ਗੰਨਾ ਪੈਦਾਵਾਰਾਂ ਲਈ ਮੋਦੀ ਸਰਕਾਰ ਦਾ ਤੋਹਫ਼ਾ

May 03 2018

 ਦਿੱਲੀ: ਵਿੱਤੀ ਮਾਮਲਿਆਂ ਬਾਰੇ ਕੇਂਦਰੀ ਕੈਬਨਿਟ ਕਮੇਟੀ ਨੇ ਖੰਡ ਮਿੱਲਾਂ ਵੱਲੋਂ ਕਿਸਾਨਾਂ ਨੂੰ ਸਾਲ 2017-18 ਦੀ ਬਕਾਇਆ ਅਦਾਇਗੀ ਕਰਨ ਲਈ ਸਾਢੇ ਪੰਜ ਰੁਪਏ ਫ਼ੀ ਕੁਇੰਟਲ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸੀਸੀਈਏ ਨੇ ਇਸ ਸਹਿਯੋਗ ਨੂੰ ਖੰਡ ਮਿੱਲਾਂ ਦੇ ਨਾਂਅ ‘ਤੇ ਸਿੱਧਾ ਕਿਸਾਨਾਂ ਨੂੰ ਦੇਣ ਦੇ ਹੁਕਮ ਦਿੱਤੇ ਹਨ। ਕੋਈ ਵੀ ਬਕਾਇਆ ਰਹੇਗਾ ਤਾਂ ਉਹ ਮਿੱਲ ਦੇ ਖਾਤੇ ਵਿੱਚ ਭੇਜਿਆ ਜਾਵੇਗਾ। ਸਰਕਾਰ ਦੇ ਮਾਪਦੰਡਾਂ ਮੁਤਾਬਕ ਮਿੱਲਾਂ ਇਸ ਸਹਾਇਤਾ ਲਈ ਯੋਗ ਹੋਣਗੀਆਂ।

ਖੰਡ ਸੀਜ਼ਨ 2017-18 ਦੌਰਾਨ ਜ਼ਿਆਦਾ ਉਤਪਾਦਨ ਹੋਣ ਤੇ ਪ੍ਰਚੂਨ ਬਾਜ਼ਾਰ ਵਿੱਚ ਮੰਗ ਘੱਟ ਹੋਣ ਕਾਰਨ ਚੀਨੀ ਦੇ ਭਾਅ ਵਿੱਚ ਲਗਾਤਾਰ ਗਿਰਾਵਟ ਨਜ਼ਰ ਆ ਰਹੀ ਹੈ। ਬਾਜ਼ਾਰ ਵਿੱਚ ਆ ਰਹੀ ਗਿਰਾਵਟ ਕਾਰਨ ਦੇਸ਼ ਭਰ ਵਿੱਚ ਖੰਡ ਮਿੱਲਾਂ ਕਾਫੀ ਪ੍ਰਭਾਵਿਤ ਹੋਈਆਂ ਤੇ ਮਿੱਲਾਂ ਦੀਆਂ ਅੰਦਾਜ਼ਨ 19,000 ਕਰੋੜ ਰੁਪਏ ਦੀਆਂ ਦੇਣਦਾਰੀਆਂ ਬਕਾਇਆ ਹਨ।

ਇੱਕ ਬਿਆਨ ਮੁਤਾਬਕ ਸਰਕਾਰ ਨੇ ਪਿਛਲੇ ਤਿੰਨ ਚਾਰ ਮਹੀਨਿਆਂ ਦੌਰਾਨ ਚੀਨੀ ਦੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਕਾਫੀ ਕੰਮ ਕੀਤਾ ਹੈ। ਸਰਕਾਰ ਨੇ ਚੀਨੀ ਦੀ ਬਰਾਮਦ ਹੋਰ ਉਤਸ਼ਾਹਤ ਕਰਨ ਲਈ ਲਾਗੂ ਕਸਟਮ ਡਿਊਟੀ ਹਟਾ ਦਿੱਤੀ ਹੈ ਤੇ ਦਰਾਮਦ ਘੱਟ ਕਰਨ ਲਈ 100 ਫ਼ੀ ਸਦੀ ਕਸਟਮ ਡਿਊਟੀ ਲਾ ਦਿੱਤੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP Sanjha