ਦੁੱਧ ਠੰਢਾ ਕਰਨ ਲਈ ਵੈਟਰਨਰੀ ’ਵਰਸਿਟੀ ਨੇ ਬਣਾਈ ਮਸ਼ੀਨ

July 22 2017

By: Punjabi Tribune, July 22, 2017

ਦੁੱਧ ਵਿਚ ਪਾਣੀ ਦੀ ਜ਼ਿਆਦਾ ਮਾਤਰਾ, ਜੀਵਾਣੂਆਂ ਦੇ ਵਿਕਾਸ ਦਾ ਢੁੱਕਵਾਂ ਮਾਧਿਅਮ ਹੁੰਦੀ ਹੈ, ਜਿਸ ਕਾਰਨ ਇਸ ਨੂੰ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਣਾ ਸੰਭਵ ਨਹੀਂ ਹੁੰਦਾ। ਇਸ ਲਈ ਜ਼ਰੂਰੀ ਹੈ ਕਿ ਚੁਆਈ ਤੋਂ ਤੁਰਤ ਬਾਅਦ ਦੁੱਧ ਨੂੰ ਪ੍ਰੋਸੈਸ ਜਾਂ ਠੰਢਾ ਕੀਤਾ ਜਾਵੇ। ਆਮ ਤੌਰ ’ਤੇ ਚੁਆਈ ਦੌਰਾਨ ਦੁੱਧ ਵਿੱਚ ਸੂਖਮ ਜੀਵਾਂ ਦੀ ਗਿਣਤੀ ਘੱਟ ਹੁੰਦੀ ਹੈ। ਦੁੱਧ ਦਾ ਤਾਪਮਾਨ 35-38 ਡਿਗਰੀ ਸੈਲਸੀਅਸ ਹੁੰਦਾ ਹੈ।

ਵਿਗਿਆਨੀਆਂ ਅਨੁਸਾਰ ਜੀਵਾਣੂਆਂ ਦੀ ਗਿਣਤੀ ਵਾਤਾਵਰਣ ਤਾਪਮਾਨ ਤੇ ਹਰ 20 ਮਿੰਟਾਂ ਬਾਅਦ ਦੁੱਗਣੀ ਹੋ ਜਾਂਦੀ ਹੈ। ਦੁੱਧ ਵਿੱਚ ਅਣਚਾਹੇ ਜੀਵਾਣੂ ਜਾਂ ਬੈਕਟੀਰੀਆ, ਇਸ ਵਿੱਚ ਲੈਕਟੋਸ ਨੂੰ ਲੈਕਟਿਕ ਏਸਿਡ ਬਣਾ ਦਿੰਦੇ ਹਨ ਜਿਸ ਕਰਕੇ ਦੁੱਧ ਖੱਟਾ ਹੋ ਜਾਂਦਾ ਅਤੇ ਪੀਣ ਯੋਗ ਨਹੀਂ ਰਹਿੰਦਾ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਅਨੁਸਾਰ ਦੁੱਧ ਵਿੱਚ ਬੈਕਟੀਰੀਆ ਦੇ ਵਿਕਾਸ ਦੀ ਰੋਕਥਾਮ ਦਾ ਸਭ ਤੋਂ ਯੋਗ ਤਰੀਕਾ, ਦੁੱਧ ਨੂੰ ਚੁਆਈ ਤੋਂ ਤੁਰੰਤ ਬਾਅਦ 4 ਡਿਗਰੀ ਸੈਲਸੀਅਸ ‘ਤੇ ਠੰਢਾ ਕਰਨਾ ਹੈ। ਪਿੰਡ ਪੱਧਰ ‘ਤੇ ਦੁੱਧ ਠੰਢਾ ਕਰਨ ਦੀ ਸਹੂਲਤ ਦੀ ਕਮੀ ਕਾਰਨ ਕਿਸਾਨਾਂ ਨੂੰ ਪਿੰਡਾਂ ਤੋਂ ਨੇੜਲੇ ਪ੍ਰੋਸੈਸਿੰਗ ਸੈਂਟਰ ਤੱਕ ਦੁੱਧ ਸਪਲਾਈ ਕਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀਆਂ ਦੇ ਦਿਨਾਂ ਵਿਚ ਕਿਸਾਨ ਨੂੰ ਇਕ ਸੈਂਟਰ ਤੋਂ ਦੁੱਧ ਨੂੰ ਕੁਲੈਕਸ਼ਨ ਜਾਂ ਪ੍ਰੋਸੈਸਿੰਗ ਸੈਂਟਰ ਤੱਕ ਦਿਨ ਵਿੱਚ ਦੋ ਵਾਰ ਢੋਣਾ ਪੈਂਦਾ ਜਿਸ ਕਾਰਨ ਦੁੱਧ ਦੀ ਲਾਗਤ ਵਿੱਚ ਵਾਧਾ ਹੁੰਦਾ ਅਤੇ ਦੁੱਧ ਦੇ ਖਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਦੁੱਧ ਦੀ ਗੁਣਵੱਤਾ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ ਕਿ ਦੁੱਧ ਨੂੰ ਪਿੰਡ ਪੱਧਰ ਜਾਂ ਜਿਥੇ ਚੁਆਈ ਕੀਤੀ ਜਾਂਦੀ ਹੈ, ਉਥੇ ਹੀ ਠੰਢਾ ਕੀਤਾ ਜਾਵੇ। ਇਸ ਲਈ ਵੱਡੀਆਂ ਮਸ਼ੀਨਾਂ, ਜਿਵੇਂ ਬਲਕ ਮਿਲਕ ਚਿਲਰ (ਬੀਐਮਸੀ), ਜੋ ਮਹਿੰਗੀਆਂ ਹੋਣ ਦੇ ਨਾਲ ਬਿਜਲੀ ‘ਤੇ ਵੀ ਨਿਰਭਰ ਕਰਦੀਆਂ ਹਨ, ਦੇ ਨਾਲ ਦੁੱਧ ਠੰਢਾ ਕਰਨਾ ਮੁਸ਼ਕਿਲ ਹੁੰਦਾ ਹੈ। ਇਸ ਸਮੱਸਿਆ ਦੇ ਸਮਾਧਾਨ ਲਈ ਅਜਿਹੇ ਉਪਕਰਨ ਦੀ ਜ਼ਰੂਰਤ ਸੀ ਜਿਸ ਵਿਚ ਦੁੱਧ ਨੂੰ ਠੰਢਾ ਕਰਕੇ ਲੰਮੇ ਸਮੇਂ ਤੱਕ ਸਟੋਰ ਕਰਨ ਦੀ ਸਹੂਲਤ ਹੋਵੇ ਅਤੇ ਦੁੱਧ ਦੀ ਢੋਆ ਢੁਆਈ ਵਿੱਚ ਸਮਾਂ ਅਤੇ ਮਿਹਨਤ ਘੱਟ ਲੱਗੇ।

ਛੋਟੇ ਪੱਧਰ ਦੇ ਕਿਸਾਨਾਂ ਦੀ ਦੁੱਧ ਠੰਢਾ ਕਰਨ ਦੀ ਜ਼ਰੂਰਤ ਨੂੰ ਧਿਆਨ ਵਿਚ ਰੱਖਦੇ ਹੋਏ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਅਜਿਹੇ ਉਪਕਰਨ ਦਾ ਵਿਕਾਸ ਕੀਤਾ ਗਿਆ ਹੈ ਜਿਸ ਨਾਲ ਲਗਭਗ 2 ਘੰਟਿਆਂ ਵਿਚ ਦੁੱਧ ਨੂੰ 4 ਡਿਗਰੀ ਸੈਲਸੀਅਸ ‘ਤੇ ਠੰਢਾ ਕੀਤਾ ਜਾ ਸਕਦਾ ਹੈ। ਇਸ ਡਿਜ਼ਾਇਨ ਕੀਤੇ ਉਪਕਰਨ ਜਾਂ ਮਸ਼ੀਨ ਦੀ ਸਮਰੱਥਾ ਕੇਵਲ 40 ਲਿਟਰ ਹੈ, ਜਿਸ ਨੂੰ ਲੋੜ ਮੁਤਾਬਿਕ 100 ਲਿਟਰ ਤੱਕ ਵਧਾਇਆ ਜਾ ਸਕਦਾ ਹੈ। ਛੋਟੇ ਜਾਂ ਮੱਧ ਵਰਗੀ ਕਿਸਾਨਾਂ, ਜਿਨ੍ਹਾਂ ਕੋਲ ਔਸਤ ਇਕ ਜਾਂ ਦੋ ਦੁਧਾਰੂ ਪਸ਼ੂ ਹੁੰਦੇ ਹਨ ਅਤੇ ਜਿਨ੍ਹਾਂ ਦਾ ਪ੍ਰਤੀ ਦਿਨ ਦੁੱਧ ਉਤਪਾਦ 30-40 ਲਿਟਰ ਹੁੰਦਾ ਹੈ, ਲਈ ਇਹ ਮਸ਼ੀਨ ਕਾਫੀ ਲਾਹੇਵੰਦ ਹੈ। ਇਸ ਉਪਕਰਨ ਦੀ ਤਾਪਮਾਨ ਸਥਿਰਤਾ 4 ਡਿਗਰੀ ਸੈਲਸੀਅਸ ‘ਤੇ 12 ਘੰਟਿਆਂ ਲਈ ਹੈ। ਇਸ ਲਈ ਸ਼ਾਮ ਦੌਰਾਨ ਚੁਆਈ ਉਪ੍ਰੰਤ ਪ੍ਰਾਪਤ ਦੁੱਧ ਨੂੰ ਇਸ ਵਿੱਚ ਅਗਲੀ ਸਵੇਰ ਦੀ ਦੁੱਧ ਚੁਆਈ ਤੱਕ ਬਿਨਾ ਖਰਾਬ ਹੋਏ ਸੰਭਾਲਿਆ ਜਾ ਸਕਦਾ ਹੈ। ਇਸ ਦੀ ਸਫਾਈ ਸੁਖਾਲੇ ਢੰਗ ਨਾਲ ਕੀਤੀ ਜਾ ਸਕਦੀ ਹੈ। ਹੋਰ ਵੀ ਕਈ ਖੂਬੀਆਂ ਹਨ।

ਕਿਸਾਨਾਂ ਨੂੰ ਇਸ ਮਸ਼ੀਨ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਇਸ ਮਸ਼ੀਨ ਨਾਲ ਕਿਸਾਨ ਘੱਟ ਲਾਗਤ ‘ਤੇ ਦੁੱਧ ਠੰਢਾ ਕਰਨ ਦੇ ਨਾਲ ਨਾਲ ਵਧੇਰੇ ਮੁਨਾਫ਼ਾ ਵੀ ਕਮਾਇਆ ਜਾ ਸਕਦਾ ਹੈ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।