ਦੁੱਧ ਵੇਚਣ ਦੇ ਰਿਵਾਜ ਨੇ ਬਹੁਤੇ ਪਿੰਡਾਂ ਦੇ ਲੋਕ ਦਹੀਂ, ਲੱਸੀ ਤੇ ਮੱਖਣ ਤੋਂ ਕੀਤੇ ਦੂਰ

February 06 2018

ਹੀਰੋਂ ਖ਼ੁਰਦ, 6 ਫਰਵਰੀ (ਗੁਰਵਿੰਦਰ ਸਿੰਘ ਚਹਿਲ)- ਪੰਜਾਬ ਜਿਸ ਨੂੰ ਖ਼ੁਸ਼ਹਾਲ ਸੂਬਾ ਕਿਹਾ ਜਾਂਦਾ ਹੈ ਅੱਜ ਇੱਥੋਂ ਦੇ ਜ਼ਿਆਦਾਤਰ ਲੋਕ ਮੁੱਲ ਦੇ ਦੁੱਧ, ਮੱਖਣ, ਦਹੀਂ ਤੇ ਲੱਸੀ ਤੇ ਪਲ਼ ਰਹੇ ਹਨ | ਕੋਈ ਸਮਾਂ ਸੀ ਜਦੋਂ ਲੋਕ ਦੁੱਧ ਨੂੰ ਵੇਚਣਾ ਪੁੱਤ ਵੇਚਣ ਦੇ ਬਰਾਬਰ ਮੰਨਦੇ ਸਨ ਪਰ ਹੁਣ ਬਹੁਤੇ ਲੋਕਾਂ ਦੀ ਕਬੀਲਦਾਰੀ ਦੁੱਧ ਵੇਚ ਕੇ ਹੀ ਚੱਲ ਰਹੀ ਹੈ | ਪਿੰਡਾਂ ਵਿਚ ਬਹੁਤ ਥੋੜੇ ਘਰ ਅਜਿਹੇ ਹਨ ਜੋ ਆਪਣੇ ਘਰ ਦੁੱਧ ਰਿੜਕ ਕੇ ਘਰ ਦਾ ਘਿਓ ਤਿਆਰ ਕਰਦਾ ਹੋਣਗੇ, ਨਹੀਂ ਤਾਂ ਜ਼ਿਆਦਾਤਰ ਲੋਕ ਦੁੱਧ ਡੇਅਰੀਆਂ ਵਿਚ ਪਾ ਕੇ ਚੁੱਲ੍ਹੇ ਦਾ ਖਰਚਾ ਉਕਤ ਪੈਸੇ ਨਾਲ ਚਲਾ ਰਹੇ ਹਨ | ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਉਹ ਦੁੱਧ ਨਾਲ ਹੀ ਬਿਜਲੀ, ਪਾਣੀ, ਟੈਲੀਫ਼ੋਨ ਆਦਿ ਦੇ ਖਰਚੇ ਕੱਢਦੇ ਹਨ ਤੇ ਪਾਲਤੂ ਪਸ਼ੂਆਂ ਨੂੰ ਪਾਈ ਜਾਣ ਵਾਲੀ ਖਲ਼ ਜਾਂ ਫੀਡ ਵੀ ਉਹ ਦੁੱਧ ਵੇਚ ਕੇ ਪੂਰੀ ਕਰਦੇ ਹਨ | ਸ਼ਹਿਰਾਂ ਵਿਚ ਦਹੀਂ ਤੇ ਲੱਸੀ ਪਹਿਲਾਂ ਤੋਂ ਹੀ ਵਿਕਦੀ ਹੈ ਪਰ ਹੁਣ ਬਹੁਤ ਸਾਰੇ ਪਿੰਡਾਂ ਦੀਆਂ ਦੁਕਾਨਾਂ ਤੋਂ ਬਹੁਤੇ ਘਰ 5-10 ਰੁਪਏ ਦੀ ਦਹੀਂ ਖ਼ਰੀਦਦੇ ਆਮ ਦੇਖੇ ਜਾ ਰਹੇ ਹਨ | ਪਹਿਲਾਂ ਜਿੱਥੇ ਦਹੀਂ ਤੇ ਲੱਸੀ ਨਾਲ ਸਿਰ ਨਹਾਉਣਾ ਵਧੀਆ ਮੰਨਿਆਂ ਜਾਂਦਾ ਸੀ, ਅੱਜ ਇਸ ਦੀ ਜਗ੍ਹਾ ਸ਼ੈਂਪੂ ਨੇ ਲੈ ਲਈ ਹੈ ਤੇ ਜਿਹੜੀ ਲੱਸੀ ਪਸ਼ੂਆਂ ਨੂੰ ਮੱਲ੍ਹੋ ਜ਼ੋਰੀ ਪਿਲਾਈ ਜਾਂਦੀ ਸੀ, ਬਹੁਤੇ ਪਿੰਡਾਂ ਵਿਚੋਂ ਇਕ ਬਾਲਟੀ ਵੀ ਲੱਸੀ ਦੀ ਇਕੱਠੀ ਨਹੀਂ ਹੁੰਦੀ ਕਿਉਂਕਿ ਨਵੀਂ ਪੀੜ੍ਹੀ ਨੇ ਇਸ ਤੋਂ ਨੱਕ ਵੱਟ ਲਿਆ ਹੈ | ਹੁਣ ਸਵੇਰ ਸਮੇਂ ਟਾਂਵੇਂ-ਟਾਂਵੇਂ ਘਰਾਂ ਵਿਚ ਮਧਾਣੀ ਦੀ ਗੰੂਜ ਸੁਣਨ ਨੂੰ ਮਿਲਦੀ ਹੈ | ਦਰਮਿਆਨੇ ਜ਼ਿਮੀਂਦਾਰ ਵੀ ਪਸ਼ੂ ਰੱਖਣ ਤੋਂ ਅਸਮਰਥਤਾ ਜ਼ਾਹਿਰ ਕਰਦੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਦੁਧਾਰੂ ਪਸ਼ੂ ਸੰਭਾਲਣ ਤੇ ਖਰਚਾ ਜ਼ਿਆਦਾ ਹੁੰਦਾ ਹੈ, ਜਿਸ ਕਰ ਕੇ ਉਹ ਮੁੱਲ ਦਾ ਦੁੱਧ ਲੈ ਕੇ ਸਮਾਂ ਲੰਘਾ ਰਹੇ ਹਨ | ਦੁੱਧ ਦਹੀਂ ਨਾਲ ਪਲਣ ਵਾਲੇ ਬਹੁਤ ਸਾਰੇ ਗੱਭਰੂਆਂ ਨੂੰ ਹੁਣ ਨਸ਼ਿਆਂ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ | ਘਰਾਂ ਵਿਚ ਬਣਾਉਣ ਵਾਲੀ ਕੜ੍ਹੀ ਲਈ ਬਹੁਤ ਸਾਰੀਆਂ ਸੁਆਣੀਆਂ ਲੱਸੀ ਮੰਗਦੀਆਂ ਆਮ ਦੇਖੀਆਂ ਜਾਂਦੀਆਂ ਹਨ ਜਦਕਿ ਪਹਿਲਾਂ ਜਦੋਂ ਕੋਈ ਸਬਜ਼ੀ ਜਾਂ ਦਾਲ਼ ਦਾ ਪ੍ਰਬੰਧ ਨਾ ਹੁੰਦਾ ਤਾਂ ਘਰ ਵਿਚ ਕੜ੍ਹੀ ਹੀ ਬਣਾਈ ਜਾਂਦੀ ਸੀ ਪਰ ਹੁਣ ਇਹ ਸਾਨੂੰ ਹੋਟਲਾਂ ਤੇ ਢਾਬਿਆਂ ਤੇ ਹੀ ਨਸੀਬ ਹੁੰਦੀ ਹੈ | ਸ਼ਹਿਰ ਦੇ ਨੇੜਲੇ ਪਿੰਡਾਂ ਦੇ ਲੋਕ ਦੁੱਧ ਵੇਚਣ ਦਾ ਜ਼ਿਆਦਾ ਕਾਰੋਬਾਰ ਕਰਦੇ ਹਨ ਕਿਉਂਕਿ ਸ਼ਹਿਰ ਨੇੜੇ ਹੋਣ ਕਾਰਨ ਇਨ੍ਹਾਂ ਲੋਕਾਂ ਦਾ ਦੁੱਧ ਡੇਅਰੀਆਂ ਵਾਲਿਆਂ ਨਾਲੋਂ ਵੱਧ ਰੇਟ ਤੇ ਸ਼ਹਿਰੀਆਂ ਦੇ ਘਰਾਂ ਵਿਚ ਵਿਕਦਾ ਹੈ | ਬਹੁਤੇ ਘਰ ਸਿਰਫ਼ ਚਾਹ ਬਣਾਉਣ ਲਈ ਹੀ ਘਰ ਵਿਚ ਦੁੱਧ ਰੱਖਦੇ ਹਨ ਜਦਕਿ ਉਨ੍ਹਾਂ ਦੇ ਬੱਚੇ ਇਸ ਤੋਂ ਸੱਖਣੇ ਹਨ | ਜਿਹੜੇ ਘਰ ਦੁੱਧ ਰਿੜਕਦੇ ਹਨ, ਉਨ੍ਹਾਂ ਦੇ ਘਰ ਲੱਸੀ ਲੈਣ ਵਾਲਿਆਂ ਦਾ ਤਾਂਤਾ ਲੱਗਿਆ ਆਮ ਹੀ ਦੇਖਿਆ ਜਾ ਰਿਹਾ ਹੈ | ਕਿਸੇ ਵੀ ਤਿਉਹਾਰ ਵੇਲੇ ਕੱਢਿਆ ਜਾਣ ਵਾਲਾ ਖੋਆ ਬਹੁਤੇ ਘਰਾਂ ਚੋਂ ਲੁਪਤ ਹੋ ਗਿਆ ਹੈ, ਜਿਸ ਦੀ ਜਗ੍ਹਾ ਬਾਜ਼ਾਰੂ ਮਿਠਾਈਆਂ ਨੇ ਲੈ ਲਈ ਹੈ | ਸਮੇਂ ਦੀ ਤੇਜ਼ ਰਫ਼ਤਾਰ ਤੇ ਆਮ ਲੋਕਾਂ ਦੇ ਵਧ ਰਹੇ ਖ਼ਰਚਿਆਂ ਨੇ ਲੋਕਾਂ ਨੂੰ ਦੁੱਧ ਵੇਚਣ ਲਈ ਮਜਬੂਰ ਕੀਤਾ ਹੋਇਆ ਹੈ ਕਿਉਂਕਿ ਬਹੁਤੇ ਡੇਅਰੀਆਂ ਵਾਲੇ ਆਪਣੇ ਗਾਹਕ ਨੂੰ ਪੱਕਾ ਰੱਖਣ ਲਈ 5 ਤੋਂ 10 ਹਜ਼ਾਰ ਰੁਪਏ ਤੱਕ ਐਡਵਾਂਸ ਦੇ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਘਰ ਦਾ ਖਰਚਾ ਚੱਲਦਾ ਰਹਿੰਦਾ ਹੈ |

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Abp Sanjha