ਚੌਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਡਿੱਗਣ ਨਾਲ ਟੁੱਟੀ ਰਾਈਸ ਮਿੱਲਾਂ ਦੀ ਕਮਰ

April 15 2018

 ਅੰਮ੍ਰਿਤਸਰ : ਪੰਜਾਬ ਦੀ ਇਕ ਰਾਈਸ ਮਿੱਲ ਚ 400 ਕਰੋੜ ਦੇ ਵੱਡੇ ਘਪਲੇ ਤੋਂ ਬਾਅਦ ਜਿਥੇ ਪੂਰੇ ਸੂਬੇ ਦੇ ਵਿਭਾਗਾਂ ਚ ਹਫੜਾ-ਦਫੜੀ ਮਚੀ ਹੋਈ ਹੈ ਅਤੇ ਸ਼ੈਲਰ ਮਾਲਕ ਫਰਾਰ ਹੋ ਕੇ ਕੈਨੇਡਾ ਚ ਪੀ. ਆਰ. ਲੈ ਚੁੱਕਾ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਭਰ ਚ ਕਈ ਅਜਿਹੇ ਰਾਈਸ ਮਿੱਲ ਮਾਲਕ ਹਨ, ਜੋ ਘਾਟੇ ਵਿਚ ਚੱਲ ਰਹੇ ਹਨ ਅਤੇ ਅਰਬਾਂ ਦੀਆਂ ਲਿਮਟਾਂ ਉਨ੍ਹਾਂ ਸਿਰ ਚੜ੍ਹੀਆਂ ਹੋਈਆਂ ਹਨ। ਆਖਿਰ ਰਾਈਸ ਮਿੱਲਾਂ ਕਿਉਂ ਘਾਟੇ ਵਿਚ ਜਾ ਰਹੀਆਂ ਹਨ? ਜਗ ਬਾਣੀ ਵੱਲੋਂ ਇਸ ਸਬੰਧੀ ਕੀਤੇ ਸਰਵੇਖਣ ਵਿਚ ਅਜਿਹੇ ਕੁਝ ਰਹੱਸ ਮਿਲੇ ਹਨ ਜੋ ਰਾਈਸ ਮਿੱਲਾਂ ਦੇ ਘਾਟੇ ਦਾ ਕਾਰਨ ਬਣ ਰਹੇ ਹਨ।

 

ਅੰਤਰਰਾਸ਼ਟਰੀ ਕੀਮਤਾਂ ਟੁੱਟੀਆਂ

- ਸਾਲ 2014 ਚ 37.54 ਲੱਖ ਮੀਟ੍ਰਿਕ ਟਨ ਚੌਲ ਦੇ ਐਕਸਪੋਰਟ ਚ 29,299 ਕਰੋੜ ਰੁਪਏ ਪ੍ਰਾਪਤ ਹੋਏ।

- ਸਾਲ 2015 ਚ 37.02 ਲੱਖ ਮੀਟ੍ਰਿਕ ਟਨ ਚੌਲ ਵਸੂਲੀ 25,597 ਕਰੋੜ।

- ਸਾਲ 2016 ਚ 40.55 ਲੱਖ ਮੀਟ੍ਰਿਕ ਟਨ ਵਸੂਲੀ 22,718 ਕਰੋੜ।

- ਸਾਲ 2017 ਚ 39.36 ਲੱਖ ਮੀਟ੍ਰਿਕ ਟਨ ਵਸੂਲੀ 20,171 ਕਰੋੜ।

ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਪ੍ਰਤੀ ਸਾਲ ਅੰਤਰਰਾਸ਼ਟਰੀ ਤੌਰ ਤੇ ਬਾਸਮਤੀ ਚੌਲ ਦੀਆਂ ਕੀਮਤਾਂ ਬਰਾਬਰ ਘਟੀਆਂ ਹਨ। ਹਾਲਾਂਕਿ ਸਾਲ 2018 ਦੇ ਅੰਕੜੇ ਮਹਿਕਮੇ ਕੋਲ ਮੌਜੂਦ ਨਹੀਂ ਹਨ, ਜਦੋਂ ਕਿ ਇਨ੍ਹਾਂ ਵਿਚ ਕੁਝ ਸਟੇਬਿਲਟੀ ਦੇ ਸੰਕੇਤ ਮਿਲ ਰਹੇ ਹਨ ਪਰ ਰਾਈਸ ਮਿੱਲਾਂ ਦੀ ਕਮਰ ਤਾਂ ਪਿਛਲੇ 3 ਸਾਲਾਂ ਤੋਂ ਟੁੱਟ ਰਹੀ ਹੈ। ਵੱਡੀ ਗੱਲ ਹੈ ਕਿ ਚੌਲ ਦੇ ਮੁੱਖ ਇੰਪੋਰਟਰ ਈਰਾਨ ਵੱਲੋਂ ਸਾਲ 2014 ਵਿਚ 14.40 ਲੱਖ ਮੀਟ੍ਰਿਕ ਟਨ, 2015 ਚ 9.36 ਅਤੇ 2016 ਚ 6.95 ਲੱਖ ਮੀਟ੍ਰਿਕ ਟਨ ਦੀ ਖਰੀਦ ਕਰਨਾ ਚੌਲ ਦੀ ਡਿੱਗਦੀ ਸੇਲ ਦੇ ਸੰਕੇਤ ਹਨ।

 

ਚੌਲ ਦੇ ਇੰਪੋਰਟਰ ਦੇਸ਼

ਭਾਰਤ ਤੋਂ ਸਾਊਦੀ ਅਰਬ, ਈਰਾਨ, ਇਰਾਕ, ਯੂ. ਏ. ਈ., ਕੁਵੈਤ, ਯੂ. ਕੇ., ਯੂ. ਐੱਸ. ਏ., ਯਮਨ, ਓਮਾਨ, ਕੈਨੇਡਾ ਆਦਿ ਦੇਸ਼ ਹਨ, ਜੋ ਭਾਰਤ ਚੋਂ ਬਾਸਮਤੀ ਚੌਲ ਦੇ ਵੱਡੇ ਖਰੀਦਦਾਰ ਹਨ।

 

ਤਕਨੀਕੀ ਕਾਰਨਾਂ ਨਾਲ ਵਿਸ਼ਵ ਚ ਹੋਏ ਰੇਟ ਘੱਟ

ਚੌਲ ਵਪਾਰੀਆਂ ਦਾ ਕਹਿਣਾ ਹੈ ਕਿ ਭਾਰਤ ਤੋਂ ਭੇਜੀ ਜਾਣ ਵਾਲੀ ਬਾਸਮਤੀ ਚ ਮੁੱਖ ਖੂਬੀ ਉਸ ਦੀ ਖੁਸ਼ਬੂ ਵਿਚ ਹੁੰਦੀ ਹੈ। ਅੰਤਰਰਾਸ਼ਟਰੀ ਤੌਰ ਤੇ ਪਿਛਲੇ 6 ਸਾਲਾਂ ਵਿਚ ਜੰਕ ਫੂਡ ਦਾ ਜ਼ਿਆਦਾ ਰਿਵਾਜ ਹੋਣ ਲੱਗਾ ਹੈ। ਇਸ ਵਿਚ ਚੌਲ ਨੂੰ ਫਰਾਈ ਕੀਤਾ ਜਾਂਦਾ ਹੈ, ਜਿਸ ਨਾਲ ਚੌਲ ਦੀ ਖੁਸ਼ਬੂ ਖ਼ਤਮ ਹੋ ਜਾਂਦੀ ਹੈ। ਇਸ ਲਈ ਵਿਦੇਸ਼ ਦੇ ਖਰੀਦਦਾਰ ਖੁਸ਼ਬੂਦਾਰ ਚੌਲ ਖਰੀਦਣ ਦੀ ਬਜਾਏ ਸਸਤੇ ਚੌਲ ਖਰੀਦਦੇ ਹਨ। ਦੂਜੇ ਪਾਸੇ ਜੰਕ ਫੂਡ ਵਿਚ ਚੌਲ ਦੀ ਜਗ੍ਹਾ ਨੂਡਲਜ਼ ਨੇ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਵੀ ਬਾਸਮਤੀ ਚੌਲ ਦੀਆਂ ਕੀਮਤਾਂ ਵਿਚ ਕਮੀ ਆਉਣ ਲੱਗੀ ਹੈ।

 

ਅਮਰੀਕਾ ਤੋਂ ਕਰੂਡ ਦੀ ਖਰੀਦ ਨਾਲ ਵੀ ਹੋਏ ਮਿਡਲ ਈਸਟ ਦੇ ਦੇਸ਼ ਨਾਰਾਜ਼

ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਵਿਚ ਕੱਚਾ ਤੇਲ (ਕਰੂਡ) ਜ਼ਿਆਦਾਤਰ ਮਿਡਲ ਈਸਟ ਦੇ ਦੇਸ਼ਾਂ ਚੋਂ ਆਉਂਦਾ ਸੀ ਪਰ ਪਿਛਲੇ 4 ਸਾਲਾਂ ਤੋਂ ਅਮਰੀਕਾ ਨਾਲ ਹੋਈ ਡੀਲ ਉਪਰੰਤ ਮਿਡਲ ਈਸਟ ਤੋਂ ਕਰੂਡ ਦੀ ਆਮਦ ਘੱਟ ਹੋ ਗਈ ਸੀ, ਜਿਸ ਤੋਂ ਨਾਰਾਜ਼ ਹੋ ਕੇ ਮਿਡਲ ਈਸਟ ਦੇ ਦੇਸ਼ਾਂ ਵੱਲੋਂ ਭਾਰਤ ਤੋਂ ਇਲਾਵਾ ਪਾਕਿਸਤਾਨ ਅਤੇ ਕੁਝ ਹੋਰ ਏਸ਼ੀਆਈ ਦੇਸ਼ਾਂ ਤੋਂ ਚੌਲ ਦੀ ਖਰੀਦ ਸ਼ੁਰੂ ਹੋਈ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Punjab Kesari