ਨਾਗਪੁਰ ਫਰਮ ਨਾਲ ਪੀਏਯੂ ਦਾ ਹਾਈਬ੍ਰਿਡ ਮਿਰਚਾਂ ਦੇ ਬੀਜਾਂ ਸੰਬੰਧੀ ਸਮਝੌਤਾ

November 01 2017

 ਲੁਧਿਆਣਾ 1 ਨਵੰਬਰ- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਅੰਕੁਰ ਸੀਡਜ਼ ਪ੍ਰਾਈਵੇਟ ਲਿਮਿਟਡ ਨਾਗਪੁਰ ਨਾਲ ਇੱਕ ਸਮਝੌਤਾ ਸਹੀਬੱਧ ਹੋਇਆ । ਮਿਰਚਾਂ ਦੇ ਹਾਈਬ੍ਰਿਡ ਸੀ ਐਚ-27 ਦੇ ਵਪਾਰੀਕਰਨ ਲਈ ਹੋਏ ਇਸ ਸਮਝੌਤੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਅੰਕੁਰ ਸੀਡਜ਼ ਪ੍ਰਾਈਵੇਟ ਲਿਮਿਟਡ ਵੱਲੋਂ ਡਾ. ਅਸ਼ਵਿਨ ਕਾਸ਼ੀਕਰ ਨੇ ਨੁਮਾਇੰਦਿਆਂ ਵਜੋਂ ਸਹੀ ਪਾਈ । ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਦੀ ਅਗਵਾਈ ਵਿੱਚ ਹੋਈ ਇਸ ਸੰਧੀ ਵੇਲੇ ਡਾ. ਅਸ਼ੋਕ ਕੁਮਾਰ ਨਿਰਦੇਸ਼ਕ ਪਸਾਰ ਸਿੱਖਿਆ ਵੀ ਹਾਜ਼ਰ ਸਨ । 

ਪੀਏਯੂ ਦੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਏ ਐਸ ਢੱਟ ਨੇ ਕਿਹਾ ਕਿ ਸੀ ਐਚ-27 ਦੇ ਵਪਾਰੀਕਰਨ ਸੰਬੰਧੀ ਅਜਿਹੇ 6 ਸਮਝੌਤੇ ਹੋ ਚੁੱਕੇ ਹਨ । ਸਬਜ਼ੀਆਂ ਦੇ ਬਰੀਡਰ ਡਾ. ਸਲੇਸ਼ ਜਿੰਦਲ ਨੇ ਦੱਸਿਆ ਕਿ ਮਿਰਚਾਂ ਦੀ ਇਸ ਕਿਸਮ ਦਾ ਝਾੜ ਬਹੁਤ ਵਧੀਆ ਹੈ ਅਤੇ ਮਿਆਰ ਪੱਖੋਂ ਇਹ ਚੰਗੀ ਕਿਸਮ ਹੈ ਜੋ ਪੱਤੇ ਦੇ ਝੁਰੜ ਰੋਗ ਨੂੰ ਸਹਿਣ ਦੀ ਸਮਰੱਥਾ ਰੱਖਦੀ ਹੈ । ਇਹ ਮਿਰਚਾਂ ਸਕਾਉਣ ਅਤੇ ਪ੍ਰੋਸੈਸਿੰਗ ਦੇ ਨੁਕਤੇ ਤੋਂ ਚੰਗੀ ਕੁਆਲਿਟੀ ਦੀਆਂ ਹਨ । 

ਤਕਨਾਲੋਜੀ, ਮਾਰਕੀਟਿੰਗ ਅਤੇ ਆਈ ਪੀ ਆਰ ਦੇ ਅਡਜੰਕਟ ਪ੍ਰੋਫੈਸਰ ਡਾ. ਐਸ ਐਸ ਚਾਹਲ ਨੇ ਦੱਸਿਆ ਕਿ ਸਬਜ਼ੀ ਵਿਗਿਆਨ ਵਿਭਾਗ ਵੱਖ-ਵੱਖ ਸਬਜ਼ੀਆਂ ਦੇ ਬੀਜਾਂ ਦੇ ਵਪਾਰੀਕਰਨ ਸੰਬੰਧੀ ਵੱਖ-ਵੱਖ ਕੰਪਨੀਆਂ ਨਾਲ ਅਜਿਹੇ 14 ਸਮਝੌਤੇ ਕਰ ਚੁੱਕਾ ਹੈ । ਕੁੱਲ ਮਿਲਾ ਕੇ ਯੂਨੀਵਰਸਿਟੀ ਹਾਈਬ੍ਰਿਡ ਬੀਜਾਂ/ਕਿਸਮਾਂ ਦੇ ਵਪਾਰੀਕਰਨ ਸੰਬੰਧੀ 70 ਤੋਂ ਵੱਧ ਅਜਿਹੇ ਸਮਝੌਤੇ ਵੱਖ-ਵੱਖ ਫਰਮਾਂ ਨਾਲ ਕਰ ਚੁੱਕੀ ਹੈ ।