ਝੋਨੇ/ਬਾਸਮਤੀ 'ਚ ਬੂਟਿਆਂ ਦੇ ਟਿੱਡਿਆਂ/ਤੇਲੇ ਦੀ ਰੋਕਥਾਮ

September 25 2017

 ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਝੋਨੇ/ਬਾਸਮਤੀ ਦੇ ਸਰਵੇਖਣ ਦੌਰਾਨ ਕੁੱਝ ਕੁ ਖੇਤਾਂ ਵਿੱਚ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਵੇਖਿਆ ਹੈ। ਪੰਜਾਬ ਵਿੱਚ ਚਿੱਟੀ ਪਿੱਠ ਵਾਲਾ ਅਤੇ ਭੂਰਾ ਟਿੱਡਾ (ਤੇਲਾ) ਝੋਨੇ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ ਅਤੇ ਅਕਸਰ ਵਿਖਾਈ ਨਹੀਂ ਦਿੰਦੇ। ਇਨ੍ਹਾਂ ਕੀੜਿਆਂ ਦੇ ਬੱਚੇ ਅਤੇ ਬਾਲਗ ਤਣੇ ਦੇ ਮੁੱਢਾਂ ਕੋਲ ਬੂਟਿਆਂ ਦਾ ਰਸ ਚੂਸਦੇ ਹਨ। ਸਿੱਟੇ ਵਜੋਂ ਬੂਟੇ ਦੇ ਪੱਤੇ ਉੱਪਰਲੇ ਸਿਰਿਆਂ ਵਲੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੋਲੀ ਸਾਰਾ ਬੂਟਾ ਹੀ ਸੁੱਕ ਕੇ ਝੁਲਸ ਜਾਂਦਾ ਹੈ। ਕਈ ਵਾਰ ਹਮਲੇ ਵਾਲੇ ਪੱਤਿਆਂ ਤੇ ਕਾਲੀ ਉੱਲ਼ੀ ਵੀ ਲੱਗ ਜਾਂਦੀ ਹੈ। ਹਮਲੇ ਵਾਲਾ ਬੂਟਾ ਸੁੱਕਣ ਤੇ ਟਿੱਡੇ ਲਾਗਲੇ ਨਰੋਏ ਬੂਟਿਆਂ ਤੇ ਚਲੇ ਜਾਂਦੇ ਹਨ ਅਤੇ  ਇਸ ਤਰ੍ਹਾਂ ਬੂਟੇ ਦੌਗੀਆਂ/ ਧੌੜੀਆਂ ਵਿੱਚ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਹਮਲੇ ਦੀ ਅਜਿਹੀ ਹਾਲਤ ਨੂੰ ਟਿੱਡੇ ਦਾ ਸਾੜ ਕਹਿੰਦੇ ਹਨ। ਹਮਲਾ ਵੱਧਣ ਨਾਲ ਇਨ੍ਹਾਂ ਦੌਗੀਆਂ/ ਧੌੜੀਆਂ ਦੇ ਘੇਰਿਆਂ ਦੇ ਖੇਤਰਫਲ ਵੀ ਵੱਧ ਜਾਂਦਾ ਹੈ ਅਤੇ ਜੇ ਕੀੜੇ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਕਈ ਵਾਰ ਹੋਲੀ-ਹੌਲੀ ਸਾਰਾ ਖੇਤ ਹੀ ਹਮਲੇ ਹੇਠ ਆ ਜਾਂਦਾ ਹੈ। ਇਨ੍ਹਾਂ ਟਿੱਡਿਆਂ ਦੇ ਨੁਕਸਾਨ ਤੋਂ ਬਚਣ ਲਈ ਫਸਲ ਉੱਤੇ ਇਨ੍ਹਾਂ ਦੀ ਹੋਂਦ ਬਾਰੇ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਸਰਵੇਖਣ ਲਈ ਕੁੱਝ ਕੁ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰ ਹਲਕਾ-ਹਲਕਾ ਥਾਪੜ੍ਹ ਕੇ ਝਾੜੋ। ਜੇ ੫ ਜਾਂ ਵੱਧ ਟਿੱਡੇ ਪ੍ਰਤੀ ਬੂਟਾ ਪਾਣੀ ਉੱਤੇ ਤਰਦੇ ਵਿਖਾਈ ਦੇਣ ਤਾਂ ੪੦ ਮਿ.ਲਿ. ਕੌਨਫੀਡੋਰ 200 ਐਸ. ਐਲ./ ਕਰੋਕੋਡਾਈਲ 17.8 ਈ. ਸੀ. (ਇਮਿਡਾਕਲੋਪਰਿਡ)/ ਜਾਂ 800 ਮਿ.ਲਿ. ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ ਸੀ (ਕੁਇਨਲਫਾਸ) ਜਾਂ ਇਕ ਲਿਟਰ ਕੋਰੋਬਾਨ/ ਡਰਸਬਾਨ 20 ਈ. ਸੀ. (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ  ਛਿੜਕੋ। ਚੰਗੇ ਨਤੀਜ਼ਿਆਂ ਲਈ ਕੀਟਨਾਸ਼ਕਾਂ ਦਾ ਛਿੜਕਾਅ ਬੂਟੇ ਦੇ ਮੁੱਢ ਵੱਲ ਕਰਕੇ ਕਰੋ।

ਸਿੰਥੈਟਿਕ ਪਰਿਥਰਾਇਡ ਜ਼ਹਿਰਾਂ (ਜਿਵੇਂ ਕਿ ਸਾਈਪਰਮੈਥਰਿਨ, ਲੈੰਮਡਾਸਿਆਲੋਥਰਿਨ, ਡੈਲਟਾਮੈਥਰਿਨ ਆਦਿ) ਦੀ ਵਰਤੋਂ ਬੂਟਿਆਂ ਦੇ ਟਿੱਡਿਆਂ ਦੀ ਗਿਣਤੀ ਵਧਾਉਂਦੀ ਹੈ, ਇਸ ਲਈ ਝੋਨੇ ਉੱਪਰ ਇਨ੍ਹਾਂ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।