ਤਿੰਨ ਸਾਲਾਂ ਪਸ਼ੂ ਪਾਲਕਾਂ ਦੀ ਆਮਦਨ 24 ਫ਼ੀਸਦੀ ਵਧੀ-ਖੇਤੀਬਾੜੀ ਮੰਤਰੀ

November 28 2017

ਨਵੀਂ ਦਿੱਲੀ : ਖੇਤੀਬਾੜੀ ਮੰਤਰੀ ਰਾਧਾ ਮੋਹਨ ਨੇ ਰਾਸ਼ਟਰੀ ਦੁੱਧ ਦਿਵਸ ‘ਤੇ ਇਕ ਪ੍ਰੋਗਰਾਮ ‘ਚ ਕਿਹਾ ਕਿ ਸਰਕਾਰ ਨੇ ਦੁੱਧ ਖੇਤਰ ‘ਚ ਉਤਪਾਦਨ ਵਧਾਉਣ ਲਈ ਪਿਛਲੇ ਤਿੰਨ ਸਾਲਾਂ ਤੋਂ ਕਈ ਸਾਰਥਕ ਕਦਮ ਚੁੱਕੇ ਹਨ ਜਿਸ ਨਾਲ ਦੁੱਧ ਉਤਪਾਦਨ 18.81 ਫ਼ੀਸਦੀ ਤੇ ਦੁਧਾਰੂ ਪਸ਼ੂਆਂ ਨੂੰ ਪਾਲਣ ਵਾਲੇ ਕਿਸਾਨਾਂ ਦੀ ਆਮਦਨ 23.77 ਫ਼ੀਸਦੀ ਵਧੀ ਹੈ।

ਉਨ੍ਹਾਂ ਕਿਹਾ ਕਿ ਦੇਸ਼ ‘ਚ ਦੁੱਧ ਦਾ ਉਤਪਾਦਨ ਵਧਾਉਣ ਤੇ 2022 ਤਕ ਕਿਸਾਨਾਂ ਦੀ ਆਮਦਨ ਦੋ ਗੁਣਾ ਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਰਾਸ਼ਟਰੀ ਕਾਰਜ ਯੋਜਨਾ-2022 ਜਲਦੀ ਹੀ ਪੇਸ਼ ਕੀਤਾ ਜਾਵੇਗਾ। ਇਸ ‘ਚ ਦੁੱਧ ਦੇ ਕਾਰੋਬਾਰ ਦੀ ਮੁੱਢਲੀ ਸਮਰੱਥਾ ਵਧਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

ਰਾਸ਼ਟਰੀ ਦੁੱਧ ਦਿਵਸ ‘ਤੇ ਭਾਰਤ ‘ਚ ਸਫੈਦ ਕ੍ਰਾਂਤੀ ਦੇ ਜਨਕ ਡਾ. ਵਰਗੀਜ਼ ਕੁਰੀਅਨ ਦੇ ਜਨਮ ਦਿਨ ਮੌਕੇ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਇਸ ਮੌਕੇ ‘ਤੇ ਸਿੰਘ ਨੇ ਕਿਹਾ ਕਿ ਸਾਡਾ ਦੁੱਧ ਉਤਪਾਦਨ 2013-14 ‘ਚ 13.77 ਕਰੋੜ ਟਨ ਸੀ ਜੋ ਕਿ 2016-17 ‘ਚ 16.36 ਕਰੋੜ ਟਨ ਤਕ ਪੁੱਜ ਗਿਆ। ਉਨ੍ਹਾਂ ਕਿਹਾ ਕਿ ਭਾਰਤ ਅੱਜ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਪੈਦਾ ਕਰਨ ਵਾਲਾ ਦੇਸ਼ ਹੈ।

ਤਿੰਨ ਸਾਲ ‘ਚ ਦੁੱਧ ਉਤਪਾਦਨ ‘ਚ ਸਾਲਾਨਾ 6 ਫ਼ੀਸਦੀ ਦੀ ਦਰ ਨਾਲ ਵਾਧਾ ਹੋ ਰਿਹਾ ਹੈ ਜਦਕਿ ਉਸ ਤੋਂ ਪਹਿਲਾਂ ਇਸ ਦੀ ਵਾਧਾ ਦਰ ਤਿੰਨ ਤੋਂ ਚਾਰ ਫ਼ੀਸਦੀ ਸੀ। ਮੰਤਰੀ ਨੇ ਕਿਹਾ ਕਿ 2011-12 ਦੇ ਮੁਕਾਬਲੇ 2014-17 ‘ਚ ਪਸ਼ੂ ਪਾਲਕਾਂ ਕਿਸਾਨਾਂ ਦੀ ਆਮਦਨ 23.77 ਫ਼ੀਸਦੀ ਵਧੀ ਹੈ। ਇਸ ਖੇਤਰ ਦੀ ਆਮਦਨ ਵਧਾਉਣ ਲਈ ਦੁੱਧ ਪ੍ਰੋਸੈਸਿੰਗ ਖੇਤਰ ‘ਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੇ ਸਿਰਫ 20 ਫ਼ੀਸਦੀ ਦੁੱਧ ਨੂੰ ਹੀ ਹੋਰ ਉਤਪਾਦ ਬਣਾਉਣ ਲਈ ਵਰਤਿਆ ਜਾ ਰਿਹਾ ਹੈ। ਇਸ ਨੂੰ ਵਧਾ ਕੇ 30 ਫ਼ੀਸਦੀ ਕੀਤੇ ਜਾਣ ਦਾ ਟੀਚਾ ਹੈ।

ਸਰਕਾਰ ਨੇ ਸਹਿਕਾਰੀ ਡੇਅਰੀ ਖੇਤਰ ਲਈ 10.881 ਕਰੋੜ ਰੁਪਏ ਦੀ ਡੇਅਰੀ ਪ੍ਰੋਸੈਸਿੰਗ ਤੇ ਵਿਕਾਸ ਫੰਡ ਯੋਜਨਾ ਪਹਿਲਾਂ ਹੀ ਐਲਾਨ ਕੀਤੀ ਜਾ ਚੁੱਕੀ ਹੈ। ਖੇਤੀਬਾੜੀ ਮੰਤਰੀ ਨੇ ਪ੍ਰਤੀ ਪਸ਼ੂ ਧਨ ਦੁੱਧ ਉਤਪਾਦਨ ਵਧਾਉਣ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ‘ਚ ਸੱਤ ਕਰੋੜ ਪੇਂਡੂ ਪਰਿਵਾਰ ਪਸ਼ੂ ਪਾਲਣ ਕੀਤੇ ਹਨ ਤੇ ਉਨ੍ਹਾਂ ਦੇ ਉਤਪਾਦਨ ਦੀ ਸਮਰੱਥਾ ਘੱਟ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP sanjha