ਝੋਨੇ ਦੀ ਨਮੀ ਚੈੱਕ ਕਰ ਰਹੇ ਖਰੀਦ ਇੰਸਪੈਕਟਰ ਨਾਲ ਪਿਆ ਕਿਸਾਨਾਂ ਦਾ ਪੇਚਾ

November 09 2018

ਬਰਨਾਲਾ: ਪੰਜਾਬ ਦੀਆਂ ਮੰਡੀਆਂ ਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਅਤੇ ਜਿਣਸ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਖ਼ਰੀਦ ਪ੍ਰਕਿਰਿਆ ਬੇਹੱਦ ਸੁਸਤ ਹੈ। ਇਸੇ ਦੌਰਾਨ ਜ਼ਿਲ੍ਹੇ ਦੇ ਪਿੰਡ ਧੌਲਾ ਦੀ ਮੰਡੀ ਵਿੱਚ ਝੋਨੇ ਦੀ ਨਮੀ ਜਾਂਚਣ ਆਏ ਖ਼ਰੀਦ ਇੰਸਪੈਕਟਰ ਦੀ ਕਿਸਾਨਾਂ ਨਾਲ ਬਹਿਸ ਹੋ ਗਈ। ਕਿਸਾਨਾਂ ਨੇ ਇੰਸਪੈਕਟਰ ਤੇ ਝੋਨੇ ਵਿੱਚ ਨਮੀ ਦੀ ਮਾਤਰਾ ਮਿਣਨ ਚ ਧਾਂਦਲੀ ਕਰਨ ਦਾ ਦੋਸ਼ ਲਾਇਆ।

ਧੌਲਾ ਦੀ ਅਨਾਜ ਮੰਡੀ ਵਿੱਚ ਜਦੋਂ ਐੱਫਸੀਆਈ ਦੇ ਖਰੀਦ ਇੰਸਪੈਕਟਰ ਨੇ ਕਿਸਾਨਾਂ ਦੀ ਜਿਣਸ ਦੀ ਨਮੀ ਚੈੱਕ ਕੀਤੀ ਤਾਂ ਵੱਧ ਨਮੀ ਆਉਣ ਤੇ ਕਿਸਾਨ ਅਧਿਕਾਰੀ ਨਾਲ ਔਖੇ ਭਾਰੇ ਹੋ ਗਏ। ਦੋਵਾਂ ਧਿਰਾਂ ਦਰਮਿਆਨ ਤਿੱਖੀ ਬਹਿਸ ਹੋਈ ਤੇ ਕਿਸਾਨਾਂ ਨੇ ਇੰਸਪੈਕਟਰ ਨੂੰ ਨਮੀ ਦੀ ਜਾਂਚ ਮੁੜ ਤੋਂ ਕਰਨ ਲਈ ਜ਼ੋਰ ਪਾਇਆ।

ਦੁਬਾਰਾ ਜਾਂਚ ਕਰਨ ਤੇ ਝੋਨੇ ਵਿੱਚ ਨਮੀ ਦੀ ਮਾਤਰਾ ਘੱਟ ਪਾਈ ਗਈ। ਇਹ ਦੇਖ ਕੇ ਅਧਿਕਾਰੀ ਵੀ ਸ਼ਸ਼ੋਪੰਜ ਵਿੱਚ ਪੈ ਗਿਆ ਤੇ ਕੁਝ ਦੇਰ ਬਾਅਦ ਮਾਮਲਾ ਠੰਢਾ ਪੈ ਗਿਆ। ਇਹ ਪਹਿਲਾ ਮਾਮਲਾ ਨਹੀਂ ਹੈ ਜਦ ਝੋਨੇ ਦੀ ਨਮੀ ਜਾਂਚਣ ਵਿੱਚ ਮਸ਼ੀਨ ਦੀਆਂ ਖ਼ਾਮੀਆਂ ਉਜਾਗਰ ਹੋਈਆਂ ਹਨ।

ਕਿਸਾਨਾਂ ਦਾ ਤਰਕ ਹੈ ਕਿ ਮਸ਼ੀਨ ਵਿੱਚ ਝੋਨਾ ਪਾਉਣ ਦੇ ਤਰੀਕੇ ਨਾਲ ਨਮੀ ਦੀ ਮਾਤਰਾ ਤੇ ਫਰਕ ਪੈਂਦਾ ਹੈ, ਪਰ ਖ਼ਰੀਦ ਅਧਿਕਾਰੀ ਇਸ ਤੋਂ ਇਨਕਾਰ ਕਰਦੇ ਹਨ। ਅੱਜ ਕਿਸਾਨਾਂ ਨੇ ਇਸ ਯੰਤਰ ਵਿੱਚ ਆ ਰਹੀ ਦਿੱਕਤ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ, ਜੋ ਕਾਫੀ ਵਾਇਰਲ ਵੀ ਹੋ ਰਹੀ ਹੈ।

Source: ABP Sanjha