ਪਿਆਜ਼ ਦੇ ਛਿਲਕੇ ਤੋਂ ਬਿਜਲੀ ਤਿਆਰ, ਆਮ ਆਦਮੀ ਨੂੰ ਮਿਲੇਗਾ ਲਾਭ

December 19 2017

ਨਵੀਂ ਦਿੱਲੀ: ਆਈ.ਆਈ.ਟੀ. ਖੜਕਪੁਰ ਦੇ ਵਿਗਿਆਨੀਆਂ ਨੇ ਪਿਆਜ਼ ਦੇ ਛਿਲਕੇ ਤੋਂ ਅਜਿਹਾ ਸਸਤਾ ਉਪਕਰਨ ਬਣਾਇਆ ਹੈ, ਜਿਹੜਾ ਸਰੀਰ ਦੀ ਹਲਚਲ ਤੋਂ ਸਵੱਛ ਊਰਜਾ ਪੈਦਾ ਕਰ ਸਕਦਾ ਹੈ। ਇਸ ਤੋਂ ਪੇਸਮੇਕਰ, ਸਿਹਤ ਉੱਤੇ ਨਜ਼ਰ ਰੱਖਣ ਵਾਲੀਆਂ ਸਮਾਰਟ ਗੋਲੀਆਂ ਤੇ ਸਰੀਰ ਉੱਤੇ ਧਾਰਨ ਕਰਨ ਯੋਗ ਇਲੈਕਟ੍ਰਾਨਿਕ ਉਪਕਰਨਾਂ ਦੀ ਊਰਜਾ ਮਿਲ ਸਕਦੀ ਹੈ। ਖੋਜੀਆਂ ਦਾ ਕਹਿਣਾ ਹੈ ਕਿ ਇਹ ਉਪਕਰਨ ਪਿਆਜ਼ ਦੇ ਛਿਲਕੇ ਦੇ ਪੀਜੋਇਲੈਕਟ੍ਰਿਕ ਗੁਣਾਂ ਦੀ ਵਰਤੋਂ ਕਰਦਾ ਹੈ। ਇਹ ਜੈਵਿਕ ਦ੍ਰਿਸ਼ਟੀ ਨਾਲ ਖ਼ੁਦ ਹੀ ਘੁਲ ਜਾਂਦਾ ਹੈ ਤੇ ਵਾਤਾਵਰਨ ਦੇ ਅਨੁਕੂਲ ਹੈ।

  ਪੀਜੋਇਲੈਕਟ੍ਰਿਕ ਪਦਾਰਥ ਵਿੱਚ ਰੋਜ਼ਮੱਰਾ ਦੀ ਯਾਂਤਰਿਕ ਹਲਚਲ ਦੀ ਊਰਜਾ ਨੂੰ ਬਿਜਲੀ ਵਿੱਚ ਬਦਲਣ ਦੀ ਸਮਰੱਥਾ ਹੁੰਦੀ ਹੈ। ਆਈ.ਆਈ.ਟੀ. ਖੜਕਪੁਰ ਦੇ ਪ੍ਰੋਫੈਸਰ ਭਾਨੁਭੂਸ਼ਨ ਖਟੂਆ ਦਾ ਕਹਿਣਾ ਹੈ ਕਿ ਇਸ ਕਮਾਲ ਦੇ ਫ਼ਾਇਦੇਮੰਦ ਉਪਕਰਨ ਨਾਲ ਆਮ ਆਦਮੀ ਵੀ ਕਿਸੇ ਵੀ ਹਾਲਤ ਵਿੱਚ ਬਿਜਲੀ ਪੈਦਾ ਕਰ ਸਕਦਾ ਹੈ। ਤੇਜ਼ੀ ਨਾਲ ਵਧ ਰਹੀ ਆਬਾਦੀ, ਸਨਅਤੀਕਰਨ ਤੇ ਇਲੈਕਟ੍ਰਾਨਿਕਸ ਤੇ ਵਾਹਨਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਵਾਤਾਵਰਨ ਉੱਤੇ ਪ੍ਰਤੀਕੂਲ ਅਸਰ ਪੈਂਦਾ ਹੈ।

ਖੋਜੀਆਂ ਦਾ ਕਹਿਣਾ ਹੈ ਕਿ ਜੀਵਾਸ਼ਮ ਆਧਾਰਤ ਈਂਧਨਾਂ ਉੱਤੇ ਵਧਦੇ ਹੋਏ ਬੋਝ ਤੇ ਕੁਦਰਤੀ ਸੰਸਾਧਨ ਵਿੱਚ ਗਿਰਾਵਟ ਨੂੰ ਦੇਖਦੇ ਹੋਏ ਸਵੱਛ ਊਰਜਾ ਉਤਪਾਦਨ ਕਰਨ ਲਈ ਬਦਲਵੀਂ ਤਕਨਾਲੌਜੀ ਵਿਕਸਤ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਪੀਜੋਇਲੈਕਟ੍ਰਿਕ ਪਦਾਰਥ ਸਰੀਰ ਦੀ ਸਾਧਾਰਨ ਹਲਚਲ ਨੂੰ ਸਵੱਛ ਊਰਜਾ ਵਿੱਚ ਤਬਦੀਲ ਕਰ ਸਕਦਾ ਹੈ। ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਨਹੀਂ ਹੁੰਦਾ ਪਰ ਇਸ ਤਰ੍ਹਾਂ ਦੀ ਬਿਜਲੀ ਦੇ ਉਤਪਾਦਨ ਲਈ ਪੀਜੋਇਲੈਕਟ੍ਰਿਕ ਨੈਨੋਜੇਨਰੇਟਰ ਬਣਾਉਣਾ ਬਹੁਤ ਮੁਸ਼ਕਲ ਹੈ। ਅਜਿਹੇ ਉਪਕਰਨ ਅਕਸਰ ਬਹੁਤ ਮਹਿੰਗੇ ਵੀ ਪੈਂਦੇ ਹਨ। ਇਹ ਉਪਕਰਨ ਬਹੁਤ ਜ਼ਿਆਦਾ ਨੁਕਸਾਨਦੇਹ ਹੁੰਦੇ ਹਨ ਜਾਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਦੀ ਵਜ੍ਹਾ ਤੋਂ ਵਾਸਤਵਿਕ ਜੀਵਨ ਵਿੱਚ ਇਸ ਦਾ ਪ੍ਰਯੋਗ ਸੀਮਤ ਹੈ।

ਇਨ੍ਹਾਂ ਖ਼ਾਮੀਆਂ ਨੂੰ ਦੂਰ ਕਰਨ ਲਈ ਆਈਆਈਟੀ ਖੜਕਪੁਰ ਤੇ ਦੱਖਣ ਕੋਰੀਆ ਦੀ ਪੋਹਾਗ ਯੂਨੀਵਰਸਿਟੀ ਦੇ ਰਿਸਰਚਰਾਂ ਨੇ ਨਵੀਂ ਕਿਸਮ ਦੀ ਪੀਜੋਇਲੈਕਟ੍ਰਿਕ ਨੈਨੋਜੇਨਰੇਟਰ ਵਿਕਸਤ ਕੀਤੇ, ਜਿਹੜੇ ਨੁਕਸਾਨਦੇਹ ਨਹੀਂ ਬਲਕਿ ਜੈਵਿਕ ਜੀਵਨ ਵਿੱਚ ਉਪਯੋਗੀ ਹਨ। ਰਿਸਰਚਰਾਂ ਨੇ ਅਨੁਮਾਨ ਲਾਇਆ ਹੈ ਕਿ ਵਰਤਮਾਨ ਤਕਨੋਲਜੀ ਤੋਂ ਇਸ ਤਰ੍ਹਾਂ ਦੇ ਉਪਕਰਨ ਬਣਾਉਣ ਦਾ ਖ਼ਰਚ ਇੱਕ ਰੁਪਏ ਤੋਂ ਵੀ ਘੱਟ ਆਵੇਗਾ। ਇਸ ਨਾਲ ਆਰਥਿਕ ਰੂਪ ਵਿੱਚ ਪਿਛੜੇ ਲੋਕ ਵੀ ਇਸ ਉਪਕਰਨ ਦੀ ਵਰਤੋਂ ਕਰ ਸਕਣਗੇ।

ਇਹ ਉਪਕਰਨ ਬਣਾਉਣ ਲਈ ਆਈਆਈਟੀ ਦੇ ਰਿਸਰਚ ਨੇ ਪਿਆਜ਼ ਦੀ ਛਿਲਕੇ ਉੱਤੇ ਪਹਿਲਾਂ ਸੋਨੇ ਦੀ ਪਰਤ ਚੜ੍ਹਾਈ। ਇਸ ਮਗਰੋਂ ਉਨ੍ਹਾਂ ਨੇ ਚਾਂਦੀ ਦੇ ਪੇਸਟ ਨਾਲ ਤਾਂਬੇ ਦੀ ਤਾਰ ਇਸ ਵਿੱਚ ਮਿਲਾ ਦਿੱਤੀ। ਇਸ ਨੈਨੋਜੈਨਰੇਟਰ ਕਈ ਤਰ੍ਹਾਂ ਦੀ ਯਾਂਤਰਿਕ ਊਰਜਾ ਨੂੰ ਬਿਜਲੀ ਵਿੱਚ ਬਦਲਣ ਦੇ ਸਮਰੱਥ ਹੈ। ਇਸ ਵਿੱਚ ਸਰੀਰ ਦੀ ਹਲਚਲ, ਹਵਾ ਦਾ ਪ੍ਰਵਾਹ ਤੇ ਮਸ਼ੀਨਾਂ ਦਾ ਕੰਪਨ ਸ਼ਾਮਲ ਹੈ। ਨੈਨੋ ਐਨਰਜੀ ਪੱਤ੍ਰਿਕਾ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਦੇ ਮੁਤਾਬਕ ਖ਼ੋਜੀਆਂ ਵੱਲੋਂ ਵਿਕਸਤ ਉਪਕਰਨ 18 ਵੋਲਟ ਦੀ ਬਿਜਲੀ ਪੈਦਾ ਕਰਦਾ ਹੈ, ਜਿਹੜਾ 30 ਐਲਈਡੀ ਬੱਤੀਆਂ ਨੂੰ ਔਨ ਕਰ ਸਕਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:ABP Sanjha