ਤਕਨਾਲੋਜੀ ਦੇ ਨਵੇਂ ਯੁੱਗ ਵਿੱਚ ਖੇਤੀ ਪਸਾਰ ਸੇਵਾਵਾਂ ਦੇ ਨਵੀਨੀਕਰਨ ਦੀ ਲੋੜ : ਅਜੈਵੀਰ ਜਾਖੜ

October 30 2017

 ਲੁਧਿਆਣਾ 30 ਅਕਤੂਬਰ -ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਪਸਾਰ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਗੱਲ ਕਰਦਿਆਂ ਕਿਸਾਨ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਜੈਵੀਰ ਜਾਖੜ ਨੇ ਪੰਜਾਬ ਦੇ ਕਿਸਾਨਾਂ ਨੂੰ ਬਿਹਤਰੀਨ ਖੇਤੀ ਪਸਾਰ ਸੇਵਾਵਾਂ ਮੁਹੱਈਆ ਕਰਵਾਉਣ ਬਾਰੇ ਚਰਚਾ ਕਰਦਿਆਂ ਕਿਹਾ ਕਿ ਤਕਨਾਲੋਜੀ ਦੇ ਇਸ ਨਵੇਂ ਯੁੱਗ ਵਿੱਚ ਇਸ ਦੇ ਨਵੀਨੀਕਰਨ ਦੀ ਲੋੜ ਹੈ । ਉਹਨਾਂ ਕਿਹਾ ਕਿ ਸਾਡਾ ਮੁੱਖ ਮਕਸਦ ਪੰਜਾਬ ਦੇ ਕਿਸਾਨ ਨੂੰ ਬਹੁਤ ਵਧੀਆ ਖੇਤੀ ਜਾਣਕਾਰੀ ਪਹੁੰਚਾਉਣੀ ਸੰਭਵ ਬਨਾਉਣਾ ਹੈ ਤਾਂ ਜੋ ਅਸੀਂ ਹੋਰ ਵੰਗਾਰਾਂ ਦੇ ਨਾਲ-ਨਾਲ ਰਸਾਇਣਾਂ ਦੀ ਬੇਲੋੜੀ ਵਰਤੋਂ ਨੂੰ ਬੰਨ ਲਾਉਣ ਵਿੱਚ ਸਫ਼ਲ ਹੋ ਸਕੀਏ । ਉਹ ਖੇਤੀ ਨਾਲ ਜੁੜੇ ਸਮੁੱਚੇ ਅਦਾਰਿਆਂ ਅਤੇ ਇਹਨਾਂ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਪੁਨਰ ਮੁਲਾਂਕਣ ਕਰ ਰਹੇ ਸਨ । ਅੱਜ ਜਦੋਂ ਪੰਜਾਬ ਦਾ ਕਿਸਾਨ ਬਿਹਤਰ ਸੰਚਾਰ ਸੁਵਿਧਾਵਾਂ ਨਾਲ ਜੁੜਿਆ ਹੋਇਆ ਹੈ ਤਾਂ ਪਸਾਰ ਸੇਵਾਵਾਂ ਨੂੰ ਵੀ ਇਸ ਸ਼ੋਸ਼ਲ ਮੀਡੀਆ ਨਾਲ ਜੁੜਨ ਦੀ ਲੋੜ ਹੈ। ਇਹ ਅਜਿਹਾ ਸਾਧਨ ਹੈ ਜਿੱਥੇ ਲੱਖਾਂ ਕਿਸਾਨਾਂ ਨਾਲ ਸਿੱਧੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਉਹਨਾਂ ਦੀ ਖੇਤੀ ਸਮੱਸਿਆਵਾਂ ਨੂੰ ਵੀ ਜਾਣਿਆ ਜਾ ਸਕਦਾ ਹੈ । ਸ੍ਰੀ ਜਾਖੜ ਨੇ ਦੱਸਿਆ ਕਿ ਛੇਤੀ ਹੀ ਖੇਤੀ ਸੰਬੰਧੀ ਇੱਕ ਸੰਯੁਕਤ ਨੀਤੀ ਵੀ ਤਿਆਰ ਹੋ ਕੇ ਆ ਰਹੀ ਹੈ । 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਵੱਲੋਂ ਕੀਤੇ ਜਾਂਦੇ ਪਸਾਰ ਕਾਰਜਾਂ ਦੀ ਗੱਲ ਕਰਦਿਆਂ ਸਾਰੇ ਵਿਭਾਗਾਂ ਨਾਲ ਤਾਲਮੇਲ ਤੇ ਜ਼ੋਰ ਦਿੱਤਾ । ਉਹਨਾਂ ਦੱਸਿਆ ਕਿ ਯੂਨੀਵਰਸਿਟੀ ਰਵਾਇਤੀ ਵਿਧੀਆਂ ਦੇ ਨਾਲ-ਨਾਲ ਨਵੀਨ ਵਿਧੀਆਂ ਜਿਵੇਂ ਸ਼ੋਸ਼ਲ ਮੀਡੀਆ, ਫੇਸਬੁੱਕ, ਵਟਸਐਪ, ਟਵੀਟਰ ਅਤੇ ਈਮੇਲ ਗਰੁੱਪਾਂ ਰਾਹੀ ਵੀ ਕਿਸਾਨਾਂ ਨਾਲ ਜੁੜੀ ਹੋਈ ਹੈ । ਯੂਨੀਵਰਸਿਟੀ ਵੱਲੋਂ ਖੇਤੀ ਸੰਦੇਸ਼ ਨਾਂ ਦਾ ਹਫ਼ਤਾਵਰੀ ਡਿਜ਼ੀਟਲ ਅਖਬਾਰ ਵੀ ਕਿਸਾਨਾਂ ਤੱਕ ਵਟਸਐਪ ਰਾਹੀਂ ਪਹੁੰਚ ਰਿਹਾ ਹੈ।  ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਆਏ ਨਿਰਦੇਸ਼ਕਾਂ ਅਤੇ ਪਸਾਰ ਮਾਹਿਰਾਂ ਨੇ ਨਵੀਨੀਕਰਨ ਦੇ ਇਸ ਪ੍ਰਸੰਗ ਵਿੱਚ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ । ਨਹਿਰੂ ਯੁਵਕ ਕੇਂਦਰਾਂ, ਫੋਕਲ ਪੁਆਇੰਟ, ਆਤਮਾ ਵਰਗੇ ਅਦਾਰਿਆਂ ਦੇ ਸਹਿਯੋਗ ਬਾਰੇ ਮੁੱਖ ਨੁਕਤੇ ਉਭਰ ਕੇ ਸਾਹਮਣੇ ਆਏ । 

ਇਸ ਵਿਚਾਰ-ਚਰਚਾ ਦਾ ਆਰੰਭ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਸਵਾਗਤੀ ਸ਼ਬਦਾਂ ਨਾਲ ਕੀਤਾ । ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਯੂਨੀਵਰਸਿਟੀ ਦੇ ਖੇਤੀ ਪਸਾਰ ਕਾਰਜਾਂ ਦੀ ਰੂਪ-ਰੇਖਾ ਅਤੇ ਇਹਨਾਂ ਦੀ ਪਹੁੰਚ ਸੰਬੰਧੀ ਆਪਣੀ ਪੇਸ਼ਕਾਰੀ ਦਿੱਤੀ । ਇਸ ਸਮੇਂ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਅਤੇ ਡਾ. ਦੀਦਾਰ ਸਿੰਘ ਭੱਟੀ ਤੋਂ ਇਲਾਵਾ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਨਿਰਦੇਸ਼ਕ ਅਤੇ ਪਸਾਰ ਮਾਹਰ ਵੀ ਇਸ ਵਿੱਚ ਸ਼ਾਮਲ ਹੋਏ ।