ਨਰਮੇ ਵਿਚ ਚਿੱਟੀ ਮੱਖੀ ਦੀ ਰੋਕਥਾਮ

July 26 2018

ਸਰਵਪੱਖੀ ਰੋਕਥਾਮ

* ਚਿੱਟੀ ਮੱਖੀ ਦੀ ਸੁਚੱਜੀ ਰੋਕਥਾਮ ਲਈ ਹੇਠਾਂ ਦਿੱਤੀ ਕਾਰਜਨੀਤੀ ਨੂੰ ਅਪਣਾਓ। ਨਾਈਟ੍ਰੋਜਨ ਖਾਦ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ ਕਿਉਂਕਿ ਇਸ ਨਾਲ ਕੀੜੇ-ਮਕੌੜੇ ਵੱਧ ਹਮਲਾ ਕਰਦੇ ਹਨ। ਸਿੰਚਾਈ ਲੋੜ ਮੁਤਾਬਕ ਹੀ ਕਰੋ ਅਤੇ ਆਲਾ-ਦੁਆਲਾ ਸਾਫ ਰੱਖੋ ਤਾਂ ਜੋ ਚਿੱਟੀ ਮੱਖੀ ਦਾ ਹਮਲਾ ਜਲਦੀ ਨਾ ਹੋਵੇ।

* ਨਰਮੇ ਦਾ ਜ਼ਿਆਦਾ ਝਾੜ ਲੈਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ (13:0:45) ਦੇ ਚਾਰ ਛਿੜਕਾਅ ਇਕ-ਇਕ ਹਫਤੇ ਦੇ ਵਕਫੇ ਤੇ ਕਰੋ ਅਤੇ ਪਹਿਲਾ ਛਿੜਕਾਅ ਫੁੱਲ ਆਉਣ ਤੇ ਕਰੋ।

* ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈਆਂ ਥਾਵਾਂ ਵਿਚੋਂ ਚਿੱਟੀ ਮੱਖੀ ਅਤੇ ਪੱਤਾ ਮਰੋੜ ਬੀਮਾਰੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠਕੰਡਾ, ਧਤੂਰਾ ਅਤੇ ਭੰਗ ਆਦਿ ਨੂੰ ਨਸ਼ਟ ਕਰੋ।

* ਨਰਮੇ ਉਪਰ ਚਿੱਟੀ ਮੱਖੀ ਦਾ ਲਗਾਤਾਰ ਸਰਵੇਖਣ ਕਰਦੇ ਰਹੋ।

* ਘੱਟ ਲਾਗਤ ਵਾਲੇ ਪੀਲੇ ਕਾਰਡ 40 ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤਾਂ ਵਿਚ ਲਗਾਓ ਜੋ ਕਿ ਸ਼ੁਰੂਆਤੀ ਅਵਸਥਾ ਵਿਚ ਚਿੱਟੀ ਮੱਖੀ ਦੇ ਵਾਧੇ ਨੂੰ ਰੋਕਣ ਵਿਚ ਸਹਾਇਕ ਹਨ।

* ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਸ਼ੁਰੂ ਕਰੋ ਜਦੋਂ ਬੂਟੇ ਦੇ ਉਪਰਲੇ ਹਿੱਸੇ ਵਿਚ ਸਵੇਰ ਨੂੰ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ।

* ਚਿੱਟੀ ਮੱਖੀ ਦਾ ਹਮਲਾ ਹੋਣ ਤੇ ਸ਼ੁਰੂਆਤੀ ਅਵਸਥਾ ਵਿਚ ਇਕ ਤੋਂ ਦੋ ਸਪਰੇਅ ਨਿੰਬੀਸੀਡੀਨ ਜਾਂ ਅਚੂਕ ਇਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਕਿਉਂਕਿ ਇਹ ਮਿੱਤਰ ਕੀੜਿਆਂ ਲਈ ਸੁਰੱਖਿਅਤ ਹਨ।

* ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ 80 ਗ੍ਰਾਮ ਉਲਾਲਾ 50 ਡਬਲਯੂ. ਜੀ. (ਫਲੋਨਿਕਾਮਿਡ) ਜਾਂ 200 ਗ੍ਰਾਮ ਪੋਲੋ/ਰੂਬੀ/ਕਰੇਜ਼/ਲੂਡੋ/ਸ਼ੋਕੂ 50 ਡਬਲਯੂ. ਪੀ. (ਡਾਇਆਫੈਨਥੀਯੂਰੋਨ) ਜਾਂ 60 ਗ੍ਰਾਮ ਓਸ਼ੀਨ 20 ਐੱਸ. ਜੀ. (ਡਾਇਨੋਟੈਫੂਰਾਨ) ਜਾਂ 800 ਮਿਲੀਲਿਟਰ ਫੋਸਮਾਈਟ/ਈ-ਮਾਈਟ/ਵਾਲਥੀਆਨ/ਗੋਲਡ ਮਿਟ 50 ਈ. ਸੀ. (ਈਥੀਆਨ) ਦਾ ਛਿੜਕਾਅ ਕਰੋ।

* ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਿਟਰ ਲੈਨੋ 10 ਈ. ਸੀ. (ਪਾਈਰੀਪਰੋਕਸੀਫਿਨ) ਜਾਂ 200 ਮਿਲੀਲਿਟਰ ਓਬਰੇਨ/ਵੋਲਟੇਜ 22.9 ਐੱਸ. ਸੀ. (ਸਪੈਰੋਮੈਸੀਫਿਨ) ਦਾ ਛਿੜਕਾਅ ਕਰੋ।

ਛਿੜਕਾਅ ਤਕਨੀਕ

ਬਹੁਤ ਸਾਰੇ ਕਿਸਾਨ ਭਰਾ ਖੇਤਾਂ ਵਿਚ ਗਲਤ ਛਿੜਕਾਅ ਢੰਗ ਜਿਵੇਂ ਕਿ ਟਰੈਕਟਰ ਨਾਲ ਚੱਲਣ ਵਾਲੀ ਗੰਨ ਸਪਰੇਅ ਦੀ ਵਰਤੋਂ ਕਰਦੇ ਹਨ ਜਿਸ ਦਾ ਛਿੜਕਾਅ ਜ਼ਿਆਦਾਤਰ ਨਰਮੇ ਦੇ ਬੂਟੇ ਦੀ ਉੱਪਰਲੀ ਛੱਤਰੀ ਵਿਚ ਰਹਿ ਜਾਂਦਾ ਹੈ, ਜਿਸ ਕਰਕੇ ਉਪਰ ਬੈਠੇ ਬਾਲਗ ਮੱਖੀ ਦੀ ਰੋਕਥਾਮ ਹੁੰਦੀ ਹੈ। ਚਿੱਟੀ ਮੱਖੀ ਦੇ ਬੱਚੇ ਜ਼ਿਆਦਾਤਰ ਪੱਤਿਆਂ ਦੇ ਹੇਠਲੇ ਪਾਸੇ ਬੂਟੇ ਦੀ ਵਿਚਕਾਰਲੀ ਅਤੇ ਹੇਠਾਂ ਵਾਲੀ ਛੱਤਰੀ ਵਿਚ ਪਾਏ ਜਾਂਦੇ ਹਨ, ਇਸ ਵਾਸਤੇ ਕੀਟਨਾਸ਼ਕਾਂ ਦਾ ਛਿੜਕਾਅ ਇਸ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕੀਟਨਾਸ਼ਕ ਸਹੀ ਟਿਕਾਣੇ ਤੇ ਪਹੁੰਚ ਸਕੇ।

Source: Jagbani