ਝੀਂਗਾ ਮੱਛੀ ਨੇ ਕੀਤੇ ਕਿਸਾਨ ਮਾਲੋਮਾਲ, ਸਰਕਾਰੀ ਵੱਲੋਂ ਸਬਸਿਡੀ ਦਾ ਐਲਾਨ

November 16 2017

 ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਝੀਂਗਾ ਮੱਛੀ ਪਾਲਣ ਦੀ ਕੀਤੀ ਸ਼ੁਰੂਆਤ ਦੇ ਉਤਸ਼ਾਹਜਨਕ ਨਤੀਜਿਆਂ ਤੋਂ ਬਾਅਦ ਇਸ ਸਾਲ ਝੀਂਗਾ ਮੱਛੀ ਪਾਲਣ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਬਸਿਡੀ ਦੇਣ ਦਾ ਫੈਸਲਾ ਕੀਤਾ ਗਿਆ ਹੈ।

 ਇਸ ਸਬੰਧੀ ਡਿਪਟੀ ਕਮਿਸ਼ਨਰ ਸੁਮੀਤ ਜਾਂਰਗਲ ਆਈ.ਏ.ਐਸ. ਨੇ ਕਿਹਾ ਕਿ ਇੱਛੁਕ ਕਿਸਾਨ 17 ਨਵੰਬਰ, 2017 ਤੱਕ ਆਪਣੀਆਂ ਅਰਜ਼ੀਆਂ ਮੱਛੀ ਪਾਲਣ ਵਿਭਾਗ ਦੇ ਜ਼ਿਲ੍ਹਾ ਦਫਤਰ ਵਿੱਚ ਦੇ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਜ਼ਿਲ੍ਹੇ ਦੇ ਕੁਝ ਕਿਸਾਨਾਂ ਨੇ ਝੀਂਗਾ ਮੱਛੀ ਪਾਲੀ ਸੀ ਜਿਸ ਤੋਂ ਬਹੁਤ ਹੀ ਚੰਗੀ ਕਮਾਈ ਹੋਈ ਹੈ। ਝੀਂਗਾ ਮੱਛੀ ਪਾਲਣ ਦਾ ਕਿੱਤਾ ਸੇਮ ਦੇ ਖਾਰ੍ਹੇ ਪਾਣੀ ਵਿੱਚ ਕੀਤਾ ਜਾ ਸਕਦਾ ਹੈ।

 ਇਸ ਸਬੰਧੀ ਸਹਾਇਕ ਡਾਇਰੈਕਟਰ ਮੱਛੀ ਪਾਲਣ ਕਰਮਜੀਤ ਸਿੰਘ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਲਾਭਪਾਤਰੀ ਪਾਸ ਜ਼ਮੀਨ ਦੀ ਆਪਣੀ ਮਾਲਕੀ ਹੋਣੀ ਚਾਹੀਦੀ ਹੈ। ਇੱਕ ਲਾਭਪਾਤਰੀ ਇੱਕ ਏਕੜ ਤੋਂ ਢਾਈ ਏਕੜ ਰਕਬੇ ਤੱਕ ਹੀ ਸਬਸਿਡੀ ਲੈਣ ਦਾ ਹੱਕਦਾਰ ਹੋਵੇਗਾ।

 ਉਨ੍ਹਾਂ ਦੱਸਿਆ ਕਿ ਲਾਭਪਾਤਰੀ ਨੂੰ ਛੱਪੜ ਦੀ ਪੁਟਾਈ ਲਈ 90% ਸਬਸਿਡੀ ਦਿੱਤੀ ਜਾਵੇਗੀ। ਲਾਭਪਾਤਰੀ ਨੂੰ ਝੀਂਗਾ ਪਾਲਣ ਲਈ ਵਰਤੇ ਜਾਂਦੇ ਉਪਕਰਨ ਸੀਡ, ਫੀਡ, ਖਾਦ-ਖੁਰਾਕ ਦੇ ਖੁਰਾਕ ਦੇ ਖਰਚ ਦਾ 50% ਉਤਪਾਦਨ ਦਿੱਤਾ ਜਾਵੇਗਾ ਤੇ ਬਾਕੀ 50% ਧਨ ਰਾਸ਼ੀ ਲਾਭਪਾਤਰੀ ਆਪਣੇ ਵਿੱਤੀ ਵਸੀਲਿਆਂ ਤੋਂ ਜਾਂ ਬੈਂਕ ਤੋਂ ਕਰਜਾ ਲੈ ਕੇ ਖਰਚ ਕਰੇਗਾ।

 ਕਾਸ਼ਤਕਾਰ ਆਪਣੀ ਅਰਜੀ ਦੇ ਨਾਲ ਸੈਟਰਲ ਇੰਸਟੀਚਿਊਟ ਆਫ ਫਿਸ਼ਰੀਜ ਐਜੂਕੇਸ਼ਨ, ਰੋਹਤਕ ਤੋ ਮਿੱਟੀ ਤੇ ਪਾਣੀ ਦੀ ਪਰਖ ਰਿਪੋਰਟ (ਜਿਸ ਵਿੱਚ ਮਿੱਟੀ ਅਤੇ ਪਾਣੀ ਨੂੰ ਝੀਂਗਾ ਪਾਲਣ ਦੇ ਅਨੁਕੂਲ ਦਰਸਾਇਆ ਹੋਵੇ) ਨਾਲ ਨੱਥੀ ਕਰੇਗਾ। ਅਰਜ਼ੀਆਂ ਦੇ ਪ੍ਰੋਫਾਰਮੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਤੋਂ ਲਏ ਜਾ ਸਕਦੇ ਹਨ ਜੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਇਸ ਸਕੀਮ ਦਾ ਲਾਭ ਲੈਣ ਦੀ ਅਪੀਲ ਕੀਤੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:ABP Sanjha