ਪਰਾਲੀ ਅਤੇ ਨਾੜ ਨੂੰ ਬਿਨਾ ਸਾੜੇ ਰੰਗੀਲਪੁਰ ਦੇ ਦੋ ਕਿਸਾਨਾਂ ਭਰਾਵਾਂ ਨੇ ਰਿਕਾਰਡ ਫਸਲੀ ਪੈਦਾਵਾਰ ਕੀਤੀ

September 12 2018

ਦੂਜੇ ਕਿਸਾਨਾਂ ਨੂੰ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ

ਬਟਾਲਾ, 10 ਸਤੰਬਰ (ਰਣਜੀਤ ਸਿੰਘ ਰਾਣਾ)    ਬਟਾਲਾ ਨੇੜਲੇ ਪਿੰਡ ਰੰਗੀਲਪੁਰ ਦੇ ਦੋ ਕਿਸਾਨ ਭਰਾ ਪਿਛਲੇ ਕਈ ਸਾਲਾਂ ਤੋਂ ਆਪਣੇ ਖੇਤਾਂ ਵਿੱਚ ਬਿਨਾ ਪਰਾਲੀ, ਨਾੜ ਸਾੜੇ ਖੇਤੀ ਕਰ ਰਹੇ ਹਨ, ਜਿਸ ਨਾਲ ਜਿਥੇ ਉਹ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਰਹੇ ਹਨ ਉਥੇ ਨਾਲ ਹੀ ਉਨਾਂ ਦੇ ਖੇਤਾਂ ਵਿੱਚੋਂ ਰਿਕਾਰਡ ਫਸਲੀ ਪੈਦਾਵਾਰ ਹੋ ਰਹੀ ਹੈ। ਕਿਸਾਨ ਗੁਰਮੁੱਖ ਸਿੰਘ ਅਤੇ ਉਸਦਾ ਛੋਟਾ ਭਰਾ ਹਰਵਿੰਦਰ ਸਿੰਘ ਦੋਵੇਂ ਮਿਲ ਕੇ 22 ਏਕੜ ਵਿੱਚ ਸਾਂਝੀ ਖੇਤੀ ਕਰ ਰਹੇ ਹਨ ਅਤੇ ਉਨਾਂ ਵਲੋਂ ਫਸਲੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾਏ ਖੇਤੀ ਕਰਨਾ ਇਲਾਕੇ ਦੇ ਕਿਸਾਨਾਂ ਲਈ ਮਿਸਾਲ ਬਣ ਚੁੱਕਾ ਹੈ। 

ਕਿਸਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਖੇਤਾਂ ਵਿੱਚ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਕਾਰਨ ਉਨਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਪੂਰੀ ਤਰਾਂ ਕਾਇਮ ਹੈ, ਜਿਸ ਵਿੱਚ ਅੱਗ ਲਗਾਉਣ ਵਾਲੀਆਂ ਜ਼ਮੀਨਾਂ ਦੇ ਮੁਕਾਬਲੇ ਵੱਧ ਝਾੜ ਨਿਕਲਦਾ ਹੈ। ਉਨਾਂ ਕਿਹਾ ਕਿ ਅੱਗ ਨਾ ਲਗਾਉਣ ਕਾਰਨ ਜ਼ਮੀਨ ਵਿਚਲੇ ਮਿੱਤਰ ਕੀੜੇ ਬਚੇ ਰਹਿੰਦੇ ਹਨ। ਇਸ ਤੋਂ ਇਲਾਵਾ ਵਾਤਾਵਰਨ ਪਲੀਤ ਹੋਣੋ ਬੱਚਦਾ ਹੈ ਅਤੇ ਖੇਤਾਂ ਦੇ ਕਿਨਾਰੇ ਦਰੱਖਤਾਂ ਨੂੰ ਵੀ ਨੁਕਸਾਨ ਨਹੀਂ ਹੁੰਦਾ।

ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਨੂੰ ਕਦੀ ਵੀ ਆਪਣੇ ਖੇਤਾਂ ਵਿੱਚ ਅੱਗ ਨਹੀਂ ਲਗਾਉਂਦੇ। ਉਨਾਂ ਦੱਸਿਆ ਕਿ ਪਿਛਲੇ ਸਾਲ ਵੀ ਉਨਾਂ ਝੋਨੇ ਦੀ ਕਟਾਈ ਤੋਂ ਬਾਅਦ ਹੈਪੀਸੀਡਰ ਅਤੇ ਜੀਰੋ ਡਰਿੱਲ ਨਾਲ ਕਣਕ ਦੀ ਬਿਜਾਈ ਕੀਤੀ ਸੀ ਅਤੇ ਉਨਾਂ ਦੀ ਫਸਲ ਦਾ ਝਾੜ ਔਸਤ ਨਾਲੋਂ ਵੱਧ ਨਿਕਲਿਆ ਸੀ। ਉਨਾਂ ਦੱਸਿਆ ਕਿ ਹੈਪੀਸੀਡਰ ਨਾਲ ਕੀਤੀ ਕਣਕ ਦੀ ਬਿਜਾਈ ਵਿੱਚ ਨਦੀਨ ਵੀ ਨਹੀਂ ਹੁੰਦਾ। ਕਿਸਾਨ ਹਰਵਿੰਰ ਸਿੰਘ ਨੇ ਦੱਸਿਆ ਕਿ ਉਹ ਕੰਬਾਇਨ ਦੁਆਰਾ ਝੋਨੇ ਦੀ ਬਿਜਾਈ ਤੋਂ ਫੋਰਨ ਬਾਅਦ ਤਵਿਆਂ ਦੀ ਮਦਦ ਨਾਲ ਪਰਾਲੀ ਨੂੰ ਖੇਤ ਵਿੱਚ ਕੁਤਰਾ ਕਰ ਦਿੰਦੇ ਹਨ ਅਤੇ ਜੇਕਰ ਕਿਸੇ ਖੇਤ ਵਿੱਚ ਪਰਾਲੀ ਜਿਆਦਾ ਹੋਵੇ ਤਾਂ ਉਸ ਨੂੰ ਹੱਲਾਂ ਦੁਆਰਾ ਖੇਤ ਦੀ ਇੱਕ ਨੁੱਕਰੇ ਇਕੱਠਾ ਕਰ ਲਿਆ ਜਾਂਦਾ ਹੈ ਅਤੇ ਫਿਰ ਉਸ ਨੂੰ ਵੇਸਟ ਡੀ-ਕੰਪੋਜਰ ਰਾਹੀਂ ਡੀ-ਕੰਪੋਸਟ ਕਰਕੇ ਰੂੜੀ ਤਿਆਰ ਕਰ ਲਈ ਜਾਂਦੀ ਹੈ। ਇਸ ਤਰੀਕੇ ਨਾਲ ਖੇਤ ਬੜੀ ਅਸਾਨੀ ਨਾਲ ਅਗਲੀ ਫਸਲ ਦੀ ਬਿਜਾਈ ਲਈ ਤਿਆਰ ਹੋ ਜਾਂਦਾ ਹੈ।

ਰੰਗੀਲਪੁਰਾ ਦੇ ਕਿਸਾਨ ਭਰਾਵਾਂ ਨੇ ਕਿਹਾ ਕਿ ਬਿਨਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਸਫ਼ਲਤਾ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਤਾਂ ਹੈਪੀ ਸੀਡਰ, ਚੌਪਰ, ਮਲਚਰ, ਉਲਟਾਵੀ ਹੱਲ ਆਦਿ ਖੇਤੀ ਸੰਦ ਵੀ ਫਸਲਾਂ ਦੀ ਬਿਜਾਈ ਲਈ ਉਪਲੱਬਧ ਹਨ ਅਤੇ ਪੰਜਾਬ ਸਰਕਾਰ ਵੱਲੋਂ ਪਰਾਲੀ ਦੀ ਸੰਭਾਲ ਲਈ ਖੇਤੀ ਮਸ਼ੀਨਰੀ ਖਰੀਦਣ ’ਤੇ ਸਮੂਹ ਵਿੱਚ 80 ਫੀਸਦੀ ਅਤੇ ਵਿਅਕਤੀਗਤ ਤੌਰ ’ਤੇ ਕਿਸਾਨ ਨੂੰ 50 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਤੋਂ ਬਾਅਦ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾ ਕੇ ਆਪਣਾ ਅਤੇ ਵਾਤਾਵਰਨ ਦਾ ਨੁਕਸਾਨ ਨਾ ਕਰਨ। 

Source: Border News