ਛੋਟੇ ਕਿਸਾਨਾਂ ਤੱਕ ਨਹੀਂ ਪੁੱਜ ਰਿਹਾ ਮੁਫ਼ਤ ਬਿਜਲੀ ਦਾ ਲਾਭ

December 15 2017

 ਚੰਡੀਗੜ੍ਹ, 15 ਦਸੰਬਰ

ਪੰਜਾਬ ’ਚ ਕਿਸਾਨਾਂ ਨੂੰ ਦਿੱਤੀ ਜਾਂਦੀ ਬਿਜਲੀ ਦੀ ਮੁਫ਼ਤ ਸਹੂਲਤ ਉਨ੍ਹਾਂ ਕਿਸਾਨਾਂ ਦਾ ਬੇੜਾ ਪਾਰ ਨਹੀਂ ਲਗਾ ਸਕੀ ਜਿਹੜੇ ਛੋਟੇ ਅਤੇ ਸੀਮਾਂਤ (ਪੰਜ ਏਕੜ ਤੋਂ ਘੱਟ ਜ਼ਮੀਨ) ਕਿਸਾਨ ਹਨ। ਇਸ ਸਹੂਲਤ ਦਾ ਸਭ ਤੋਂ ਵੱਧ ਲਾਭ ਦਰਮਿਆਨੇ ਅਤੇ ਵੱਡੇ ਕਿਸਾਨਾਂ ਵੱਲੋਂ ਲਿਆ ਜਾ ਰਿਹਾ ਹੈ। ਪੇਂਡੂ ਅਤੇ ਸਨਅਤੀ ਵਿਕਾਸ ਖੋਜ ਬਾਰੇ ਕੇਂਦਰ (ਕਰਿੱਡ) ਦੇ ਪ੍ਰੋਫ਼ੈਸਰ ਅਤੇ ਉੱਘੇ ਆਰਥਿਕ ਮਾਹਿਰ ਆਰ ਐਸ ਘੁੰਮਣ ਵੱਲੋਂ ਕੀਤੇ ਗਏ ਅਧਿਐਨ ਦੌਰਾਨ ਇਹ ਖ਼ੁਲਾਸਾ ਹੋਇਆ ਹੈ ਕਿ ਸਿਰਫ਼ 18.48 ਫ਼ੀਸਦੀ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਹੀ ਬਿਜਲੀ ਦਾ ਲਾਹਾ ਮਿਲ ਰਿਹਾ ਹੈ। ਅਧਿਐਨ ’ਚ ਖ਼ੁਲਾਸਾ ਹੋਇਆ ਹੈ ਕਿ 13.51 ਲੱਖ ਟਿਊਬਵੈੱਲਾਂ ’ਚੋਂ 89212 ਟਿਊਬਵੈੱਲ (6.60 ਫ਼ੀਸਦੀ) ਹੀ ਸੀਮਾਂਤ (ਢਾਈ ਏਕੜ ਤੋਂ ਘੱਟ ਜ਼ਮੀਨ) ਅਤੇ 160581 (11.88 ਫ਼ੀਸਦੀ) ਟਿਊਬਵੈੱਲ ਛੋਟੇ ਕਿਸਾਨਾਂ ਕੋਲ ਹਨ। ਕਰੀਬ 95 ਫ਼ੀਸਦੀ ਖੁਦਕੁਸ਼ੀਆਂ ਕਰਨ ਵਾਲੇ ਕਿਸਾਨ ਇਸੇ ਵਰਗ ’ਚੋਂ ਹਨ। ਸ੍ਰੀ ਘੁੰਮਣ ਨੇ ਕਿਹਾ,‘‘ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵੱਡੇ ਕਿਸਾਨ ਮੁਫ਼ਤ ਬਿਜਲੀ ਸਬਸਿਡੀ ਦਾ ਆਨੰਦ ਮਾਣ ਰਹੇ ਹਨ। ਇਸ ਸਾਲ 80 ਫ਼ੀਸਦੀ ਤੋਂ ਵੱਧ ਲਾਭਪਾਤਰੀਆਂ, ਜਿਨ੍ਹਾਂ ਨੂੰ ਮੁਫ਼ਤ ਬਿਜਲੀ ਦੀ ਲੋੜ ਨਹੀਂ ਹੈ, ਨੂੰ 7700 ਕਰੋੜ ਰੁਪਏ ਬਿਜਲੀ ਸਬਸਿਡੀ ਵਜੋਂ ਦਿੱਤੇ ਜਾਣਗੇ। ਮੁੱਖ ਮੰਤਰੀ ਵੱਲੋਂ ਵੱਡੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਨਾ ਲੈਣ ਲਈ ਆਖਣਾ ਹੀ ਮਾਇਨੇ ਰਖਦਾ ਹੈ।’’ ਜੇਕਰ ਦਰਮਿਆਨੇ ਅਤੇ ਵੱਡੇ ਕਿਸਾਨਾਂ ਤੋਂ ਮੁਫ਼ਤ ਬਿਜਲੀ ਦੀ ਸਹੂਲਤ ਵਾਪਸ ਲੈ ਲਈ ਜਾਂਦੀ ਹੈ ਤਾਂ ਇਸ ਨਾਲ 2017-18 ਦੌਰਾਨ ਸਰਕਾਰੀ ਖ਼ਜ਼ਾਨੇ ਦੇ 4 ਹਜ਼ਾਰ ਕਰੋੜ ਰੁਪਏ ਬਚਣਗੇ ਅਤੇ ਇਹ ਪੈਸਾ ਫ਼ਸਲੀ ਕਰਜ਼ਾ ਮੁਆਫ਼ ਕਰਨ ਸਮੇਤ ਪੇਂਡੂ ਸਿੱਖਿਆ, ਸਿਹਤ, ਸੈਨੀਟੇਸ਼ਨ ਅਤੇ ਹੋਰ ਬੁਨਿਆਦੀ ਸੁਧਾਰਾਂ ਲਈ ਖ਼ਰਚਿਆ ਜਾ ਸਕਦਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:Punjabi Tribune