ਦਾਲਾਂ ਦੀ ਕੀਮਤ 'ਚ ਰਿਕਾਰਡ ਗਿਰਾਵਟ

January 11 2018

ਨਵੀਂ ਦਿੱਲੀ: ਦਾਲਾਂ ਦੀ ਕੀਮਤ ਵਿੱਚ ਰਿਕਾਰਡ ਗਿਰਾਵਟ ਆਈ ਹੈ। ਹੋਲਸੇਲ (ਥੋਕ) ਬਾਜ਼ਾਰ ‘ਚ ਮੁੱਖ ਦਾਲਾਂ ਦੇ ਮੁੱਲ ‘ਚ 25 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਕੌਮਾਂਤਰੀ ਬਾਜ਼ਾਰ ਵਿੱਚ ਦਾਲਾਂ ਦੀ ਕੀਮਤ ਘਟਣ ਕਾਰਨ ਨਵੀਂ ਫਸਲ ਦਾ ਹੋਰ ਵੀ ਰੇਟ ਘਟਣ ਦਾ ਖਦਸ਼ਾ ਹੈ। ਇਸ ਕਾਰਨ ਵਪਾਰੀ ਪੁਰਾਣਾ ਸਟਾਕ ਬਾਹਰ ਕੱਢ ਰਹੇ ਹਨ।

ਸਰਕਾਰ ਨੇ ਚੁੱਕੇ ਕਦਮ-

ਦਾਲਾਂ ਦੇ ਮੁੱਲ ‘ਚ ਗਿਰਾਵਟ ਕਾਰਨ ਕੇਂਦਰ ਸਰਕਾਰ ਵੀ ਫਿਕਰਮੰਦ ਹੋ ਗਈ ਹੈ। ਕੇਂਦਰ ਨੇ ਦਾਲਾਂ ਦੇ ਮੁੱਲ ‘ਚ ਗਿਰਾਵਟ ਰੋਕਣ ਲਈ ਕਈ ਕਦਮ ਚੁੱਕੇ ਹਨ। ਇਨ੍ਹਾਂ ਕਦਮਾਂ ਤਹਿਤ ਪਿਛਲੇ ਦਿਨੀਂ ਛੋਲਿਆਂ ਤੇ ਮਸਰ ਦੀ ਦਾਲ ‘ਤੇ 30 ਫੀਸਦੀ ਦਰਾਮਦ ਡਿਊਟੀ (ਇੰਪੋਰਟ ਡਿਊਟੀ) ਲਾਈ ਗਈ ਹੈ ਤਾਂ ਕਿ ਇਨ੍ਹਾਂ ਦੀ ਦਰਾਮਦ ਰੁਕ ਸਕੇ।

ਕਿਹੜੀਆਂ ਦਾਲਾਂ ਹੋਈਆਂ ਸਸਤੀਆਂ-

ਛੋਲਿਆਂ ਦਾ ਮੁੱਲ 50-51 ਰੁਪਏ ਪ੍ਰਤੀ ਕਿਲੋ ‘ਤੇ ਆ ਗਿਆ ਹੈ, ਜਿਹੜਾ ਦੋ ਮਹੀਨੇ ਪਹਿਲਾਂ 75 ਰੁਪਏ ਸੀ। ਇਸੇ ਤਰ੍ਹਾਂ ਚਿੱਟੇ ਛੋਲੇ 125 ਰੁਪਏ ਤੋਂ ਡਿੱਗ ਕੇ 85 ਰੁਪਏ, ਮਸਰ 78-79 ਤੋਂ ਹੇਠਾਂ 51 ਰੁਪਏ ਪ੍ਰਤੀ ਕਿਲੋ ਤੇ ਮਾਹ ਸਾਬਤ 80 ਰੁਪਏ ਤੋਂ ਘੱਟ ਕੇ 52-53 ਰੁਪਏ ਪ੍ਰਤੀ ਕਿਲੋ ‘ਤੇ ਆ ਗਏ ਹਨ।

ਮੂੰਗੀ ਧੋਤੀ ਦਾਲ ਵੀ 65 ਰੁਪਏ ਕਿਲੋ ‘ਤੇ ਆ ਗਈ ਹੈ, ਜੋ 2 ਮਹੀਨੇ ਪਹਿਲਾਂ 85 ਰੁਪਏ ‘ਤੇ ਵਿਕ ਰਹੀ ਸੀ। ਕਾਲੇ ਛੋਲੇ 50-51 ਰੁਪਏ ‘ਤੇ ਵਿਕ ਰਹੇ ਹਨ, ਜੋ ਪਹਿਲਾਂ 85 ਰੁਪਏ ‘ਤੇ ਸਨ। ਇਸੇ ਤਰ੍ਹਾਂ ਰਾਜਮਾਹ 88 ਰੁਪਏ ਪ੍ਰਤੀ ਕਿਲੋ ਤੇ ਅਰਹਰ 55 ਰੁਪਏ ਪ੍ਰਤੀ ਕਿਲੋ ‘ਤੇ ਆ ਗਏ ਹਨ। ਖਾਸ ਗੱਲ ਇਹ ਹੈ ਕਿ ਦਾਲਾਂ ਦੇ ਮੁੱਲ ਥੋਕ ਬਾਜ਼ਾਰ ‘ਚ ਬੇਸ਼ੱਕ 25 ਫੀਸਦੀ ਤੋਂ ਜ਼ਿਆਦਾ ਡਿੱਗ ਗਏ ਹਨ ਪਰ ਆਮ ਲੋਕਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਮਿਲ ਰਿਹਾ। ਪ੍ਰਚੂਨ ਬਾਜ਼ਾਰ ‘ਚ ਦਾਲਾਂ ਦੇ ਮੁੱਲ ਓਨੇ ਹੀ ਹਨ ਜਿੰਨੇ ਪਹਿਲਾਂ ਸਨ।

ਕਿਸਾਨ ਤੇ ਵਪਾਰੀ ਕਿਉਂ ਪ੍ਰੇਸ਼ਾਨ-

ਦਾਲਾਂ ਦੀ ਕੀਮਤ ਘਟਣ ਨਾਲ ਕਾਰੋਬਾਰੀ ਤਾਂ ਪ੍ਰੇਸ਼ਾਨ ਹੀ ਹਨ, ਕਿਸਾਨਾਂ ਦੇ ਮੱਥੇ ‘ਤੇ ਵੀ ਚਿੰਤਾਂ ਨਜ਼ਰ ਆ ਰਹੀ ਹੈ। ਕਿਸਾਨਾਂ ਦੀ ਚਿੰਤਾ ਇਸ ਲਈ ਵਧ ਗਈ ਹੈ ਕਿਉਂਕਿ ਜਲਦ ਬਾਜ਼ਾਰ ‘ਚ ਅਗਲੀ ਫਸਲ ਆਉਣ ਵਾਲੀ ਹੈ। ਅਜਿਹੇ ‘ਚ ਉਨ੍ਹਾਂ ਨੂੰ ਫਸਲ ਦੀ ਸਹੀ ਕੀਮਤ ਮਿਲਣਾ ਔਖਾ ਹੋ ਸਕਦਾ ਹੈ।

ਦਾਲਾਂ ਦੇ ਮੁੱਲ ਹਮੇਸ਼ਾ ਅਸਮਾਨ ‘ਤੇ ਰਹੇ ਹਨ ਤੇ ਇਸ ਦੇ ਮੁੱਲ ਕਾਬੂ ‘ਚ ਰੱਖਣ ਲਈ ਸਰਕਾਰ ਦੀਆਂ ਕਈ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ। ਪਿਛਲੇ ਦੋ ਸਾਲਾਂ ‘ਚ ਤਾਂ ਦਾਲਾਂ ਦੇ ਮੁੱਲ ਇੰਨੇ ਵਧੇ ਕਿ ਇਹ ਆਮ ਆਦਮੀ ਦੀ ਥਾਲੀ ‘ਚੋਂ ਗਾਇਬ ਹੋ ਗਈ ਸੀ ਪਰ ਹੈਰਾਨੀਜਨਕ ਢੰਗ ਨਾਲ ਪਿਛਲੇ ਦੋ ਮਹੀਨਿਆਂ ਦੌਰਾਨ ਦਾਲਾਂ ਦੇ ਮੁੱਲ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP sanjha