ਝੋਨੇ ਦੀ ਲੁਆਈ ਦੀ ਤਿਆਰੀ ਦਾ ਵੇਲਾ

June 11 2018

ਗਰਮੀ ਵਿੱਚ ਜਿੱਥੇ ਫ਼ਸਲਾਂ ਦਾ ਧਿਆਨ ਰੱਖਣ ਦੀ ਲੋੜ ਹੈ, ਉਥੇ ਹੀ ਡੰਗਰਾਂ ਨੂੰ ਵੀ ਗਰਮੀ ਤੋਂ ਬਚਾਉਣਾ ਚਾਹੀਦਾ ਹੈ। ਦੋਗਲੀਆਂ ਗਊਆਂ ਤਾਂ ਮੱਝਾਂ ਨਾਲੋਂ ਵੀ ਵਧ ਗਰਮੀ ਮੰਨਦੀਆਂ ਹਨ, ਜੇ ਇਨ੍ਹਾਂ ਨੂੰ ਗਰਮੀ ਤੋਂ ਨਾ ਬਚਾਇਆ ਜਾਵੇ ਤਾਂ ਕੇਵਲ ਦੁੱਧ ਹੀ ਨਹੀਂ ਘਟ ਜਾਂਦਾ ਸਗੋਂ ਇਹ ਬੀਮਾਰ ਵੀ ਹੋ ਜਾਂਦੀਆਂ ਹਨ। ਧੁੱਪ ਹੁੰਦਿਆਂ ਹੀ ਡੰਗਰਾਂ ਨੂੰ ਸੰਘਣੀ ਛਾਂ ਵਾਲੇ ਰੁੱਖ ਹੇਠ ਬੰਨ੍ਹਿਆ ਜਾਵੇ ਜਾਂ ਹਵਾਦਾਰ ਸ਼ੈੱਡ ਵਿੱਚ ਰੱਖਿਆ ਜਾਵੇ। ਸ਼ੈਡ ਵਿੱਚ ਪੱਖੇ ਲਗਾਏ ਜਾਣ, ਜੇ ਹੋ ਸਕੇ ਤਾਂ ਕੂਲਰ ਵੀ ਲਗਾਏ ਜਾਣ। ਸ਼ੈੱਡ ਦੇ ਚੌਗਿਰਦੇ ਖੱਸ ਦੀਆਂ ਸਫ਼ਾਂ ਨੂੰ ਗਿੱਲਾ ਕਰ ਕੇ ਟੰਗਿਆ ਜਾਵੇ। ਸਵੇਰੇ, ਦੁਪਹਿਰੇ ਤੇ ਸ਼ਾਮ ਨੂੰ ਡੰਗਰਾਂ ਨੂੰ ਤਾਜ਼ਾ ਪਾਣੀ ਪਿਲਾਇਆ ਜਾਵੇ।

ਗਰਮੀਆਂ ਵਿੱਚ ਦੁਧਾਰੂਆਂ ਦਾ ਦੁੱਧ ਘਟ ਜਾਂਦਾ ਹੈ। ਗਰਮੀ ਨਾਲ ਹਰੇ ਚਾਰੇ ਦੀ ਘਾਟ ਵੀ ਇਸ ਦਾ ਕਾਰਨ ਬਣਦੀ ਹੈ। ਇਕ ਪਸ਼ੂ ਨੂੰ ਰੋਜ਼ਾਨਾ 40 ਕਿਲੋ ਹਰਾ ਚਾਰਾ ਚਾਹੀਦਾ ਹੈ। ਪੰਜਾਬ ਵਿਚ ਲਗਪਗ ਸਾਰੀ ਧਰਤੀ ਹੀ ਸੇਂਜੂ ਹੈ। ਇਸ ਕਰਕੇ ਇੱਥੇ ਸਾਰਾ ਸਾਲ ਹਰਾ ਚਾਰਾ ਪੈਦਾ ਕੀਤਾ ਜਾ ਸਕਦਾ ਹੈ। ਗਰਮੀਆਂ ਵਿਚ ਮੱਕੀ, ਬਾਜਰਾ ਤੇ ਚਰ੍ਹੀ ਮੁੱਖ ਚਾਰੇ ਹਨ। ਇਸ ਦੇ ਨਾਲ ਹੀ ਪਸ਼ੂ ਨੂੰ ਲੋੜੀਂਦੀ ਖੁ਼ਰਾਕ ਵੀ ਚਾਹੀਦੀ ਹੈ। ਇਸ ਵਿੱਚ ਮਿਨਰਲ ਮਿਕਸਚਰ ਅਤੇ ਆਉਡਾਈਜ਼ ਲੂਣ ਵੀ ਹੋਣਾ ਚਾਹੀਦਾ ਹੈ। ਪਸ਼ੂ ਖੁਰਾਕ ਜਿਸ ਨੂੰ ਵੰਡਾ ਵੀ ਆਖਿਆ ਜਾਂਦਾ ਹੈ, ਰੋਜ਼ਾਨਾ ਤਿੰਨ ਕੁ ਕਿਲੋ ਜ਼ਰੂਰ ਪਾਈ ਜਾਵੇ। ਜੇ ਖ਼ੁਰਾਕ ਵਧੀਆ ਹੋਵੇ ਤਾਂ ਡੰਗਰ ਸਿਹਤਮੰਦ ਰਹਿੰਦੇ ਹਨ, ਦੁੱਧ ਅਤੇ ਚਿਕਨਾਈ ਵਿਚ ਵਾਧਾ ਹੁੰਦਾ ਹੈ। ਮਾਰਕਫੈਡ ਦੀ ਪਸ਼ੂ ਖ਼ੁਰਾਕ ਨੂੰ ਵਧੀਆ ਮੰਨਿਆ ਜਾਂਦਾ ਹੈ।

ਸੋਇਆਬੀਨ ਦੀ ਕਾਸ਼ਤ ਲਈ ਹੁਣ ਢੁੱਕਵਾਂ ਸਮਾਂ ਹੈ। ਐੱਸਐੱਲ. 958, ਐੱਸ.ਐੱਲ. 744 ਅਤੇ ਐੱਸ.ਐੱਲ. 525 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਕ ਏਕੜ ਲਈ 30 ਕਿਲੋ ਬੀਜ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਬਰੈਡੀਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਗਾ ਲਵੋ। ਬਿਮਾਰੀਆਂ ਦੀ ਰੋਕਥਾਮ ਲਈ ਬੀਜ ਦੀ ਸੋਧ ਵੀ ਜ਼ਰੂਰੀ ਹੈ। ਇੱਕ ਕਿਲੋ ਬੀਜ ਨੂੰ ਤਿੰਨ ਗ੍ਰਾਮ ਕੈਪਟਾਨ ਜਾਂ ਥੀਰਮ ਜ਼ਹਿਰ ਨਾਲ ਸੋਧਿਆ ਜਾਵੇ। ਸੋਇਆਬੀਨ ਦੀ ਖੇਤੀ ਮੱਕੀ ਵਿੱਚ ਵੀ ਕੀਤੀ ਜਾ ਸਕਦੀ ਹੈ। ਮੱਕੀ ਦੀਆਂ ਲਾਈਨਾਂ ਵਿਚਕਾਰ ਇੱਕ ਲਾਈਨ ਸੋਇਆਬੀਨ ਦੀ ਬੀਜੀ ਜਾ ਸਕਦੀ ਹੈ।

ਸਾਉਣੀ ਦੀਆਂ ਸਾਰੀਆਂ ਫ਼ਸਲਾਂ ਦੀ ਬਿਜਾਈ ਲਈ ਹੁਣ ਢੁਕਵਾਂ ਸਮਾਂ ਹੈ। ਹਮੇਸ਼ਾਂ ਪੰਜਾਬ ਵਿੱਚ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ। ਝੋਨੇ ਦੀ ਲੁਆਈ ਇਸੇ ਮਹੀਨੇ ਪੂਰੀ ਕਰ ਲੈਣੀ ਚਾਹੀਦੀ ਹੈ। ਜੇ ਅਗਲੇ ਮਹੀਨੇ ਲੁਆਈ ਕਰਨੀ ਪੈ ਜਾਵੇ ਤਾਂ ਪੱਕਣ ਵਿੱਚ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਲੁਆਈ ਕਰੋ। ਪੀ.ਆਰ. 126, ਪੀ.ਆਰ. 124 ਤੇ ਪੀ.ਆਰ. 127 ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹਨ। ਝੋਨੇ ਦੀ ਲੁਆਈ ਆਪਣੀ ਦੇਖ ਰੇਖ ਹੇਠ ਕਰਵਾਓ ਤਾਂ ਜੋ ਇਕ ਥਾਂ ਦੋ ਬੂਟੇ ਲਗਾਏ ਜਾ ਸਕਣ, ਬੂਟੇ ਚੰਗੀ ਤਰ੍ਹਾਂ ਗੱਡੇ ਜਾਣ ਅਤੇ ਪੂਰੀ ਗਿਣਤੀ ਵਿਚ ਲਗਾਏ ਜਾਣ। ਪੰਜਾਬ ਵਿੱਚ ਝੋਨੇ ਦੀਆਂ ਦੋਗਲੀਆਂ ਕਿਸਮਾਂ ਦੀ ਕਾਸ਼ਤ ਨਾ ਕੀਤੀ ਜਾਵੇ।

ਨਰਮਾ ਪੱਛਮੀ ਜ਼ਿਲ੍ਹਿਆਂ ਦੀ ਮੁੱਖ ਫ਼ਸਲ ਹੈ। ਇਸ ਉਤੇ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਸਭ ਤੋਂ ਵੱਧ ਹੁੰਦਾ ਹੈ। ਇਸ ਕਰਕੇ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਪੈਂਦੀ ਹੈ। ਫ਼ਸਲ ਦਾ ਰੋਜ ਸਰਵੇਖਣ ਕਰੋ। ਜਦੋਂ ਫ਼ਸਲ ਉਤੇ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਤੁਰੰਤ ਆਪਣੇ ਇਲਾਕੇ ਦੇ ਖੇਤੀ ਮਾਹਿਰ ਨਾਲ ਸੰਪਰਕ ਕਰੋ। ਉਸੇ ਦੀ ਸਲਾਹ ਅਨੁਸਾਰ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ। ਆਪਣੇ ਆਪ ਜਾਂ ਕਿਸੇ ਦੁਕਾਨਦਾਰ ਦੇ ਆਖਣ ਉਤੇ ਜ਼ਹਿਰਾਂ ਦਾ ਛਿੜਕਾਵ ਕਰਨ ਤੋਂ ਗੁਰੇਜ ਕੀਤਾ ਜਾਵੇ। ਜ਼ਹਿਰ ਖ਼ਰੀਦਣ ਸਮੇਂ ਉਸ ਦੇ ਡੱਬੇ ’ਤੇ ਲਿਖੀ ਮਿਤੀ ਜ਼ਰੂਰ ਪੜ੍ਹੋ, ਮਿਆਦ ਲੰਘਾ ਚੁੱਕੀਆਂ ਜ਼ਹਿਰਾਂ ਦੀ ਵਰਤੋਂ ਨਾ ਕਰੋ।

ਮੱਕੀ ਦੀ ਬਿਜਾਈ ਇਸ ਹਫ਼ਤੇ ਪੂਰੀ ਕਰ ਲੈਣੀ ਚਾਹੀਦੀ ਹੈ। ਪੰਜਾਬ ਵਿਚ ਕਾਸ਼ਤ ਲਈ ਪੀ.ਐਮ.ਐਚ-1, ਪ੍ਰਭਾਤ, ਕੇਸਰੀ ਅਤੇ ਪੀ.ਐਮ.ਐਚ-2 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੀ.ਐਮ.ਐਚ-2 ਕੇਵਲ 83 ਦਿਨਾਂ ਵਿੱਚ ਪੱਕ ਜਾਂਦੀ ਹੈ ਪਰ ਇਸ ਦਾ ਝਾੜ 18 ਕੁਇੰਟਲ ਪ੍ਰਤੀ ਏਕੜ ਹੈ। ਜੇਕਰ ਮੰਡੀ ਵਿਚ ਹਰੀਆਂ ਛੱਲੀਆਂ ਵੇਚਣੀਆਂ ਹੋਣ ਤਾਂ ਪੰਜਾਬ ਸਵੀਟ ਕੌਰਨ 1 ਕਿਸਮ ਦੀ ਬਿਜਾਈ ਕਰੋ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Punjabi Tribune