ਪਰਾਲੀ ਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਲਈ ਸਰਕਾਰ ਨੇ ਉਲੀਕੀ ਵੱਡੀ ਯੋਜਨਾ

June 02 2018

 ਚੰਡੀਗੜ੍ਹ, ਪੰਜਾਬ ਸਰਕਾਰ ਨੇ ਸਾਲ 2018-19 ਅਤੇ 2019-20 ਦੌਰਾਨ ਝੋਨੇ ਦੀ ਪਰਾਲੀ ਅਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਜ਼ਮੀਨ ਵਿਚ ਮਿਲਾਉਣ ਵਾਲੀ ਖੇਤੀ ਮਸ਼ੀਨਰੀ ਅਤੇ ਔਜਾਰ ਉਪਦਾਨ ਤੇ ਵੰਡਣ ਦੀ ਇਕ ਵੱਡੀ ਯੋਜਨਾ ਲਾਗੂ ਕੀਤੀ ਹੈ। ਇਸ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਦੋ ਸਾਲਾਂ ਵਿਚ 665 ਕਰੋੜ ਰੁਪਏ ਦੀ ਮਸ਼ੀਨਰੀ ਸਹਿਕਾਰੀ ਸਭਾਵਾਂ/ਕਿਸਾਨਾਂ ਦੇ ਗਰੁੱਪ/ ਕਿਸਾਨਾਂ ਨੂੰ ਮੁਹੱਈਆ ਕਰਵਾਏਗੀ। ਇਹ ਐਲਾਨ ਵਧੀਕ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ (ਵਿਕਾਸ), ਵਿਸਵਾਜੀਤ ਖੰਨਾ, ਆਈ.ਏ.ਐਸ, ਨੇ ਅੱਜ ਇਥੇ ਕੀਤਾ। 

ਇਸ ਸਕੀਮ ਤਹਿਤ 8 ਤਰ੍ਹਾਂ ਦੀਆਂ ਖੇਤੀ ਮਸ਼ੀਨਾਂ ਦੀ ਖਰੀਦ ਕਰਨ ਬਾਬਤ ਕਿਸਾਨਾਂ ਨੂੰ ਨਿੱਜੀ ਮਸ਼ੀਨਰੀ ਲੈਣ ਵਾਸਤੇ 50 ਫੀਸਦੀ ਉਪਦਾਨ ਅਤੇ ਸਹਿਕਾਰੀ ਸਭਾਵਾਂ/ ਕਿਸਾਨ ਗਰੁੱਪਾਂ ਨੂੰ ਕਸਟਮ ਹਾਇਰਿੰਗ ਸੈਂਟਰ ਬਣਾਉਣ ਲਈ 80 ਫੀਸਦੀ ਉਪਦਾਨ ਦਿਤਾ ਜਾਵੇਗਾ। ਇਨ੍ਹਾਂ ਸੈਂਟਰਾਂ ਵਿਚ 10 ਲੱਖ ਰੁਪਏ ਤੋਂ ਲੈ ਕੇ 75 ਲੱਖ ਰੁਪਏ ਤੱਕ ਦੀ ਅਜਿਹੀ ਮਸ਼ੀਨਰੀ ਬਹੁ-ਗਿਣਤੀ ਵਿਚ ਖਰੀਦੀ ਜਾ ਸਕੇਗੀ, ਤਾਂ ਜੋ ਆਲੇ-ਦੁਆਲੇ ਦੇ ਕਿਸਾਨਾਂ ਨੂੰ ਇਹ ਮਸ਼ੀਨਾਂ ਕਿਰਾਏ ਤੇ ਉਪਲਬੱਧ ਕਰਵਾਈਆਂ ਜਾ ਸਕਣ।

ਜਿਸ ਵਿਚ ਹੈਪੀ ਸੀਡਰ, ਜ਼ੀਰੋ ਟਿੱਲ ਡਰਿੱਲ, ਕੰਬਾਈਨ ਹਾਰਵੈਸਟਰ ਨਾਲ ਪਰਾਲੀ ਨੂੰ ਕੱਟ ਕੇ ਖਿਲਾਰਣ ਵਾਲਾ ਸੁਪਰ ਐਸ.ਐਮ.ਐਸ, ਪੈਡੀ ਚੌਪਰ ਸ਼ਰੈਡਰ, ਮਲਚਰ, ਰਿਵਰਸੀਬਲ ਪਲਾਓ (ਹਾਈਡਰੋਲਿਕ), ਪੈਡੀ ਕਟਰ ਕਮ ਸਪਰੈਡਰ, ਪੈਡੀ ਸਲੈਸ਼ਰ ਮਸ਼ੀਨਾਂ ਸ਼ਾਮਲ ਹਨ। ਇਹ ਸਾਰੀਆਂ ਮਸ਼ੀਨਾਂ ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਖਾਸ ਕਰਕੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਹੀ ਸੰਭਾਲਣ ਲਈ ਪਿਛਲੇ ਕੁੱਝ ਸਾਲਾਂ ਤੋਂ ਸਫਲ ਹੋਈਆਂ ਹਨ। 

ਇਸ ਸਕੀਮ ਦਾ ਫਾਇਦਾ ਉਠਾਉਣ ਲਈ ਕਿਸਾਨ ਅਤੇ ਕਿਸਾਨਾਂ ਦੇ ਗਰੁੱਪ/ ਸਹਿਕਾਰੀ ਸਭਾਵਾਂ ਅਤੇ ਹੋਰ ਕਿਸਾਨਾਂ ਦੀਆਂ ਸੰਸਥਾਵਾਂ ਖੇਤੀਬਾੜੀ ਵਿਭਾਗ ਦੇ ਬਲਾਕ ਜਾਂ ਜ਼ਿਲ੍ਹਾ ਪੱਧਰ ਦੇ ਦਫਤਰਾਂ ਵਿਚ ਜਾਂ ਖੇਤੀਬਾੜੀ ਵਿਭਾਗ ਦੀ ਵੈੱਬ ਸਾਈਟ ਜਾਂ ਸਕੀਮ ਦੇ ਆਨ ਲਾਈਨ ਪੋਰਟਲ ਵਿਚ 15 ਜੂਨ ਤਕ ਅਰਜ਼ੀ ਪੱਤਰ ਦੇ ਸਕਦੇ ਹਨ। ਇਹ ਸਬਸਿਡੀ ਉਨ੍ਹਾਂ ਕਿਸਾਨਾਂ ਨੂੰ ਮਿਲਣਯੋਗ ਨਹੀਂ ਹੋਵਗੀ ਜਿਨ੍ਹਾਂ ਨੇ ਪਿਛਲੇ 2 ਸਾਲਾਂ ਦੌਰਾਨ ਖੇਤੀਬਾੜੀ ਵਿਭਾਗ ਦੀ ਕਿਸੇ ਨਾ ਕਿਸੇ ਸਕੀਮ ਵਿਚੋਂ ਇਨ੍ਹਾਂ ਚੋਣਵੀਆਂ ਮਸ਼ੀਨਾਂ ਤੇ ਸਬਸਿਡੀ ਪ੍ਰਾਪਤ ਕੀਤੀ ਹੋਵੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Rozana Spokesman