ਤੀ ਕਰਜ਼ਾ ਮੁਆਫ਼ੀ ਦੀ ਕੋਈ ਤਜਵੀਜ਼ ਨਹੀਂ: ਕੇਂਦਰ

July 22 2017

By: Punjabi tribune, July 22, 2017

ਨਵੀਂ ਦਿੱਲੀ,

ਵਿੱਤ ਰਾਜ ਮੰਤਰੀ ਦਾ ਲੋਕ ਸਭਾ ’ਚ ਐਲਾਨ;

ਵਿਰੋਧੀ ਧਿਰ ਵੱਲੋਂ ਸਦਨ ’ਚ ਜ਼ੋਰਦਾਰ ਹੰਗਾਮਾ ਤੇ ਵਾਕ-ਆਊਟ;

ਹਾਕਮ ਧਿਰ ਨਾਲ ਹੋਈ ਤਿੱਖੀ ਤਕਰਾਰ

ਦੇਸ਼ ਭਰ ਦੇ ਕਰਜ਼ਿਆਂ ਹੇਠ ਦੱਬੇ ਕਿਸਾਨਾਂ ਦੀਆਂ ਉਮੀਦਾਂ ਉਤੇ ਪਾਣੀ ਫੇਰਦਿਆਂ ਕੇਂਦਰ ਸਰਕਾਰ ਨੇ ਅੱਜ ਸਾਫ਼ ਆਖ ਦਿੱਤਾ ਕਿ ਇਸ ਵੱਲੋਂ ਖੇਤੀ ਕਰਜ਼ੇ ਮੁਆਫ਼ ਕਰਨ ਸਬੰਧੀ ਕਿਸੇ ਤਜਵੀਜ਼ ਉਤੇ ਗ਼ੌਰ ਨਹੀਂ ਕੀਤੀ ਜਾ ਰਹੀ। ਇਹ ਗੱਲ ਅੱਜ ਲੋਕ ਸਭਾ ਵਿੱਚ ਇਕ ਲਿਖਤੀ ਸਵਾਲ ਦਾ ਜਵਾਬ ਦਿੰਦਿਆਂ ਵਿੱਤ ਰਾਜ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਆਖੀ। ਕਾਂਗਰਸ ਨੇ ਮੰਤਰੀ ਦੇ ਬਿਆਨ ਦਾ ਵਿਰੋਧ ਕਰਦਿਆਂ ਜ਼ੋਰਦਾਰ ਹੰਗਾਮਾ ਕੀਤਾ ਤੇ ਬਾਅਦ ਵਿੱਚ ਪਾਰਟੀ ਮੈਂਬਰ ਸਦਨ ਤੋਂ ਵਾਕ-ਆਊਟ ਕਰ ਗਏ। ਉਧਰ ਹਾਕਮ ਧਿਰ ਨੇ ਕਿਸਾਨਾਂ ਦੇ ਮਸਲਿਆਂ ’ਤੇ ਕਾਂਗਰਸ ਉਤੇ ‘ਮਗਰਮੱਛ ਦੇ ਹੰਝੂ’ ਵਹਾਉਣ ਦਾ ਦੋਸ਼ ਲਾਇਆ।

ਸ੍ਰੀ ਗੰਗਵਾਰ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੇ ਬੀਤੇ ਤਿੰਨ ਸਾਲਾਂ ਦੌਰਾਨ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਕਿਸੇ ਸਕੀਮ ਦਾ ਐਲਾਨ ਨਹੀਂ ਕੀਤਾ। ਉਨ੍ਹਾਂ ਆਖਿਆ, ‘‘ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਕਿਸੇ ਤਜਵੀਜ਼ ਉਤੇ ਵਿਚਾਰ ਨਹੀਂ ਕੀਤੀ ਜਾ ਰਹੀ।’’ ਗ਼ੌਰਤਲਬ ਹੈ ਕਿ ਬੀਤੀ 12 ਜੂਨ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਕਿਹਾ ਸੀ ਕਿ ਰਾਜ ਸਰਕਾਰਾਂ ਵੱਲੋਂ ਕਿਸਾਨੀ ਕਰਜ਼ੇ ਮੁਆਫ਼ ਕੀਤੇ ਜਾਣ ਦੀ ਸੂਰਤ ਵਿੱਚ ਕੇਂਦਰ ਵੱਲੋਂ ਉਨ੍ਹਾਂ ਦੀ ਕੋਈ ਮਾਲੀ ਇਮਦਾਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਸੀ ਕਿ ਇਸ ਮਕਸਦ ਲਈ ਸੂਬਾ ਸਰਕਾਰਾਂ ਨੂੰ ਆਪਣੇ ਵਸੀਲੇ ਜੁਟਾਉਣੇ ਹੋਣਗੇ। ਇਸ ਤੋਂ ਪਹਿਲਾਂ 2008 ਵਿੱਚ ਉਦੋਂ ਦੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ ਕਿਸਾਨਾਂ ਦੇ 74 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਸਨ। ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਗੰਗਵਾਰ ਨੇ ਕਿਹਾ ਕਿ ਖੇਤਰੀ ਪੇਂਡੂ ਬੈਂਕਾਂ (ਆਰਆਰਬੀਜ਼) ਵੱਲੋਂ ਦਿੱਤੇ ਗਏ ਖੇਤੀ ਕਰਜ਼ਿਆਂ ਦੀ ਰਕਮ ਸਾਲ 2016-17 ਦੌਰਾਨ 1.23 ਕਰੋੜ ਰੁਪਏ ਸੀ।

ਇਸ ਦੌਰਾਨ ਕਿਸਾਨੀ ਮਸਲੇ ਉਤੇ ਕਾਂਗਰਸ ਨੇ ਸਦਨ ਵਿੱਚ ਜ਼ੋਰਦਾਰ ਹੰਗਾਮਾ ਕਰਨ ਪਿੱਛੋਂ ਵਾਕ-ਆਊਟ ਕੀਤਾ। ਹਾਕਮ ਤੇ ਵਿਰੋਧੀ ਮੈਂਬਰਾਂ ਦਰਮਿਆਨ ਤਿੱਖੀ ਤਕਰਾਰ ਵੀ ਹੋਈ। ਸਵਾਲਾਂ ਦੇ ਸਮੇਂ ਦੌਰਾਨ ਹੀ ਕਾਂਗਰਸੀ ਮੈਂਬਰ ਸਪੀਕਰ ਦੇ ਆਸਣ ਅੱਗੇ ਨਾਅਰੇਬਾਜ਼ੀ ਕਰਨ ਲੱਗੇ। ਸਿਫ਼ਰ ਵਕਫ਼ੇ ਦੌਰਾਨ ਵੀ ਇਹੋ ਸਥਿਤੀ ਰਹੀ ਤਾਂ ਸੰਸਦੀ ਮਾਮਲਿਆਂ ਦੇ ਮੰਤਰੀ ਅਨੰਤ ਕੁਮਾਰ ਨੇ ਦੋਸ਼ ਲਾਇਆ ਕਿ ਕਾਂਗਰਸ ਇਸ ਮੁੱਦੇ ’ਤੇ ‘ਮਗਰਮੱਛ ਦੇ ਹੰਝੂ’ ਵਹਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜਦੋਂ ਸਦਨ ਵਿੱਚ ਇਸ ਮੁੱਦੇ ’ਤੇ ਬਹਿਸ ਚੱਲ ਰਹੀ ਸੀ ਤਾਂ ਕਾਂਗਰਸ ਵਾਕ-ਆਊਟ ਕਰ ਗਈ ਸੀ। ਸਿਫ਼ਰ ਕਾਲ ਦੌਰਾਨ ਮੁੱਦਾ ਉਠਾਉਂਦਿਆਂ ਕਾਂਗਰਸ ਦੇ ਦੀਪੇਂਦਰ ਹੁੱਡਾ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਤੋਂ ਲੈ ਕੇ ਹਰਿਆਣਾ ਤੇ ਮੱਧ ਪ੍ਰਦੇਸ਼ ਤੱਕ ਕਿਸਾਨ ਸੜਕਾਂ ’ਤੇ ਉਤਰੇ ਹੋਏ ਹਨ ਤੇ ਉਨ੍ਹਾਂ ਦੀ ਪਾਰਟੀ ਸਰਕਾਰ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ। ਦੂਜੇ ਪਾਸੇ ਭਾਜਪਾ ਦੇ ਮੈਂਬਰ ਪੁੱਛਦੇ ਰਹੇ ਕਿ ਕਾਂਗਰਸ ਨੇ 60 ਸਾਲਾਂ ਦੌਰਾਨ ਕਿਸਾਨਾਂ ਲਈ ਕੀ ਕੀਤਾ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।