ਗੰਨੇ ਦਾ ਭਾਅ ਵਧਾਉਣ ਲਈ ਡਟੇ ਕਿਸਾਨ, ਸੰਘਰਸ਼ ਦਾ ਐਲਾਨ

November 13 2017

 ਚੰਡੀਗੜ੍ਹ: ਪਿਛਲੇ ਪੰਜ ਸਾਲਾਂ ਤੋਂ ਗੰਨੇ ਦਾ ਭਾਅ ਨਾ ਵਧਾਉਣ ਖਿਲਾਫ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਦੁਆਬਾ ਕਿਸਾਨ ਸੰਘਰਸ਼ ਕਮੇਟੀ ਕਿਸਾਨ ਆਗੂਆਂ ਮਨਜੀਤ ਸਿੰਘ ਰਾਏ, ਹਰਸੁਰਿੰਦਰ ਸਿੰਘ ਤੇ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਸੰਘਰਸ਼ ਦੇ ਪਹਿਲੇ ਪੜਾਅ ਵਿੱਚ ਆਏ ਕਿਸਾਨ ਸੰਗਠਨਾਂ ਨੇ 15 ਨਵੰਬਰ ਨੂੰ ਜਲੰਧਰ-ਫਗਵਾੜਾ ਵਿਚਕਾਰ ਜੀ.ਟੀ. ਰੋਡ ਤੇ ਰੇਲਵੇ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਗੰਨੇ ਦਾ ਭਾਅ ਨਹੀਂ ਵਧਾਇਆ ਜਾ ਰਿਹਾ ਤੇ ਸਹਿਕਾਰੀ ਮਿੱਲਾਂ ਵੱਲ ਗੰਨਾ ਉਤਪਾਦਕਾਂ ਦੇ ਪਿਛਲੇ ਸਾਲ ਦੇ 71 ਕਰੋੜ ਰੁਪਏ ਦੇ ਬਕਾਏ ਪਏ ਹਨ।

 ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਉੱਪਰ ਵਿੱਢੇ ਸੰਘਰਸ਼ ਦਾ ਮਾਝਾ ਕਿਸਾਨ ਸੰਘਰਸ਼ ਕਮੇਟੀ ਤੇ ਕਈ ਹੋਰ ਕਿਸਾਨ ਸੰਗਠਨਾਂ ਨੇ ਵੀ ਸਮਰਥਨ ਕੀਤਾ ਹੈ। ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਗੰਨੇ ਦਾ ਘੱਟੋ-ਘੱਟ ਭਾਅ 350 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ। ਗੁਆਂਢੀ ਰਾਜ ਹਰਿਆਣਾ ਵਿੱਚ ਪਹਿਲਾਂ ਹੀ ਗੰਨੇ ਦਾ ਭਾਅ 330 ਰੁਪਏ ਕੁਇੰਟਲ ਹੈ।

ਸੂਤਰਾਂ ਮੁਤਾਬਕ ਖੇਤੀ ਵਿਭਾਗ ਨੇ ਗੰਨੇ ਦੇ ਭਾਅ ‘ਚ 10 ਰੁਪਏ ਕੁਇੰਟਲ ਵਾਧਾ ਕਰਨ ਦੀ ਸਿਫਾਰਸ਼ ਕੀਤੀ ਸੀ ਪਰ ਮੁੱਖ ਮੰਤਰੀ ਨੇ ਮਿੱਲ ਮਾਲਕਾਂ ਦੇ ਦਬਾਅ ਹੇਠ ਆ ਕੇ ਭਾਅ ਨਾ ਵਧਾਉਣ ਦਾ ਫੈਸਲਾ ਲਿਆ ਹੈ। ਖੰਡ ਦਾ ਭਾਅ ਪਿਛਲੇ ਸਮੇਂ ਤੋਂ 4 ਹਜ਼ਾਰ ਤੇ 4100 ਰੁਪਏ ਕੁਇੰਟਲ ਚਲਿਆ ਆ ਰਿਹਾ ਹੈ। ਖੰਡ ਮਿੱਲਾਂ ਨੂੰ 3900 ਰੁਪਏ ਦੇ ਕਰੀਬ ਪੈਂਦਾ ਹੈ ਤੇ ਖੰਡ ਦੀ ਉਤਪਾਦਨ ਸਟੈਂਡਰਡ ਲਾਗਤ ਕੀਮਤ 3200 ਰੁਪਏ ਕੁਇੰਟਲ ਮੰਨੀ ਜਾਂਦੀ ਹੈ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਵੇਲਾ-ਵਿਹਾਅ ਚੁੱਕੀ ਮਸ਼ੀਨਰੀ ਤੇ ਭ੍ਰਿਸ਼ਟਾਚਾਰ ਕਾਰਨ ਜੇਕਰ ਮਿੱਲਾਂ ਘਾਟੇ ‘ਚ ਜਾ ਰਹੀਆਂ ਹਨ ਤਾਂ ਇਸ ਦਾ ਬੋਝ ਕਿਸਾਨ ਉੱਪਰ ਕਿਉਂ ਸੁੱਟਿਆ ਜਾ ਰਿਹਾ ਹੈ। ਉਹ ਇਹ ਵੀ ਕਹਿੰਦੇ ਹਨ ਕਿ 70 ਫੀਸਦੀ ਗੰਨਾ ਨਿੱਜੀ ਮਿੱਲਾਂ ਵਾਲੇ ਖਰੀਦ ਰਹੇ ਹਨ, ਸਰਕਾਰ ਉਨ੍ਹਾਂ ਨੂੰ ਘੱਟ ਮੁੱਲ ਉੱਪਰ ਗੰਨਾ ਚੁਕਵਾਉਣ ਲਈ ਕਿਉਂ ਬਜ਼ਿੱਦ ਹੈ।

ਜਿਕਰਯੋਗ ਹੈ ਕਿ ਪੰਜਾਬ ਵਿੱਚ ਚੱਲ ਰਹੀਆਂ 7 ਨਿੱਜੀ ਖੰਡ ਮਿੱਲਾਂ ਕੁਲ ਗੰਨੇ ਦਾ ਕਰੀਬ 70 ਫੀਸਦੀ ਖਰੀਦਦੀਆਂ ਹਨ। ਇਹ ਮਿੱਲਾਂ ਸਾਰੀਆਂ ਹੀ ਰਾਜਸੀ ਪਾਰਟੀਆਂ ਨਾਲ ਸਬੰਧਤ ਵੱਡੇ ਰਾਜਸੀ ਨੇਤਾਵਾਂ ਦੀ ਮਾਲਕੀ ਵਾਲੀਆਂ ਹਨ। ਨਿੱਜੀ ਖੰਡ ਮਿੱਲਾਂ ਕਿਸਾਨਾਂ ਨੂੰ ਘੱਟ ਭਾਅ ਦਿੱਤੇ ਜਾਣ ਕਾਰਨ ਵੱਡੇ ਮੁਨਾਫੇ ਕਮਾ ਰਹੀਆਂ ਹਨ ਪਰ ਸਰਕਾਰ ਸਹਿਕਾਰੀ ਖੰਡ ਮਿੱਲਾਂ ਦੇ ਘਾਟੇ ‘ਚ ਹੋਣ ਦਾ ਰੋਣਾ ਪਾ ਕੇ ਕਿਸਾਨਾਂ ਨੂੰ ਘੱਟ ਭਾਅ ਦੇ ਕੇ ਲੁੱਟ ਕਰ ਰਹੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:ABP Sanjha