ਝੋਨੇ ਦੀ ਪਰਾਲੀ ਬਣ ਸਕਦੀ ਹੈ ਪਸ਼ੂਆਂ ਦੇ ਸੁੱਕੇ ਚਾਰੇ ਦਾ ਬਦਲ

October 17 2017

 By: Punjabi Tribune 17 Oct 2017

ਝੋਨੇ ਦੀ ਪਰਾਲੀ ਦੀ ਵਰਤੋਂ ਪਸ਼ੂ ਚਾਰੇ ਵੱਜੋਂ ਕੀਤੀ ਜਾਵੇ ਤਾਂ ਇਸ ਨਾਲ ਜਿੱਥੇ ਝੋਨੇ ਦੀ ਪਰਾਲੀ ਦਾ ਨਿਪਟਾਰਾ ਅਸਾਨੀ ਨਾਲ ਹੋ ਸਕੇਗਾ ਉਥੇ ਹੀ ਪਸ਼ੂ ਪਾਲਣ ਲਈ ਸਸਤਾ ਚਾਰਾ ਉਪਲਬੱਧ ਹੋ ਸਕਦਾ ਹੈ।ਬਟਾਲਾ ਦੇ ਵੈਟਰਨਰੀ ਡਾਕਟਰ ਸਰਬਜੀਤ ਸਿੰਘ ਨੇ ਕਣਕ ਦੀ ਤੂੜੀ ਅਤੇ ਪਰਾਲੀ ਦੇ ਪੌਸ਼ਟਿਕ ਗੁਣਾਂ ਦੀ ਤੁਲਨਾ ਕਰਕੇ ਸਮਝਾਇਆ ਕਿ ਪਰਾਲੀ ਨੂੰ ਪਸ਼ੂ ਚਾਰੇ ਵਜੋਂ ਵਰਤੋਂ ਇਸ ਸਮੱਸਿਆ ਦਾ ਵਧੀਆ ਹੱਲ ਹੈ। ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਪਸ਼ੂ ਪਾਲਣ ਦਾ ਕਿੱਤਾ ਕਰਨ ਵਾਲੇ ਕਿਸਾਨਾਂ ਲਈ ਪਸ਼ੂਆਂ ਦੇ ਚਾਰੇ ਲਈ ਪਰਾਲੀ ਸਸਤਾ ਤੇ ਸੰਤੁਲਤ ਚਾਰਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸਾਨ ਹਰੇ ਚਾਰੇ ਨਾਲ ਸੁੱਕੇ ਚਾਰੇ ਵੱਜੋਂ ਤੂੜੀ ਦੀ ਵਰਤੋਂ ਕਰਦੇ ਹਨ ਜੋ ਕਿ 350 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਜੇਕਰ ਪਰਾਲੀ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਕੇਵਲ 100 ਰੁਪਏ ਪ੍ਰਤੀ ਕੁਇੰਟਲ ਹੀ ਪੈਂਦੀ ਹੈ। ਇਹ 6 ਮਹੀਨੇ ਦੀ ਉਮਰ ਤੋਂ ਵੱਧ ਦੇ ਸਾਰੇ ਜੁਗਾਲੀ ਕਰਨ ਵਾਲੇ ਪਸ਼ੂਆਂ ਨੂੰ ਖੁਆਈ ਜਾ ਸਕਦੀ ਹੈ। ਦੁੱਧ ਨਾ ਦੇਣ ਵਾਲੇ ਪਸ਼ੂਆਂ ਦੀ ਖੁਰਾਕ ਵਿਚ 50 ਫ਼ੀਸਦੀ ਅਤੇ ਦੁੱਧ ਦੇਣ ਵਾਲੇ ਪਸ਼ੂਆਂ ਦੀ ਖੁਰਾਕ ਵਿਚ 30 ਫ਼ੀਸਦੀ ਤੱਕ ਪਰਾਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਲਈ ਵੀ ਪਰਾਲੀ ਬਹੁਤ ਹੀ ਵਧੀਆ ਚਾਰੇ ਦਾ ਬਦਲ ਹੈ। ਉਨ੍ਹਾਂ ਕਿਹਾ ਕਿ 3 ਪਸ਼ੂਆਂ ਲਈ 3 ਏਕੜ ਪਰਾਲੀ ਦੀ ਖਪਤ ਹੋ ਸਕਦੀ ਹੈ। ਉਨਾਂ ਕਿਹਾ ਕਿ ਪਰਾਲੀ ਦੇ ਪੌਸ਼ਟਿਕ ਗੁਣ ਹੋਰ ਫ਼ਸਲਾਂ ਦੀ ਤੂੜੀ ਦੇ ਲੱਗਭੱਗ ਬਰਾਬਰ ਹੀ ਹਨ। ਉਨਾਂ ਅਨੁਸਾਰ ਦੱਖਣ ਭਾਰਤੀ ਰਾਜਾਂ ਵਿਚ ਜਿੱਥੇ ਕਣਕ ਦੀ ਕਾਸ਼ਤ ਨਹੀਂ ਹੁੰਦੀ ਹੈ ਉਥੇ ਕਣਕ ਦੀ ਤੂੜੀ ਉਪਲਬੱਧ ਨਹੀਂ ਹੁੰਦੀ ਹੈ ਉੱਥੇ ਪਸੂ ਪਾਲਕ ਝੋਨੇ ਦੀ   ਪਰਾਲੀ ਦੀ ਵਰਤੋਂ ਪਸ਼ੂ ਚਾਰੇ ਵਜੋਂ ਕਰ ਹੀ ਰਹੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।