ਝੋਨੇ ਦੀ ਲੁਆਈ 'ਤੇ ਸਰਕਾਰੀ ਮੋਹਰ, ਅੱਠ ਘੰਟੇ ਬਿਜਲੀ ਸ਼ੁਰੂ

June 20 2018

 ਚੰਡੀਗੜ੍ਹ: ਕਿਸਾਨਾਂ ਨੇ ਬੇਸ਼ੱਕ 10 ਜੂਨ ਤੋਂ ਹੀ ਝੋਨੇ ਦੀ ਲੁਆਈ ਸ਼ੁਰੂ ਕੀਤੀ ਹੋਈ ਹੈ ਪਰ ਅੱਜ ਤੋਂ ਸਰਕਾਰੀ ਤੌਰ ’ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਪਾਵਰਕੌਮ ਵੱਲੋਂ ਖੇਤੀ ਸੈਕਟਰ ਲਈ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਪਾਵਰਕੌਮ ਵੱਲੋਂ ਖੇਤੀ ਸਪਲਾਈ ਲਈ ਦਿਨ ਤੇ ਰਾਤ ਦੇ ਤਿੰਨ ਗਰੁੱਪ ਬਣਾਏ ਗਏ ਹਨ। ਪਹਿਲੇ ਗਰੁੱਪ ਨੂੰ ਅੱਧੀ ਰਾਤ ਬਾਰ੍ਹਾਂ ਵਜੇ ਤੋਂ ਤੁਰੰਤ ਬਾਅਦ ਅੱਠ ਘੰਟੇ ਵਾਲੀ ਬਿਜਲੀ ਸ਼ੁਰੂ ਹੋ ਜਾਵੇਗੀ। ਬਿਜਲੀ ਪ੍ਰਬੰਧਾਂ ਵਜੋਂ ਪਾਵਰਕੌਮ ਨੇ ਆਪਣੇ ਬੰਦ ਥਰਮਲਾਂ ਵਿੱਚੋਂ ਚਾਰ ਯੂਨਿਟ ਭਖ਼ਾ ਦਿੱਤੇ ਹਨ। ਕੌਮਾਂਤਰੀ ਬਾਰਡਰ ਜ਼ੋਨ ਦੇ ਇਲਾਕਿਆਂ ਦੇ ਕਿਸਾਨਾਂ ਨੂੰ ਦਿਨ ਵੇਲੇ ਅੱਠ ਘੰਟੇ ਬਿਜਲੀ ਦੇਣ ਦਾ ਵੀ ਪ੍ਰੋਗਰਾਮ ਉਲੀਕਿਆ ਗਿਆ ਹੈ।

ਦਰਅਸਲ ਬਾਰਸ਼ ਪੈਣ ਨਾਲ ਕਿਸਾਨਾਂ ਨੇ ਸਰਕਾਰ ਵੱਲੋਂ ਮਿੱਥੇ ਦਿਨ ਤੋਂ ਪਹਿਲਾਂ ਹੀ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਸੀ, ਪਰ ਪੰਜਾਬ ਸਰਕਾਰ ਦੇ ਫ਼ੈਸਲੇ ਤਹਿਤ ਪਾਵਰਕੌਮ ਵੱਲੋਂ 20 ਜੂਨ ਤੋਂ ਖੇਤੀਬਾੜੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਅਜਿਹੇ ਵਿੱਚ ਪਾਵਰਕੌਮ ਮੈਨੇਜਮੈਂਟ ਵੱਲੋਂ ਅੱਜ ਤੋਂ ਹੀ ਆਪਣੇ ਥਰਮਲਾਂ ਨੂੰ ਭਖ਼ਾਇਆ ਗਿਆ ਹੈ।

ਹਾਸਲ ਵੇਰਵਿਆਂ ਮੁਤਾਬਕ ਰੋਪੜ ਤੇ ਲਹਿਰਾ ਮੁਹੱਬਤ ਦੇ ਦੋ ਦੋ ਯੂਨਿਟ ਕੱਲ੍ਹ ਭਖ਼ਾ ਦਿੱਤੇ ਗਏ ਸਨ, ਜਦੋਂਕਿ ਬਿਜਲੀ ਦੀ ਲੋੜ ਮੁਤਾਬਕ ਹੋਰ ਯੂਨਿਟ ਭਖ਼ਾਉਣ ਦੀ ਵੀ ਤਿਆਰੀ ਕਰ ਲਈ ਹੈ। ਮੈਨੇਜਮੈਂਟ ਨੇ ਆਪਣੇ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਹੈੱਡਕੁਆਰਟਰਜ਼ ’ਤੇ ਹਾਜ਼ਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਫੀਲਡ ਡਿਊਟੀ ’ਤੇ ਖ਼ਾਸ ਧਿਆਨ ਦਿੱਤਾ ਗਿਆ ਹੈ।

ਮੈਨੈਜਮੈਂਟ ਵੱਲੋਂ ਇਸ ਸੀਜ਼ਨ ਦੌਰਾਨ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ’ਤੇ ਵੀ ਪਾਬੰਦੀ ਦੀ ਗੱਲ ਕਹੀ ਗਈ ਹੈ। ਬਿਜਲੀ ਖ਼ਪਤਕਾਰਾਂ ਦੀਆਂ ਬਿਜਲੀ ਸਪਲਾਈ ਬਾਰੇ ਸ਼ਿਕਾਇਤਾਂ ਦਾ ਨਿਬੇੜਾ ਕਰਨ ਲਈ 98 ਨੋਡਲ ਸ਼ਿਕਾਇਤ ਕੇਂਦਰ, ਜ਼ੋਨਲ ਪੱਧਰ ’ਤੇ ਪੰਜ ਕੰਟਰੋਲ ਰੂਮ ਤੇ ਇੱਕ ਕੰਟਰੋਲ ਰੂਮ ਮੁੱਖ ਦਫ਼ਤਰ ਪਟਿਆਲਾ ਵਿੱਚ ਬਣਾਇਆ ਗਿਆ ਹੈ। ਅਜਿਹੇ ਸਾਰੇ ਕੰਟਰੋਲ ਰੂਮਾਂ ਦੇ ਫੋਨ ਨੰਬਰ ਬਾਕਾਇਦਾ ਜਾਰੀ ਕੀਤੇ ਗਏ ਹਨ। ਇਸ ਸੀਜ਼ਨ ਦੌਰਾਨ ਅੰਤਰਰਾਸ਼ਟਰੀ ਬਾਰਡਰ ਜ਼ੋਨ ਦੇ ਇਲਾਕਿਆਂ ਦੇ ਕਿਸਾਨਾਂ ਨੂੰ ਦਿਨ ਵੇਲੇ ਅੱਠ ਘੰਟੇ ਬਿਜਲੀ ਦੇਣ ਦਾ ਵੱਖਰਾ ਪ੍ਰਬੰਧ ਕੀਤਾ ਗਿਆ ਹੈ।

Source: ABP Sanjha