ਚਿੱਟੀ ਮੱਖੀ ਦਾ ਹਮਲਾ: ਕਲਿਆਣ ਸੁੱਖਾ ਦੇ ਕਿਸਾਨ ਨੇ ਨਰਮਾ ਵਾਹਿਆ

July 25 2017

By: Punjabi Tribune, 25 July 2017

ਨੇੜਲੇ ਪਿੰਡ ਕਲਿਆਣ ਸੁੱਖਾ ਦੇ ਕਿਸਾਨ ਹਰਦੀਪ ਸਿੰਘ ਦੀ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਨੇ ਬਰਬਾਦ ਕਰ ਦਿੱਤਾ, ਜਿਸ ਕਾਰਨ ਉਸ ਨੇ ਢਾਈ ਏਕੜ ਫ਼ਸਲ ਵਾਹ ਦਿੱਤੀ। ਹਰਦੀਪ ਸਿੰਘ ਖੁਦ ਛੋਟਾ ਕਿਸਾਨ ਹੈ ਅਤੇ ਉਸ ਨੇ ਜ਼ਮੀਨ ਠੇਕੇ ‘ਤੇ ਲੈ ਕੇ ਨਰਮੇ ਦੀ ਬਿਜਾਈ ਕੀਤੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਲਿਆਣ ਸੁੱਖਾ ਦੇ ਕਿਸਾਨ ਹਰਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਨੇ ਮੰਦਰ ਸਿੰਘ ਨਾਂ ਦੇ ਵਿਅਕਤੀ ਦੀ ਦਸ ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕੀਤੀ ਸੀ। ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ‘ਤੇ ਲਈ ਇਸ ਜ਼ਮੀਨ ਦੇ ਢਾਈ ਏਕੜ ਰਕਬੇ ‘ਚ ਨਰਮੇ ਦੀ ਬਿਜਾਈ ਕੀਤੀ ਸੀ। ਹਰਦੀਪ ਸਿੰਘ ਅਨੁਸਾਰ ਕਰੀਬ ਤਿੰਨ ਹਫ਼ਤੇ ਪਹਿਲਾਂ ਨਰਮੇ ਦੀ ਫ਼ਸਲ ਉੱਪਰ ਚਿੱਟੀ ਮੱਖੀ ਦੇ ਹੋਏ ਹਮਲੇ ਸਬੰਧੀ ਉਸ ਨੇ ਨਥਾਣਾ ਦੇ ਖੇਤੀ ਇੰਸਪੈਕਟਰ ਨੂੰ ਸੂਚਨਾ ਦਿੱਤੀ। ਦੋ ਹਫ਼ਤਿਆਂ ਤੱਕ ਉਸ ਦੀ ਸਮੱਸਿਆ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਮਜਬੂਰ ਹੋ ਕੇ ਐਕਟਾਰਾ, ਟਰਾਈਜੋ ਅਤੇ ਕਨਫੀਡੋਰ ਨਾਮੀਂ ਮਹਿੰਗੀਆਂ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਵੀ ਕੀਤਾ। ਇਸ ਤੋਂ ਇਲਾਵਾ ਨਿੰਮ ਦੇ ਪਾਣੀ ਦਾ ਵੀ ਇੱਕ ਵਾਰ ਸਪਰੇਅ ਕੀਤਾ ਗਿਆ ਪਰ ਫ਼ਸਲ ‘ਤੋਂ ਚਿੱਟੀ ਮੱਖੀ ਦਾ ਹਮਲਾ ਖ਼ਤਮ ਨਾ ਹੋਇਆ। ਉਸ ਨੇ ਦੱਸਿਆ ਕਿ ਖੇਤੀਬਾੜੀ ਮਹਿਕਮੇ ਦੇ ਦੋ ਸਕਾਊਟਾਂ ਨੇ ਦੋ ਹਫ਼ਤਿਆਂ ਬਾਅਦ ਖੇਤਾਂ ‘ਚ ਜਾ ਕੇ ਨਰਮੇ ਦੇ ਤਬਾਹ ਹੋਏ ਬੂਟੇ ਪੁੱਟ ਦੇਣ ਅਤੇ ਹੋਰਨਾਂ ਪ੍ਰਭਾਵਿਤ ਬੂਟਿਆਂ ਦੇ ਪੱਤੇ ਤੋੜ ਦੇਣ ਦਾ ਸੁਝਾਅ ਦਿੱਤਾ। ਕਾਫ਼ੀ ਮਿਹਨਤ ਕਰਨ ਦੇ ਬਾਵਜੂਦ ਉਸ ਦੀ ਫ਼ਸਲ ਵਿੱਚ ਸੁਧਾਰ ਦਿਖਾਈ ਨਾ ਦਿੱਤਾ ਤਾਂ ਅੱਜ ਉਸ ਨੇ ਮਜਬੂਰੀ ਵੱਸ ਨਰਮੇ ਦੀ ਢਾਈ ਏਕੜ ਫ਼ਸਲ ਵਾਹ ਦਿੱਤੀ। ਬਿਜਾਈ, ਕੀਟਨਾਸ਼ਕ ਸਪਰੇਅ ਅਤੇ ਹੋਰ ਲਾਗ ਪਾ ਕੇ 13 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਹੋਇਆ ਖਰਚਾ ਕਿਸਾਨ ਨੂੰ ਆਰਥਿਕ ਘਾਟੇ ਵੱਲ ਧਕੇਲ ਗਿਆ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।