ਚਿੱਟੇ ਸੋਨੇ ਦੀ ਭਰਪੂਰ ਪੈਦਾਵਾਰ ਦੀ ਖ਼ੁਸ਼ੀ ਨੂੰ ਘੱਟ ਭਾਅ ਨੇ ਲਗਾਇਆ ਗ੍ਰਹਿਣ

October 18 2017

 Date: 18 oct 2017

ਗਿੱਦੜਬਾਹਾ, 18 ਅਕਤੂਬਰ (ਬਲਦੇਵ ਸਿੰਘ ਘੱਟੋਂ)-ਭਾਵੇਂ ਨਰਮਾ ਪੱਟੀ ਦੇ ਕਿਸਾਨ ਨਰਮੇ ਨੂੰ ਛੱਡ ਕੇ ਝੋਨੇ ਦੀ ਫ਼ਸਲ ਨੂੰ ਵਧੇਰੇ ਅਹਿਮੀਅਤ ਦੇਣ ਲੱਗ ਪਏ ਹਨ, ਪਰ ਗਿੱਦੜਬਾਹਾ ਤੇ ਆਸ-ਪਾਸ ਦੇ ਪਿੰਡਾਂ ਦੇ ਕੁਝ ਕਿਸਾਨ ਅੱਜ ਵੀ ਨਰਮੇ ਦਾ ਮੋਹ ਨਹੀਂ ਤਿਆਗ ਸਕੇ ਅਤੇ ਇਸ ਵਾਰ ਵੀ ਉਨ੍ਹਾਂ ਆਪਣੀ ਜ਼ਮੀਨ ਦੇ ਕੁਝ ਹਿੱਸੇ ਚ ਨਰਮੇ ਦੀ ਫ਼ਸਲ ਦੀ ਬਿਜਾਈ ਕੀਤੀ ਹੈ | ਇਸ ਸਬੰਧੀ ਜਦ ਕਪਾਹ ਮੰਡੀ ਗਿੱਦੜਬਾਹਾ ਚ ਨਰਮਾ ਵੇਚਣ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਬਹੁਤੇ ਕਿਸਾਨ ਇਸ ਵਾਰ ਨਰਮੇ ਦੀ ਹੋਈ ਪੈਦਾਵਾਰ ਨੂੰ ਲੈ ਕੇ ਭਾਵੇਂ ਸੰਤੁਸ਼ਟ ਨਜ਼ਰ ਆਏ, ਪਰ ਘੱਟ ਭਾਅ ਨੂੰ ਲੈ ਕੇ ਉਨ੍ਹਾਂ ਚ ਨਿਰਾਸ਼ਾ ਵੀ ਝਲਕ ਰਹੀ ਸੀ | ਕਿਸਾਨ ਜਸਕਰਨ ਸਿੰਘ ਹੁਸਨਰ, ਬੀਰਦਵਿੰਦਰ ਸਿੰਘ ਤੇ ਦੀਵਾਨ ਸਿੰਘ ਸਰਦਾਰਗੜ੍ਹ, ਅਮਨਦੀਪ ਸਿੰਘ ਸਮਾਘ, ਨਾਜਰ ਸਿੰਘ ਹੁਸਨਰ, ਬੂਟਾ ਸਿੰਘ ਤੇ ਯੁਵਰਾਜ ਸਿੰਘ ਕੋਟਭਾਈ, ਦਿਲਬਾਗ ਸਿੰਘ ਬਾਦੀਆਂ ਆਦਿ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਰੇਅ-ਸਪਰੇਅ ਦੇ ਮਿਲੇ ਚੰਗੇ ਨਤੀਜੇ ਤੇ ਉਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਨਰਮੇ ਦਾ ਝਾੜ ਔਸਤ 22 ਤੋਂ 25 ਮਣ ਪ੍ਰਤੀ ਏਕੜ ਆ ਰਿਹਾ ਹੈ, ਪਰ ਮਹਿੰਗਾਈ ਨੂੰ ਦੇਖਦੇ ਹੋਏ ਨਰਮੇ ਦਾ ਮਿਲ ਰਿਹਾ ਭਾਅ ਘੱਟ ਹੈ | ਕਿਸਾਨਾਂ ਨੇ ਮੰਗ ਕੀਤੀ ਕਿ ਨਰਮੇ ਦਾ ਭਾਅ 6 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਮਿਲਣਾ ਚਾਹੀਦਾ ਹੈ | ਮਾਰਕੀਟ ਕਮੇਟੀ ਅਧਿਕਾਰੀ ਰੂਪ ਸਿੰਘ ਨੇ ਦੱਸਿਆ ਕਿ ਅੱਜ ਕਪਾਹ ਮੰਡੀ ਗਿੱਦੜਬਾਹਾ ਵਿਖੇ ਹੋਈ ਬੋਲੀ ਚ ਕਿਸਾਨ ਬਿੰਦਰ ਸਿੰਘ ਥੇੜ੍ਹੀ ਦਾ ਨਰਮਾ ਸਭ ਤੋਂ ਵਧ 4675 ਰੁਪਏ ਅਤੇ ਸਭ ਤੋਂ ਘੱਟ 4380 ਰੁਪਏ ਰਿਹਾ | ਇਸ ਮੌਕੇ ਮੌਜੂਦ ਸੁਭਾਸ਼ ਜੈਨ ਲੀਲੀ ਸਾਬਕਾ ਪ੍ਰਧਾਨ ਮਾਰਕੀਟ ਕਮੇਟੀ ਗਿੱਦੜਬਾਹਾ ਨੇ ਵੀ ਸਰਕਾਰ ਤੋਂ ਨਰਮੇ ਦੇ ਵੱਧ ਭਾਅ ਦੀ ਮੰਗ ਕੀਤੀ |

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: Ajitnewspaper