ਗੰਨਾ ਕਾਸ਼ਤਕਾਰਾਂ ਲਈ ਖੁਸ਼ਖਬਰੀ!

November 06 2018

ਚੰਡੀਗੜ੍ਹ: ਪੰਜਾਬ ਦੀਆਂ ਸਮੂਹ ਖੰਡ ਮਿੱਲਾਂ ਵਿੱਚ ਗੰਨੇ ਦੀ ਪਿੜਾਈ ਦਾ ਕੰਮ 8 ਤੋਂ 15 ਨਵੰਬਰ ਤੱਕ ਸ਼ੁਰੂ ਹੋ ਜਾਵੇਗਾ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸ਼ੂਗਰਫੈੱਡ ਵੱਲੋਂ ਸਾਰੀਆਂ ਖੰਡ ਮਿੱਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਕਿ ਤੈਅ ਸਮੇਂ ਦੌਰਾਨ ਖੰਡ ਮਿੱਲਾਂ ਪ੍ਰਬੰਧ ਕਰਕੇ ਗੰਨੇ ਦੀ ਪਿੜਾਈ ਸ਼ੁਰੂ ਕਰ ਲੈਣ ਤਾਂ ਜੋ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ।

ਰੰਧਾਵਾ ਨੇ ਕਿਹਾ ਕਿ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਗੰਨੇ ਦੀ ਪਿੜਾਈ ਦਾ ਕੰਮ ਕਈ ਵਾਰ ਦਸੰਬਰ ਦੇ ਅੱਧ ਤੱਕ ਸ਼ੁਰੂ ਹੁੰਦਾ ਸੀ ਜਦੋਂਕਿ ਉਨ੍ਹਾਂ ਵੱਲੋਂ ਮਹੀਨਾ ਐਡਵਾਂਸ ਸ਼ੁਰੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਿਸਾਨ ਪਹਿਲ ਹੈ ਤੇ ਕਰਜ਼ਾ ਮੁਆਫ਼ੀ ਦੀ ਸ਼ੁਰੂਆਤ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ।

ਸਹਿਕਾਰਤਾ ਮੰਤਰੀ ਨੇ ਪਿਛਲੇ 10 ਸਾਲਾਂ ਦੇ ਵੇਰਵੇ ਦਿੰਦਿਆ ਦੱਸਿਆ ਕਿ 2015-16 ਵਿੱਚ ਗੁਰਦਾਸਪੁਰ ਤੇ ਬਟਾਲਾ ਖੰਡ ਮਿੱਲ ਵਿੱਚ ਪਿੜਾਈ ਦਾ ਕੰਮ 4 ਦਸੰਬਰ, 2012-13 ਵਿੱਚ ਅਜਨਾਲਾ ਖੰਡ ਮਿੱਲ ਵਿੱਚ 7 ਦਸੰਬਰ, 2009-10 ਵਿੱਚ ਭੋਗਪੁਰ ਖੰਡ ਮਿੱਲ ਵਿੱਚ 16 ਦਸੰਬਰ, 2009-10 ਵਿੱਚ ਨਵਾਂਸ਼ਹਿਰ ਖੰਡ ਮਿੱਲ ਵਿੱਚ 30 ਨਵੰਬਰ, 2016-17 ਵਿੱਚ ਨਕੋਦਰ ਖੰਡ ਮਿੱਲ ਵਿੱਚ 6 ਦਸੰਬਰ, 2009-10 ਤੇ 2011-12 ਵਿੱਚ ਬੁੱਢੇਵਾਲ ਖੰਡ ਮਿੱਲ ਵਿੱਚ 5 ਦਸੰਬਰ, 2008-09, 2011-12 ਤੇ 2015-16 ਵਿੱਚ ਮੋਰਿੰਡਾ ਖੰਡ ਮਿੱਲ ਵਿੱਚ 1 ਦਸੰਬਰ ਤੇ 2011-12 ਵਿੱਚ ਫਾਜਿਲਕਾ ਖੰਡ ਮਿੱਲ ਵਿੱਚ ਪਿੜਾਈ ਦਾ ਕੰਮ 15 ਦਸੰਬਰ ਨੂੰ ਸ਼ੁਰੂ ਹੋਇਆ ਸੀ।

Source: Krishi Jagran