ਪਰਾਲੀ ਨੂੰ ਅੱਗ ਲਗਾਏ ਬਿਨਾਂ ਕਣਕ ਦਾ ਵੱਧ ਝਾੜ ਲੈਂਦਾ ਇਹ ਕਿਸਾਨ

October 24 2017

 Date: 24 oct 2017

ਬਟਾਲਾ – ਬਟਾਲਾ ਦੇ ਪਿੰਡ ਸ਼ੇਖੂਪੁਰ ਦੇ ਵਸਨੀਕ ਅਗਾਂਹਵਧੂ ਨੌਜਵਾਨ ਕਿਸਾਨ ਗੁਰਜਿੰਦਰ ਸਿੰਘ ਨੇ ਪਿਛਲੇ ਸਾਲ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜੇ ਬਗੈਰ ਪੀ.ਏ.ਯੂ ਲੱਕੀ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਨਾ ਸਿਰਫ ਵਾਤਾਵਰਣ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਇਆ ਸਗੋਂ ਖੇਤੀ ਲਾਗਤ ਖਰਚੇ ਘਟਾ ਕੇ ਆਪਣੀ ਸ਼ੁੱਧ ਖੇਤੀ ਵਿੱਚ ਵਾਧਾ ਕੀਤਾ ਹੈ।

ਕਣਕ ਦੀ ਬਿਜਾਈ ਝੋਨੇ ਦੀ ਪਰਾਲੀ ਨੂੰ ਸਾੜੇ ਬਗੈਰ ਕਰਨ ਦੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਵਿਭਾਗ ਵੱਲੋਂ ਚਲਾਏ ਜਾ ਰਹੇ ਵਟਸਐਪ ਸਮੂਹ ਨਾਲ ਜੁੜਿਆ ਹੋਇਆ ਹੈ ਜਿਥੇ ਰੋਜ਼ਾਨਾਂ ਕਿਸੇ ਨਾ ਕਿਸੇ ਖੇਤੀ ਵਿਸ਼ੇ ‘ਤੇ ਚਰਚਾ ਹੁੰਦੀ ਰਹਿੰਦੀ ਹੈ, ਜਿਸ ਨਾਲ ਖੇਤੀਬਾੜੀ ਸੰਬੰਧੀ ਨਵੀਨਤਮ ਤਕਨੀਕਾਂ ਬਾਰ ਜਾਣਕਾਰੀ ਮਿਲਦੀ ਰਹਿੰਦੀ ਹੈ।

ਉਸਨੇ ਦੱਸਿਆ ਕਿ ਖੇਤੀ ਮਾਹਿਰਾਂ ਵੱਲੋਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਬਾਰੇ ਪਤਾ ਲੱਗਣ ‘ਤੇ ਉਸਨੇ ਪਿਛਲੇ ਸਾਲ ਆਪਣੇ ਖੇਤਾਂ ‘ਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਬਿਨਾਂ ਝੋਨੇ ਦੀ ਪਰਾਲੀ ਸਾੜੇ ਕੀਤੀ, ਜਿਸ ਨਾਲ ਉਸਦੇ ਖੇਤੀ ਲਾਗਤ ਖਰਚੇ ਘੱਟ ਹੋਏ ਹਨ ਅਤੇ ਜ਼ਮੀਨ ਦੀ ਸਿਹਤ ਵੀ ਸੁਧਰੀ ਹੈ।

ਕਿਸਾਨ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਝੋਨੇ ਦੇ ਮੁੱਢ ਅਤੇ ਫੂਸ ਖੇਤ ਵਿੱਚ ਕਣਕ ਦੀ ਬਿਜਾਈ ਤੋਂ ਪਹਿਲਾਂ ਕਟਰ ਕਮ ਸ਼ਰੈਡਰ ਨਾਲ ਦੋ ਵਾਰ ਕੁਤਰ ਕੇ ਬਰਾਬਰ ਖਿਲਾਰ ਦਿੱਤੀ ਗਈ ਸੀ। ਉਨਾਂ ਕਿਹਾ ਕਿ 40 ਕਿਲੋ ਕਣਕ ਦਾ ਬੀਜ ਪ੍ਰਤੀ ਏਕੜ ਹੈਪੀ ਸੀਡਰ ਮਸ਼ੀਨ ਨਾਲ ਬੀਜ ਦਿੱਤਾ ਜਿਸ ‘ਤੇ ਤਕਰੀਬਨ ਡੇਢ ਘੰਟਾ ਇੱਕ ਏਕੜ ਕਣਕ ਬੀਜਣ ਤੇ ਸਮਾਂ ਲੱਗਾ, ਜਦ ਕਿ ਆਮ ਹਾਲਾਤਾਂ ਵਿੱਚ ਡਰਿਲ ਨਾਲ ਕਣਕ ਦੀ ਬਿਜਾਈ ਕਰਨ ਤੇ 45 ਮਿੰਟ ਪ੍ਰਤੀ ਏਕੜ ਕਣਕ ਬੀਜਣ ਤੇ ਲੱਗਦੇ ਹਨ। ਉਨਾਂ ਦੱਸਿਆ ਕਿ ਬਿਜਾਈ ਸਮੇਂ ਹੀ 50 ਕਿਲੋ ਡਾਇਆ ਖਾਦ ਕੇਰ ਦਿੱਤੀ ਸੀ। ਉਨਾਂ ਕਿਹਾ ਕਿ ਟ੍ਰੈਕਟਰ ਆਪਣਾ ਹੋਣ ਕਾਰਨ ਕਟਰ ਕਮ ਸ਼ਰੈਡਰ ਦਾ ਕਿਰਾਇਆ ਪ੍ਰਤੀ ਘੰਟਾ 60/- ਦਿੱਤਾ ਗਿਆ।

ਉਨਾਂ ਕਿਹਾ ਕਿ ਕਣਕ ਦੀ ਫਸਲ ਨੂੰ 40 ਦਿਨਾਂ ਬਾਅਦ 60 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਪਾ ਕੇ ਪਹਿਲਾ ਪਾਣੀ ਲਗਾ ਦਿੱਤਾ ਗਿਆ। ਗੁਰਜਿੰਦਰ ਸਿੰਘ ਨੇ ਦੱਸਿਆ ਕਿ ਖੇਤ ਵਿੱਚ ਪਰਾਲੀ ਦੀ ਤਹਿ ਵਿਛ ਜਾਣ ਕਾਰਨ ਨਦੀਨ ਨਹੀਂ ਉੱਗੇ, ਜਿਸ ਕਾਰਨ ਨਦੀਨਨਾਸ਼ਕ ਦੇ ਛਿੜਕਾਅ ਦੀ ਜ਼ਰੂਰਤ ਨਹੀਂ ਪਈ। ਉਨਾਂ ਕਿਹਾ ਕਿ ਜੇਕਰ ਅਗੇਤਾ ਪਾਣੀ ਲਗਾਵਾਂਗੇ ਤਾਂ ਕਣਕ ਦੀ ਫਸਲ ਪੀਲੀ ਪੈ ਕੇ ਵਾਧਾ ਰੁਕ ਜਾਂਦਾ ਹੈ।

ਉਨਾ ਦੱਸਿਆ ਕਿ ਯੂਰੀਆ ਦੀ ਦੂਜੀ ਕਿਸ਼ਤ ਦੂਜੇ ਪਾਣੀ ਤੋਂ ਪਹਿਲਾਂ ਪਾ ਕੇ ਪਾਣੀ ਲਗਾ ਦਿੱਤਾ। ਉਨਾਂ ਕਿਹਾ ਕਿ ਦੂਜਾ ਪਾਣੀ ਖੇਤ ਦੀ ਮਿੱਟੀ ਦੀ ਕਿਸਮ ਤੇ ਨਿਰਭਰ ਕਰਦਾ ਹੈ। ਉਨਾਂ ਕਿਹਾ ਕਿ ਫਸਲ ਨੂੰ ਚੂਹੇ ਅਤੇ ਗੁਲਾਬੀ ਸੁੰਡੀ ਨੇ ਕੋਈ ਨੁਕਸਾਨ ਨਹੀਂ ਕੀਤਾ, ਜਿਸ ਕਾਰਨ ਕਿਸੇ ਕਿਸਮ ਦੀ ਕੋਈ ਕੀਟਨਾਸ਼ਕ ਦਵਾਈ ਨਹੀਂ ਵਰਤੀ ਗਈ। ਉਨਾਂ ਕਿਹਾ ਕਿ ਇਸ ਤਰੀਕੇ ਨਾਲ ਬੀਜੀ ਕਣਕ ਦਾ ਝਾੜ ਦੂਜੀ ਤਰਾਂ ਬੀਜੀ ਕਣਕ ਦੇ ਬਰਾਬਰ ਹੀ ਨਿਕਲਿਆ ਪਰ ਖੇਤੀ ਲਾਗਤ ਖਰਚੇ ਘੱਟਣ ਨਾਲ ਸ਼ੁੱਧ ਖੇਤੀ ਆਮਦਨ ਵਿੱਚ ਵਾਧਾ ਹੋਇਆ।

ਕਿਸਾਨ ਗੁਰਜਿੰਦਰ ਸਿੰਘ ਨੇ ਕਿਹਾ ਕਿ ਇਸ ਤਰੀਕੇ ਨਾਲ ਕਣਕ ਬੀਜਣ ਨਾਲ ਸਮੇਂ ਦੇ ਨਾਲ ਪਾਣੀ ਦੀ ਵੀ ਵੱਡੇ ਪੱਧਰ ਤੇ ਬੱਚਤ ਹੁੰਦੀ ਹੈ। ਉਨਾ ਕਿਹਾ ਕਿ ਝੋਨੇ ਦੀ ਪਰਾਲੀ ਖੇਤ ਵਿੱਚ ਹੀ ਸਾਂਭੀ ਜਾਣ ਕਾਰਨ ਜ਼ਮੀਨ ਦੀ ਸਿਹਤ ਵਿੱਚ ਵਿੱਚ ਸੁਧਾਰ ਹੋਇਆ ਹੈ। ਉਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਸਾੜੇ ਬਗੈਰ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਉਹ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਬਣਦਾ ਹਿੱਸਾ ਜ਼ਰੂਰ ਪਾਉਣ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: ABPSanjha