤੀ। ਪਾਸਵਾਨ ਨੇ ਪਿਆਜ਼ ਸਪਲਾਈ ਵਧਾਉਣ ਨਾਲ ਸਬੰਧਤ ਮੰਤਰਾਲਿਆਂ ਦੇ ਆਹਲਾ ਅਧਿਕਾਰੀਆਂ ਨਾਲ ਲੰਬੀ ਬੈਠਕ ਕੀਤੀ। ਇਸ ਦੌਰਾਨ ਪਿਆਜ਼ ਦੀ ਖੇਤੀ ਅਤੇ ਉਸ ਦੀ ਪੈਦਾਵਾਰ ਦੀ ਸਮੀਖਿਆ ਕੀਤੀ ਗਈ। ਨਾਲ ਹੀ ਸਰਕਾਰੀ ਏਜੰਸੀਆਂ ਨੂੰ ਪਿਆਜ਼ ਦੀ ਮੰਗ ਪੂਰਾ ਕਰਨ ਲਈ ਤਿਆਰੀਆਂ ‘ਚ ਲੱਗ ਜਾਣ ਦਾ ਹੁਕਮ ਦਿੱਤਾ ਗਿਆ ਹੈ। ਦਰਾਮਦ ਪਿਆਜ਼ ਕਿਸੇ ਵੀ ਹਾਲ ਵਿਚ ਮਹੀਨੇ ਪਹਿਲਾਂ ਭਾਰਤੀ ਬੰਦਰਗਾਹਾਂ ‘ਤੇ ਪਹੁੰਚ ਜਾਵੇਗਾ। ਇਸ ਲਈ ਫੌਰੀ ਤੌਰ ‘ਤੇ ਉਤਪਾਦਕ ਮੰਡੀਆਂ ‘ਚ ਸਰਕਾਰੀ ਏਜੰਸੀਆਂ ਪਿਆਜ਼ ਦੀ ਖ਼ਰੀਦ ਕਰਨ ਉਤਰਨਗੀਆਂ।

ਪਾਸਵਾਨ ਨੇ ਇਕ ਸਵਾਲ ਦੇ ਜਵਾਬ ਵਿਚ ਇੱਥੋਂ ਤਕ ਕਹਿ ਦਿੱਤਾ ਕਿ ਕੀਮਤਾਂ ਨੂੰ ਰੋਕਣਾ ਉਨ੍ਹਾਂ ਦੇ ਹੱਥ ਵਿਚ ਨਹੀਂ ਹੈ। ਯਾਨੀ ਗਾਹਕਾਂ ਨੂੰ ਲੰਬੇ ਸਮੇਂ ਤਕ ਮਹਿੰਗੇ ਪਿਆਜ਼ ਨਾਲ ਹੀ ਕੰਮ ਚਲਾਉਣਾ ਪਵੇਗਾ। ਹਾਲਾਂਕਿ ਬਾਅਦ ਵਿਚ ਪਾਸਵਾਨ ਨੇ ਕਿਹਾ ਕਿ ਸਰਕਾਰੀ ਏਜੰਸੀਆਂ ਮਹਾਰਾਸ਼ਟਰ ਦੀਆਂ ਮੰਡੀਆਂ ਤੋਂ 32 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਦੀ ਖ਼ਰੀਦ ਕਰਕੇ ਦਿੱਲੀ ‘ਚ ਸਪਲਾਈ ਕਰਨਗੀਆਂ। ਪਿਆਜ਼ ਦਾ ਘੱਟੋ ਘੱਟ ਬਰਾਮਦ ਮੁੱਲ 850 ਡਾਲਰ ਪ੍ਰਤੀ ਟਨ ਕਰ ਦਿੱਤਾ ਗਿਆ ਹੈ ਜਿਸ ਨਾਲ ਬਰਾਮਦ ਲਗਪਗ ਰੁਕ ਗਈ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:ABP sanjha