ਤੇਲ ਦੀਆਂ ਕੀਮਤਾਂ ਖਿਲਾਫ ਕਿਸਾਨਾਂ ਨੇ ਸੜਕਾਂ 'ਤੇ ਪਾਰਕ ਕੀਤੇ ਟਰੈਕਟਰ

May 30 2018

ਲੁਧਿਆਣਾ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਵਿੱਚ ਫੇਲ੍ਹ ਹੋਈ ਕੇਂਦਰ ਸਰਕਾਰ ਵਿਰੁੱਧ ਪੰਜਾਬ ਦੇ ਕਿਸਾਨਾਂ ਨੇ ਅਨੋਖਾ ਪ੍ਰਦਰਸ਼ਨ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਲੁਧਿਆਣਾ-ਚੰਡੀਗੜ੍ਹ ਮਾਰਗ ਉਤੇ ਆਪਣੇ ਟਰੈਕਟਰ ਤੇ ਟਰਾਲੀਆਂ ਨਾਲ ਰੋਸ ਪ੍ਰਗਟਾਇਆ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਤਹਿਤ ਸਮਰਾਲਾ ਕੋਲ ਚੰਡੀਗੜ੍ਹ-ਲੁਧਿਆਣਾ ਮੁੱਖ ਮਾਰਗ ਵੀ ਜਾਮ ਕੀਤਾ ਗਿਆ। ਕਿਸਾਨਾਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।

ਬੌਂਦਲੀ ਕਾਲਜ ਤੋਂ ਲੈ ਕੇ ਸਮਰਾਲਾ ਦੇ ਐਸਡੀਐਮ ਦਫ਼ਤਰ ਤਕ ਕਿਸਾਨਾਂ ਨੇ ਰੋਸ ਮਾਰਗ ਕੱਢਿਆ। ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਝੋਨੇ ਦਾ ਲਵਾਈ ਸ਼ੁਰੂ ਹੋਣ ਵਾਲੀ ਹੈ ਤੇ ਡੀਜ਼ਲ ਦੇ ਭਾਅ ਅੰਬਰਾਂ ਨੂੰ ਛੋਹ ਰਹੇ ਹਨ। ਉਨ੍ਹਾਂ ਲਗਾਤਾਰ ਵਧ ਰਹੀਆਂ ਡੀਜ਼ਲ ਦੀਆਂ ਕੀਮਤਾਂ ‘ਤੇ ਕੇਂਦਰ ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ।

Source: ABP Sanjha