ਪਰਾਲੀ ਮੁੱਦਾ: ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਵੈਨਾਂ ਚਲਾਈਆਂ

October 03 2017

 By: Punjabi Tribune Date: 3 Oct 2017 

ਜਗਰਾਉਂ,-ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਚੁਕਾਈ, ਅਦਾਇਗੀ ਤੇ ਖ਼ਰੀਦ ਨਾਲੋਂ ਪਰਾਲੀ ਤੇ ਖੇਤੀ ਦੀ ਹੋਰ ਰਹਿੰਦ-ਖੂੰਹਦ ਦਾ ਮਾਮਲਾ ਵਧੇਰੇ ਚਰਚਿਤ ਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਰਕਾਰ ਪਰਾਲੀ ਸਾੜਨ ਖ਼ਿਲਾਫ਼ ਤਾਂ ਸਖ਼ਤ ਹੋ ਗਈ ਹੈ ਪਰ ਗਰੀਨ ਟ੍ਰਿਬਿਊਨਲ ਵੱਲੋਂ ਸਿਰ ਪਾਈ ਜ਼ਿੰਮੇਵਾਰੀ ਮੰਨਣ ਤੋਂ ਇਨਕਾਰੀ ਹੈ। ਕਿਸਾਨ ਵੀ ਸਸਤਾ ਤੇ ਸੁਖਾਲਾ ਬਦਲ ਨਾ ਹੋਣ ਦੀ ਦੁਹਾਈ ਪਾਉਂਦਿਆਂ ਪਰਾਲੀ ਸਾੜਨ ਲਈ ਬਾਜ਼ਿੱਦ ਹਨ।

ਖੇਤੀਬਾੜੀ ਵਿਭਾਗ ਨੇ ਅੱਜ ਇੱਥੇ ਪ੍ਰਚਾਰਕ ਵੈਨਾਂ ਨੂੰ ਪਿੰਡਾਂ ਵੱਲ ਤੋਰਿਆ ਤਾਂ ਜੋ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਪ੍ਰੇਰਿਤ ਕੀਤਾ ਜਾ ਸਕੇ। ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ‘ਤੇ ਸਥਾਨਕ ਖੇਤੀਬਾੜੀ ਵਿਭਾਗ ਨੇ ਇਹ ਜਾਗਰੂਕਤਾ ਮੁਹਿੰਮ ਵਿੱਢੀ ਹੈ। ਪ੍ਰਚਾਰਕ ਵੈਨ ਨੂੰ ਤਹਿਸੀਲਦਾਰ ਜੋਗਿੰਦਰ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਸਾਨਾਂ ਨੂੰ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਫ਼ੈਸਲੇ ਨੂੰ ਮੰਨਦਿਆਂ ਪਰਾਲੀ ਨੂੰ ਅੱਗ ਨਾ ਲਾਉਣ ਲਈ ਕਿਹਾ। ਬਲਾਕ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਅੱਗ ਲਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਉਥੇ ਜ਼ਮੀਨ ਵਿੱਚ ਜ਼ਰੂਰੀ ਤੱਤ ਸੜ ਕੇ ਨਸ਼ਟ ਹੋ ਜਾਂਦੇ ਹਨ।

ਜ਼ਹਿਰੀਲੀ ਗੈਸ ਪੈਦਾ ਹੁੰਦੀ ਹੈ ਜਿਸ ਦਾ ਮੁੱਨਖੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਵਾਤਾਵਰਨ ਵਿੱਚ ਤਾਪਮਾਨ ਦਾ ਵਾਧਾ ਹੁੰਦਾ ਹੈ, ਮਿੱਤਰ ਕੀੜੇ ਤੇ ਜੀਵ ਜੰਤੂ ਮਰ ਜਾਂਦੇ ਹਨ। ਡਾ. ਗੁਰਮੁੱਖ ਸਿੰਘ ਨੇ ਪਰਾਲੀ ਦਾ ਕੁਤਰਾ ਕਰਨ ਵਾਲੀਆਂ ਮਸ਼ੀਨਾਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਕਣਕ ਦੀ ਬਿਜਾਈ ਬਿਨਾਂ ਜ਼ਮੀਨ ਵਾਹੇ ਹੈਪੀਸੀਡਰ ਜਾਂ ਰੋਟੋਡਰਿੱਲ ਨਾਲ ਕੀਤੀ ਜਾ ਸਕਦੀ ਹੈ। ਇਸ ਨਾਲ ਨਦੀਨਾਂ ਦੀ ਸਮੱਸਿਆ ਵੀ ਹੱਲ ਹੋਵੇਗੀ। ਡਾ. ਰਮਿੰਦਰ ਸਿੰਘ ਨੇ ਜ਼ਮੀਨ ਵਿੱਚ ਪਰਾਲੀ ਮਿਲਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਣ ਦੀ ਗੱਲ ਆਖੀ। ਮਾਰਕੀਟ ਕਮੇਟੀ ਦੇ ਸੈਕਟਰੀ ਜਸਮੀਤ ਸਿੰਘ ਗਰੇਵਾਲ ਨੇ ਕਿਸਾਨਾਂ ਨੂੰ ਸੁੱਕਾ ਝੋਨਾ ਮੰਡੀ ਵਿੱਚ ਲਿਆਉਣ ਦੀ ਅਪੀਲ ਕੀਤੀ।

ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਸਨਵਿੰਦਰਪਾਲ ਸਿੰਘ, ਪਰਮਿੰਦਰ ਸਿੰਘ, ਹਰਮਨਪ੍ਰੀਤ ਕੌਰ, ਗਿਆਨ ਸਿੰਘ, ਕਿਸਾਨ ਜਗਪਾਲ ਸਿੰਘ, ਅਵਤਾਰ ਸਿੰਘ ਆਦਿ ਮੌਜੂਦ ਸਨ। ਅਕਾਲੀ ਦਲ ਦੇ ਕਿਸਾਨ ਵਿੰਗ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਚਕਰ ਨੇ ਕਿਹਾ ਕਿ ਸਰਕਾਰ ਪਰਾਲੀ ਨਾ ਸਾੜਨ ਬਦਲੇ ਮੁਆਵਜ਼ੇ ਤੇ ਮਸ਼ੀਨਾਂ ਬਾਰੇ ਗਰੀਨ ਟ੍ਰਿਬਿਊਨਲ ਵੱਲੋਂ ਦਿੱਤੀਆਂ ਹਦਾਇਤਾਂ ‘ਤੇ ਵੀ ਸਥਿਤੀ ਸਪੱਸ਼ਟ ਕਰੇ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।