ਦਾਣਾ ਮੰਡੀ ਅਜਨਾਲਾ ਵਿਖੇ ਲਗਾਇਆ ਕਿਸਾਨ ਮੇਲਾ

April 12 2018

 ਅਜਨਾਲਾ : ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਕਰਨ ਲਈ ਤਕਨੀਕੀ ਜਾਣਕਾਰੀ ਦੇਣ ਸੰਬੰਧੀ ਅੱਜ ਅਜਨਾਲਾ ਦੀ ਮੁੱਖ ਦਾਣਾ ਮੰਡੀ ਵਿਖੇ ਖੇਤੀਬਾੜੀ ਵਿਭਾਗ ਵਲੋਂ ਜ਼ਿਲਾ ਪੱਧਰ ਦਾ ਕਿਸਾਨ ਜਾਗਰੂਕਤਾ ਮੇਲਾ ਲਗਾਇਆ ਗਿਆ। ਇਸ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਰੀਬਨ ਕੱਟ ਕੇ ਕੀਤਾ। ਇਸ ਮੌਕੇ ਕਿਸਾਨਾਂ ਦੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਪਿਛਲੇ 10 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸਮੇਂ ਲਿਤਾੜੇ ਹੋਏ ਕਰਜ਼ੇ ਦੀ ਮਾਰ ਹੇਠ ਆਈ ਕਿਸਾਨੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਪੱਧਰ ਤੋਂ ਇਲਾਵਾ ਬਲਾਕ ਅਤੇ ਪਿੰਡ ਪੱਧਰ ਤੇ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਆਉਂਦੇ ਸਮੇਂ ਦੌਰਾਨ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਕਰਨ ਸੰਬੰਧੀ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਆਰਥਿਕ ਪੱਖੋਂ ਉੱਪਰ ਚੁੱਕਿਆ ਜਾ ਸਕੇ। ਮੇਲੇ ਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਜਸਬੀਰ ਸਿੰਘ ਬੈਂਸ ਨੇ ਕਿਹਾ ਕਿ ਸਾਉਣੀ ਦੇ ਸੀਜਨ ਲਈ ਕਿਸਾਨਾਂ ਲਈ ਖੇਤੀਬਾੜੀ ਵਿਭਾਗ ਵਲੋਂ ਖਾਦ ਅਤੇ ਬੀਜਾਂ ਦੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਬੀਜ ਪ੍ਰਾਪਤ ਕਰਨ ਚ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। 

ਇਸ ਮੌਕੇ ਬੋਲਦਿਆਂ ਜ਼ਿਲਾ ਮੁੱਖ ਖੇਤੀਬਾੜੀ ਅਫਸਰ ਡਾ. ਦਲਬੀਰ ਸਿੰਘ ਛੀਨਾ ਨੇ ਕਿਹਾ ਕਿ ਜ਼ਿਲਾ ਅੰਮ੍ਰਿਤਸਰ ਚ 1.80  ਲੱਖ ਹੈਕਟੇਅਰ ਝੋਨੇ ਦੀ ਬਿਜਾਈ ਹੋਣ ਦਾ ਅਨੁਮਾਨ ਹੈ, ਜਿਸ ਲਈ ਲੋੜੀਂਦੇ ਸਾਰੇ ਪ੍ਰਬੰਧ ਮੁਕੰਮਲ ਲਏ ਗਏ ਹਨ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਥਾਂ ਉਸ ਦੱਬ ਕੇ ਹੀ ਝੋਨੇ ਦੀ ਕਾਸ਼ਤ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਵੇ। ਇਸ ਕਿਸਾਨ ਜਾਗਰੂਕਤਾ ਮੇਲੇ ਦੌਰਾਨ ਖੇਤੀਬਾੜੀ ਇੰਜੀਨੀਅਰ ਰਣਬੀਰ ਸਿੰਘ ਰੰਧਾਵਾ, ਡਿਪਟੀ ਡਾਇਰੈਕਟਰ ਭੁਪਿੰਦਰ ਸਿੰਘ ਢਿੱਲੋਂ, ਡਾ. ਸੁਖਜਿੰਦਰਜੀਤ, ਡਾ. ਰਮਿੰਦਰ ਕੌਰ, ਡਾ. ਪਰਮਿੰਦਰ ਕੌਰ, ਨਿਸ਼ਾਨ ਸਿੰਘ ਚੀਮਾਂ ਆਦਿ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ, ਕਰਮਚਾਰੀ ਤੇ ਵੱਡੀ ਗਿਣਤੀ ਚ ਕਿਸਾਨ ਹਾਜ਼ਰ ਸਨ ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Jagbani