ਡੀ. ਸੀ. ਵੱਲੋਂ ਘਰੇਲੂ ਬਗੀਚੀ ਲਈ ਸਰਦ ਰੁੱਤ ਦੇ ਸਬਜ਼ੀ ਬੀਜਾਂ ਦੀ ਕਿੱਟ ਜਾਰੀ

September 07 2017

 by: ajit date: 7 september 2017

ਐੱਸ. ਏ. ਐੱਸ. ਨਗਰ, 6 ਸਤੰਬਰ (ਕੇ. ਐੱਸ. ਰਾਣਾ)- ਜ਼ਿਲ੍ਹੇ ਦੇ ਕਿਸਾਨਾਂ ਦੀ ਆਰਥਿਕਤਾ ਦੀ ਮਜ਼ਬੂਤੀ ਲਈ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਕਣਕ ਤੇ ਝੋਨੇ ਦੇ ਚੱਕਰ ਵਿਚੋਂ ਕੱਢ ਕੇ ਫ਼ਲਾਂ, ਫੁੱਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਸਬੰਧੀ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਕਿਸਾਨ ਵੱਧ ਮੁਨਾਫਾ ਕਮਾ ਸਕਣ | ਇਸ ਸਬੰਧੀ ਬਾਗਬਾਨੀ ਵਿਭਾਗ ਨੂੰ ਵੀ ਇਕ ਯੋਜਨਾ ਤਿਆਰ ਕਰਨ ਦੀ ਹਦਾਇਤ ਕੀਤੀ ਗਈ ਹੈ | ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਮੁਹਾਲੀ ਗੁਰਪ੍ਰੀਤ ਕੌਰ ਸਪਰਾ ਨੇ ਬਾਗਬਾਨੀ ਵਿਭਾਗ ਵੱਲੋਂ ਘਰੇਲੂ ਬਗੀਚੀ ਲਈ ਸਰਦ ਰੁੱਤ ਦੇ ਸਬਜ਼ੀ ਬੀਜਾਂ ਦੀ ਕਿੱਟ ਜਾਰੀ ਕਰਨ ਮੌਕੇ ਦਿੱਤੀ | ਇਸ ਮੌਕੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਨੈਲ ਸਿੰਘ ਅਤੇ ਬਾਗਬਾਨੀ ਅਫ਼ਸਰ ਤਿਰਲੋਚਨ ਸਿੰਘ ਵੀ ਮੌਜੂਦ ਸਨ | ਇਸ ਮੌਕੇ ਉਨ੍ਹਾਂ ਦੱਸਿਆ ਕਿ ਘਰੇਲੂ ਬਗੀਚੀ ਲਗਾਉਣ ਨਾਲ ਜਿੱਥੇ ਪੌਸ਼ਟਿਕ ਖੁਰਾਕ ਮਿਲਦੀ ਹੈ ਉੱਥੇ ਬੇਲੋੜੇ ਖਰਚਿਆਂ ਤੋਂ ਵੀ ਬਚਾਅ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਸਰਦ ਰੁੱਤ ਦੇ ਸਬਜ਼ੀ ਬੀਜਾਂ ਦੀ ਕਿੱਟ ਸਸਤੇ ਭਾਅ ਤੇ ਮੁਹੱਈਆ ਕਰਵਾਈ ਜਾਵੇਗੀ | ਇਸੇ ਦੌਰਾਨ ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਅਤੇ ਲੋਕਾਂ ਨੂੰ ਘਰਾਂ ਵਿਚ ਰੋਜ਼ਾਨਾ ਖਪਤ ਲਈ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ, ਫ਼ਲਾਂ ਅਤੇ ਦਾਲਾਂ ਆਦਿ ਦੀ ਘਰਾਂ/ਟਿਊਬਵੈੱਲਾਂ ਤੇ ਸੁਚੱਜੇ ਢੰਗ ਨਾਲ ਪੈਦਾਵਾਰ ਕਰਨ ਲਈ ਵੀ ਆਖਿਆ, ਜਿਸ ਨਾਲ ਉਨ੍ਹਾਂ ਦਾ ਰੋਜ਼ਾਨਾ ਦਾ ਖਰਚਾ ਵੀ ਘਟੇਗਾ | ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਕਰਨੈਲ ਸਿੰਘ ਨੇ ਦੱਸਿਆ ਕਿ ਇਸ ਕਿੱਟ ਵਿਚ ਮੂਲੀ, ਗਾਜਰ, ਸ਼ਲਗਮ, ਮਟਰ, ਪਾਲਕ, ਮੇਥੀ, ਧਨੀਆ, ਬਰਕੌਲੀ, ਚੀਨੀ ਸਰੋਂ, ਲੈਟਸ ਅਤੇ ਚਕੰਦਰ ਦੇ ਬੀਜ ਹਨ ਜੋ ਕਿ 6 ਮਰਲੇ ਲਈ ਕਾਫੀ ਹਨ ਅਤੇ ਘਰੇਲੂ ਬਗੀਚੀ ਵਿਚ ਇਸ ਕਿੱਟ ਵਿਚੋਂ ਵਿਊਾਤਬੰਦੀ ਨਾਲ ਬੀਜ ਲਗਾ ਕੇ ਸੱਤ ਜੀਆਂ ਦੇ ਪਰਿਵਾਰ ਲਈ 400 ਕਿੱਲੋ ਤਾਜ਼ੀ ਸਬਜ਼ੀ ਪੈਦਾ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਘਰੇਲੂ ਬਗੀਚੀ ਲਈ ਸਰਦ ਰੁੱਤ ਦੇ ਬੀਜਾਂ ਦੀ ਕਿੱਟ ਸਸਤੇ ਭਾਅ ਤੇ ਡੇਰਾਬੱਸੀ, ਕੁਰਾਲੀ, ਖਰੜ ਅਤੇ ਮੁਹਾਲੀ ਦੇ ਬਾਗਬਾਨੀ ਅਫ਼ਸਰਾਂ ਦੇ ਦਫ਼ਤਰਾਂ ਤੋਂ ਖਰੀਦੀ ਕੀਤੀ ਜਾ ਸਕਦੀ ਹੈ | 

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।