ਪਰਾਲੀ ਦੇ ਧੂੰਏਂ ਕਾਰਨ ਖੇਤਾਂ ਵਿੱਚ ਪਲਟੀ ਕਾਰ

November 16 2018

ਇਥੋਂ ਨੇੜਲੇ ਪਿੰਡ ਤਾਰੇਵਾਲਾ ਵਿੱਚ ਪਰਾਲੀ ਦੇ ਧੂੰਏਂ ਦੀ ਲਪੇਟ ’ਚ ਆਈ ਅਲਟੋ ਕਾਰ ਬੇਕਾਬੂ ਹੋ ਖੇਤਾਂ ਜਾ ਵੜੀ ਅਤੇ ਸੜ ਕੇ ਸੁਆਹ ਹੋ ਗਈ। ਇਸ ਕਾਰ ਵਿੱਚ ਸਵਾਰ ਬਜ਼ੁਰਗ ਜੋੜਾ ਝੁਲਸ ਗਿਆ ਤੇ ਦੋ ਹੋਰ ਔਰਤਾਂ ਨੂੰ ਲੋਕਾਂ ਨੇ ਬਚਾਅ ਲਿਆ। ਪੀੜਤ ਜੋੜੇ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹ ਪਰਿਵਾਰ ਗਮੀ ਸਮਾਗਮ ’ਚ ਸ਼ਾਮਲ ਹੋਣ ਬਾਅਦ ਘਰ ਪਰਤ ਰਿਹਾ ਸੀ।

ਇਥੇ ਸਿਵਲ ਹਸਪਤਾਲ ਵਿੱਚ ਦਾਖਲ ਸੇਵਾ ਮੁਕਤ ਅਧਿਆਪਕ ਨਿਹਾਲ ਸਿੰਘ (70) ਪਿੰਡ ਰਾਊਕੇ ਕਲਾਂ ਨੇ ਦੱਸਿਆ ਕਿ ਉਸਦੀ ਭੈਣ ਜੰਗੀਰ ਕੌਰ ਜੋ ਪਿੰਡ ਸਿੰਘਾਂਵਾਲਾ ਵਿੱਚ ਵਿਆਹੀ ਹੋਈ ਸੀ, ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਉਹ ਆਪਣੀ ਪਤਨੀ ਪਰਮਜੀਤ ਕੌਰ, ਭੈਣ ਜਸਵੰਤ ਕੌਰ ਤੇ ਜਸਵੀਰ ਕੌਰ ਨਾਲ ਆਪਣੀ ਅਲਟੋ ਕਾਰ ’ਚ ਪਿੰਡ ਸਿੰਘਾਂਵਾਲਾ ਵਿੱਚ ਅਸਥੀਆਂ ਚੁਗਾਉਣ ਬਾਅਦ ਵਾਪਸ ਪਰਤ ਰਹੇ ਸੀ। ਉਹ ਜਦੋਂ ਪਿੰਡ ਤਾਰੇਵਾਲਾ ਲਿੰਕ ਰੋਡ ਉੱਤੇ ਪਹੁੰਚੇ ਤਾਂ ਉਥੇ ਖੇਤ ਵਿੱਚ ਪਰਾਲੀ ਦੀ ਅੱਗ ਦਾ ਧੂੰਆਂ ਸੜਕ ’ਚ ਫੈਲਿਆ ਹੋਇਆ ਸੀ। ਇਸ ਧੂੰਏਂ ਕਾਰਨ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਖੇਤ ਵਿੱਚ ਪਲਟ ਗਈ। ਇਸ ਮੌਕੇ ਰਾਹਗੀਰਾਂ ਤੇ ਆਸ ਪਾਸ ਖੇਤ ’ਚ ਕੰਮ ਕਰਦੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਕਾਰ ਵਿੱਚੋਂ ਬਾਹਰ ਕੱਢ ਲਿਆ ਤੇ ਖੇਤ ’ਚ ਪਲਟੀ ਕਾਰ ਸੜ ਕੇ ਸਵਾਹ ਹੋ ਗਈ।

ਕੁਝ ਦਿਨਾਂ ਤੋਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੇ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਧੂੜ ਦੀ ਇੱਕ ਚਾਦਰ ਵਿਛੀ ਹੋਈ ਹੈ ਤੇ ਇਸ ਧੂੰਏਂ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਗਈ ਹੈ। ਇਸ ਘੱਟਾ ਮਿੱਟੀ ਤੇ ਧੂੰਏਂ ਕਾਰਨ ਅਸਮਾਨ ਉੱਪਰ ਇਸ ਤਰ੍ਹਾਂ ਚੜ੍ਹਿਆ ਹੋਇਆ ਹੈ ਕਿ ਇਸ ਨੇ ਹੁਣ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਕਰ ਦਿੱਤਾ ਹੈ ਤੇ ਅਸਮਾਨ ਨੂੰ ਇਸ ਚਿੱਟੀ ਚਾਦਰ ਨੇ ਢੱਕਿਆ ਹੋਇਆ ਹੈ। ਇਸ ਚਿੱਟੇ ਧੂੰਏਂ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸ ਕਾਰਨ ਸੜਕਾਂ ’ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਿੰਡ ਕਲਿਆਣ ਸੁੱਖਾ ’ਚ ਅੱਜ ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰੱਕ ਨੂੰ ਅੱਗ ਲੱਗ ਗਈ। ਤਾਰਾਂ ਨੀਵੀਆਂ ਹੋਣ ਕਾਰਨ ਇਹ ਅੱਗ ਲੱਗੀ। ਰਾਮਪੁਰਾ ਫੂਲ, ਲਹਿਰਾ ਮੁਹੱਬਤ ਅਤੇ ਬਠਿੰਡਾ ਤੋਂ ਆਈਆਂ ਫਾਇਰ ਬਰਗੇਡ ਦੀਆਂ ਗੱਡੀਆਂ ਨੇ ਲੋਕਾਂ ਦੇ ਸਹਿਯੋਗ ਨਾਲ ਇਸ ਅੱਗ ‘ਤੇ ਕਾਬੂ ਪਾਇਆ। ਡਰਾਈਵਰ ਦੀ ਚੌਕਸੀ ਕਾਰਨ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਪਿੰਡ ਕਲਿਆਣ ਸੁੱਖਾ ਦੇ ਮੋਹਤਮ ਸਿੰਘ ਨਾਮੀ ਕਿਸਾਨ ਨੇ ਆਪਣੇ ਖੇਤਾਂ ’ਚੋਂ ਝੋਨੇ ਦੀਆਂ ਪਰਾਲੀਆਂ ਦੀਆਂ ਗੱਠਾਂ ਬੰਨ੍ਹ ਕੇ ਸੁਖਬੀਰ ਐਗਰੋ ਐਨਰਜੀ ਸੱਦਾ ਸਿੰਘ ਵਾਲਾ (ਜੈਤੋ) ਭੇਜਣੀਆਂ ਸਨ। ਖੇਤ ਵਿੱਚੋਂ ਦੋ ਵੱਡੇ ਟਰਾਲੇ (ਘੋੜੇ) ਪਰਾਲੀਆਂ ਦੀਆਂ ਗੱਠਾਂ ਨਾਲ ਭਰ ਕੇ ਭੇਜੇ ਜਾ ਰਹੇ ਸਨ ਕਿ ਇਨ੍ਹਾਂ ਵਿੱਚੋਂ ਇੱਕ ਟਰਾਲਾ ਤਾਂ ਅੱਗੇ ਲੰਘ ਗਿਆ ਜਦੋਂਕਿ ਦੂਜਾ (ਪੀਬੀ04ਵੀ-6692) ਕਲਿਆਣ ਸੁੱਖਾ ਬੱਸ ਅੱਡੇ ਨੇੜੇ ਮੇਨ ਸੜਕ ਤੋਂ ਲੰਘਣ ਸਮੇਂ ਬਿਜਲੀ ਦੀਆਂ ਤਾਰਾਂ ਨਾਲ ਲੱਗ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਬਿਜਲੀ ਦੀਆਂ ਤਾਰਾਂ ਨੀਵੀਆਂ ਸਨ ਜਦੋਂਕਿ ਟਰਾਲੇ ਵਿੱਚ ਲੱਦੀਆਂ ਪਰਾਲੀ ਵਾਲੀਆਂ ਗੱਠਾਂ ਉੱਚੀਆਂ ਸਨ। ਚਸ਼ਮਦੀਦਾਂ ਮੁਤਾਬਕ ਪਰਾਲੀ ਦੀਆਂ ਗੱਠਾਂ ਨਾਲ ਭਰਿਆ ਟਰੱਕ ਜਿਉਂ ਹੀ ਤਾਰਾਂ ਨਾਲ ਲੱਗਿਆ ਤਾਂ ਅੱਗ ਦੇ ਚੰਗਿਆੜੇ ਪਰਾਲੀ ਦੀਆਂ ਗੱਠਾ ’ਤੇ ਡਿੱਗ ਪਏ ਤੇ ਧੂੰਏ ਦੇ ਵੱਡੇ ਗੁਬਾਰ ਉੱਠਣ ਲੱਗੇ। ਇਸੇ ਦੌਰਾਨ ਰਾਮਪੁਰਾ ਫੂਲ, ਲਹਿਰਾ ਮੁਹੱਬਤ ਤੇ ਬਠਿੰਡਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਅੱਗ ਲੱਗਣ ਕਾਰਨ ਟਰਾਲੇ ਦੇ ਦੋ ਟਾਇਰ ਝੁਲਸ ਗਏ।

Source: Punjabi Tribune