ਚਿੱਟੀ ਮੱਖੀ ਨੇ ਹੁਣ ਮੂੰਗੀ ਵੱਲ ਭਰੀ ਉਡਾਰੀ

June 25 2018

ਹੁਣ ਖੇਤੀ ਵਿਭਿੰਨਤਾ ਤਹਿਤ ਬੀਜੀ ਮੂੰਗੀ ਦੀ ਫ਼ਸਲ ‘ਤੇ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਹੈ। ਕਿਸਾਨਾਂ ਵੱਲੋਂ ਇਸ ਮੱਖੀ ਦੇ ਹਮਲੇ ਤੋਂ ਡਰਦਿਆਂ ਪਹਿਲਾਂ ਹੀ ਨਰਮਾ ਬੀਜਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ ਅਤੇ ਨਰਮੇ ਦੇ ਬਦਲਾਅ ਵਜੋਂ ਮੂੰਗੀ ਬੀਜੀ ਗਈ ਸੀ, ਪਰ ਹੁਣ ਮੂੰਗੀ ਉਪਰ ਹੋਏ ਇਸ ਹਮਲੇ ਨੇ ਕਿਸਾਨਾਂ ਨੂੰ ਭੈਅ-ਭੀਤ ਕਰ ਦਿੱਤਾ ਹੈ। ਖੇਤੀਬਾੜੀ ਮਹਿਕਮੇ ਨੇ ਚਿੱਟੀ ਮੱਖੀ ਦੇ ਇਸ ਅਗੇਤੇ ਹਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਲਕੇ ਤੋਂ ਮੂੰਗੀ ਦੇ ਖੇਤਾਂ ਦਾ ਮੁਆਇਨਾ ਆਰੰਭ ਕਰਨ ਦਾ ਫੈਸਲਾ ਲਿਆ ਹੈ।

ਮਹਿਕਮੇ ਦੇ ਧਿਆਨ ਵਿੱਚ ਚਿੱਟੀ ਮੱਖੀ ਦੇ ਇਸ ਹਮਲੇ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਲਿਆਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ 10 ਜੂਨ ਦੀ ਬਜਾਏ 20 ਜੂਨ ਕੀਤੀ ਗਈ ਸੀ ਤਾਂ ਉਨ੍ਹਾਂ ਨੇ ਆਪਣੇ ਪਿੰਡ ਭੈਣੀਬਾਘਾ ਵਿਖੇ 20 ਏਕੜਾਂ ਵਿਚੋਂ 9 ਏਕੜ ਖੇਤੀ ਵਿਭਿੰਨਤਾ ਤਹਿਤ ਮੂੰਗੀ ਦੇ ਬੀਜਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਇਸ ਮੂੰਗੀ ਨੂੰ ਸਹੀ ਸਮੇਂ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਬਿਜਾਈ ਸਬੰਧੀ ਸਿਫਾਰਸ਼ਾਂ ਅਨੁਸਾਰ ਬੀਜਿਆ ਗਿਆ ਅਤੇ ਉਨ੍ਹਾਂ ਵੱਲੋਂ 15 ਤੋਂ 20 ਮਣ ਪ੍ਰਤੀ ਏਕੜ ਝਾੜ ਦਾ ਟੀਚਾ ਮਿਥਿਆ ਗਿਆ, ਪਰ ਇਸ ਚਿੱਟੀ ਮੱਖੀ ਦੇ ਹਮਲੇ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਬੋਤਾਜ ਕਰ ਧਰਿਆ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ਸਲ ਨੂੰ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਹੈ, ਜਿਸ ਦਾ ਮੁਆਇਨਾ ਕਰੇ ਤੋਂ ਸਾਫ ਪਤਾ ਲੱਗਦਾ ਹੈ।

ਉਨ੍ਹਾਂ ਕਿਹਾ ਕਿ ਮੂੰਗੀ ਦੇ ਬੂਟਿਆਂ ਨੂੰ, ਜੋ ਫ਼ਲੀਆਂ ਲੱਗੀਆਂ ਸਨ, ਉਨ੍ਹਾਂ ਵਿਚਲੇ ਦਾਣਿਆਂ ਨੂੰ ਕੋਈ ਕੀੜਾ ਖਾ ਰਿਹਾ ਹੈ ਅਤੇ ਦਾਣੇ ਬਣਨ ਦੀ ਬਜਾਏ ਫਲੀ ਵਿੱਚ ਹੀ ਸੁੱਕ ਰਹੇ ਹਨ।

ਕਿਸਾਨ ਆਗੂ ਨੇ ਦੱਸਿਆ ਕਿ 7 ਏਕੜ ਦਾ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਖੋਖਰ ਖੁਰਦ (ਮਾਨਸਾ) ਤੋਂ ਲਿਆ ਗਿਆ ਸੀ, ਜੋ ਕਿ ਉਨ੍ਹਾਂ ਨੂੰ 70 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਿਆ ਸੀ, ਪਰ ਇਸੇ 7 ਏਕੜ ਨੂੰ ਇਹ ਬਿਮਾਰੀ ਦੀ ਮਾਰ ਪਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੂਜੇ ਪਾਸੇ ਮੁੱਖ ਖੇਤੀਬਾੜੀ ਦਫ਼ਤਰ ਮਾਨਸਾ ਤੋਂ 2 ਏਕੜ ਦਾ ਬੀਜ ਲਿਆ ਸੀ, ਉਨ੍ਹਾਂ ਨੇ ਟਰਾਇਲ ਲਾਉਣ ਵਾਸਤੇ ਮੁਫਤ ਬੀਜ ਦਿੱਤਾ ਸੀ, ਪਰ ਇਸ ਬੀਜ ਨੂੰ ਕੋਈ ਵੀ ਬਿਮਾਰੀ ਨਹੀਂ ਪਈ, ਪਰ ਕ੍ਰਿਸ਼ੀ ਵਿਗਿਆਨ ਕੇਂਦਰ ਵਾਲਿਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ, ਪਰ ਅਜੇ ਤੱਕ ਉਨ੍ਹਾਂ ਨੇ ਇਸ ਗੱਲ ਵੀ ਕੋਈ ਧਿਆਨ ਨਹੀਂ ਦਿੱਤਾ। ਕਿਸਾਨ ਆਗੂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਵਾਲਿਆਂ, ਜੋ ਬੀਜ ਦਿੱਤਾ ਗਿਆ ਹੈ, ਉਸ ਦੀ ਜਾਂਚ ਹੋਣੀ ਚਾਹੀਦੀ ਹੈ, ਜੋ ਕਿਸਾਨਾਂ ਦੀ ਮੂੰਗੀ ਦੀ ਫ਼ਸਲ ਬਰਬਾਦ ਹੋ ਰਹੀ ਹੈ, ਉਸ ਦਾ ਮੁਆਵਜ਼ਾ ਦਿੱਤਾ ਜਾਵੇ।

ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ: ਖੇਤੀਬਾੜੀ ਅਫ਼ਸਰ

ਜ਼ਿਲ੍ਹਾ ਖੇਤੀਬਾੜੀ ਮੁੱਖ ਅਫ਼ਸਰ ਡਾ. ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਭਲਕੇ ਖੇਤਾਂ ਦਾ ਨਿਰੀਖਣ ਕਰਨ ਲਈ ਬਲਾਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅਜਿਹੇ ਹਮਲੇ ਤੋਂ ਨਾ ਘਬਰਾਉਣ ਅਤੇ ਜੇਕਰ ਹਮਲੇ ਦੇ ਮਾਮਲੇ ਸਾਹਮਣੇ ਆਉਂਦੇ ਹਨ, ਤਾਂ ਇਨ੍ਹਾਂ ਨੂੰ ਬਿਨਾਂ ਸਪਰੇਆਂ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ।

Source: Punjabi Tribune