ਧਨੌਲਾ ਵਿੱਚ ਪਸ਼ੂਧਨ ਤੇ ਦੁੱਧ ਚੁਆਈ ਮੁਕਾਬਲੇ

October 17 2017

 By: Punjabi Tribune 17 Oct 2017

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਸ਼ੂ ਪਾਲਣ ਕਿੱਤੇ ਨੂੰ ਉਤਸ਼ਾਹਿਤ ਕਰਨ ਤੇ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਲਿਆਉਣ ਲਈ ਪਸ਼ੂ ਪਾਲਣ ਵਿਭਾਗ, ਬਰਨਾਲਾ ਵੱਲੋਂ ਇੱਥੇ ਆਧੁਨਿਕ ਪਸ਼ੂ ਮੰਡੀ ਵਿੱਚ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪਸ਼ੂਧਨ ਤੇ ਦੁੱਧ ਚੁਆਈ ਮੁਕਾਬਲੇ ਕਰਵਾਏ ਗਏ। ਇਨਾਮ ਵੰਡ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ ਪ੍ਰਵੀਨ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਸ਼ੂਆਂ ਦੀ ਨਸਲ ’ਚ ਸੁਧਾਰ ਲਿਆਉਣ ਤੇ ਪਸ਼ੂ ਪਾਲਕਾਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਕਰਵਾਏ ਜਾ ਰਹੇ ਪਸ਼ੂਧਨ ਤੇ ਦੁੱਧ ਚੁਆਈ ਮੁਕਾਬਲੇ ਪਸ਼ੂਪਾਲਕਾਂ ਦੀ ਆਮਦਨ ’ਚ ਵਾਧਾ ਕਰਨ ਅਤੇ ਪਸ਼ੂਆਂ ਦੀ ਸਿਹਤ ਸੰਭਾਲ ਤੇ ਨਸਲ ਸੁਧਾਰ ਸਬੰਧੀ ਜਾਗਰੂਕਤਾ ਪੈਦਾ ਕਰਨ ’ਚ ਸਹਾਈ ਹੁੰਦੇ ਹਨ।

ਇਸ ਮੌਕੇ ਦੁੱਧ ਚੁਆਈ ਮੁਕਾਬਲਿਆਂ ’ਚੋਂ ਧਨੌਲਾ ਦੇ ਮਨੋਹਰ ਸਿੰਘ ਦੀ ਮੁੱਰ੍ਹਾ ਮੱਝ ਅਤੇ ਐਫ ਐਚ ਕਰਾਸ ਗਾਂ, ਹਰਦੀਪ ਸਿੰਘ ਦੀ ਜਰਸੀ ਕਰਾਸ ਦੇਸੀ ਨਸਲ ਗਾਂ, ਮਿੱਠੂ ਖਾਨ ਧਨੌਲਾ ਦੀ ਬੱਕਰੀ ਤੇ ਦਰਸ਼ਨ ਸਿੰਘ ਜਵੰਧਾ ਪਿੰਡੀ ਦੀ ਨੀਲੀ ਰਾਵੀ ਮੱਝ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਨੁਕਰਾ ਤੇ ਮਾਰਵਾੜੀ ਵਛੇਰਾ-ਵਛੇਰੀਆਂ ਦੇ ਮੁਕਾਬਲੇ ਵਿੱਚ ਮਲਕੀਤ ਸਿੰਘ ਲੋਹਗੜ੍ਹ ਦੇ ਮਾਰਵਾੜੀ ਵਛੇਰੇ, ਪਰਮਜੀਤ ਸਿੰਘ ਦੀ ਮਾਰਵਾੜੀ ਵਛੇਰੀ, ਗੁਰਵਿੰਦਰ ਸਿੰਘ ਰਾਜਗੜ੍ਹ ਦੇ ਨੁਕਰਾ ਵਛੇਰੇ ਤੇ ਜਸਵਿੰਦਰ ਸਿੰਘ ਰਾਜਗੜ੍ਹ ਦੀ ਨੁੱਕਰੀ ਵਛੇਰੀ ਨੇ ਪਹਿਲਾ ਸਥਾਨ ਹਾਸਲ ਕੀਤਾ। ਪਸ਼ੂ ਮੇਲੇ ਦੌਰਾਨ ਵਛੇਰਿਆਂ ਦੇ ਨਾਚ ਤੇ ਸਜਾਵਟੀ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਡਾ. ਵਿਨੈ ਜਿੰਦਲ, ਰਜਿੰਦਰ ਕਾਂਸਲ ਐਸਵੀਓ, ਡਾ. ਕਰਮਜੀਤ ਸਿੰਘ, ਡਾ. ਕ੍ਰਿਸ਼ਨ ਕੁਮਾਰ, ਡਾ. ਪ੍ਰਿਅੰਕਾ ਰਾਣਾ ਤੇ ਡਾ. ਰਮਨਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਕਾਰੀ, ਕਰਮਚਾਰੀ, ਪਸ਼ੂ ਪਾਲਕ ਤੇ ਇਲਾਕਾ ਵਾਸੀ ਮੌਜੂਦ ਸਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।