ਗੁਰਦੇਵ ਕੌਰ ਦਿਉਲ ਔਰਤਾਂ ਲਈ ਮਿਸਾਲ ਬਣੀ

September 11 2018

ਗੁਰਦੇਵ ਕੌਰ ਪਤਨੀ ਗੁਰਦੇਵ ਸਿੰਘ ਦਿਉਲ ਇਯਾਲੀ ਖੁਰਦ, ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਹੈ। ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਸੁਆਣੀਆਂ ਵਿੱਚ ਨਵੀਂ ਮਿਸਾਲ ਕਾਇਮ ਕੀਤੀ ਹੈ। ਗ੍ਰੈਜੂਏਟ ਤਕ ਪੜ੍ਹੇ ਗੁਰਦੇਵ ਕੌਰ ਪਹਿਲਾਂ ਹਿਸਾਬ ਦੀ ਅਧਿਆਪਕਾ ਵੀ ਰਹਿ ਚੁੱਕੇ ਹਨ। ਉਹ ਆਪਣੀ ਚਾਰ ਕਿੱਲੇ ਜ਼ਮੀਨ ਵਿੱਚ ਹਾੜ੍ਹੀ ਵੇਲੇ ਕਣਕ ਅਤੇ ਸਾਉਣੀ ਵਿੱਚ ਦਾਲਾਂ ਦੀ ਕਾਸ਼ਤ ਕਰਦੇ ਹਨ।

ਉਨ੍ਹਾਂ ਨੇ ਸਾਲ 1992 ਵਿੱਚ ਡੇਅਰੀ ਫਾਰਮਿੰਗ ਦਾ ਕੰਮ 6 ਮੱਝਾਂ ਤੇ 2 ਗਾਵਾਂ ਨਾਲ ਸ਼ੁਰੂ ਕੀਤਾ। ਸਾਲ 2000 ਤੱਕ ਉਨ੍ਹਾਂ ਦੀ ਡੇਅਰੀ ਵਿੱਚ ਪਸ਼ੂਆਂ ਦੀ ਗਿਣਤੀ 50 ਹੋ ਗਈ, ਪਰ ਇਹ ਕਿੱਤੇ ਵਿੱਚ ਜ਼ਿਆਦਾ ਮੁਨਾਫ਼ਾ ਨਾ ਹੋਣ ਕਾਰਨ ਉਨ੍ਹਾਂ ਨੇ ਇਸ ਕੰਮ ਨੂੰ ਘਟਾ ਦਿੱਤਾ। ਉਨ੍ਹਾਂ ਨੇ 1995 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖ਼ਰਗੋਸ਼ ਪਾਲਣ ਦੀ ਸਿਖਲਾਈ ਹਾਸਲ ਕਰਕੇ 30 ਅੰਗੋਰਾ ਖ਼ਰਗੋਸ਼ਾਂ ਨਾਲ ਕੰਮ ਸ਼ੁਰੂ ਕੀਤਾ। ਮਾਰਕੀਟਿੰਗ ਦੀ ਸਮੱਸਿਆ ਕਰਕੇ ਉਨ੍ਹਾਂ ਨੂੰ ਇਹ ਕੰਮ ਵੀ ਬੰਦ ਕਰਨਾ ਪਿਆ। ਮਾਰਚ 1995 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਸਿਖਲਾਈ ਕੋਰਸ ਕੀਤਾ ਅਤੇ 5 ਬਕਸੇ ਤੋਂ ਕੰਮ ਸ਼ੁਰੂ ਕੀਤਾ। ਉਨ੍ਹਾਂ ਨੇ ਸਾਲ 2000 ਵਿੱਚ ਡੇਅਰੀ ਦਾ ਕੰਮ ਘਟਾ ਕੇ ਸ਼ਹਿਦ ਦਾ ਕੰਮ ਵਿਕਸਿਤ ਕਰ ਲਿਆ। ਹੁਣ ਉਨ੍ਹਾਂ ਕੋਲ 500 ਦੇ ਕਰੀਬ ਬਕਸੇ ਹਨ ਅਤੇ ਮੱਖੀ ਵੇਚਣ ਦਾ ਕੰਮ ਵੀ ਕਰਦੇ ਹਨ।

ਉਹ 2004 ਵਿੱਚ ਪੰਜਾਬ ਕਿਸਾਨ ਕਲੱਬ ਦੇ ਮੈਂਬਰ ਬਣੇ ਅਤੇ ਮਹੀਨਾਵਾਰ ਮੀਟਿੰਗਾਂ ਵਿੱਚ ਹਾਜ਼ਰ ਹੋ ਕੇ ਨਵੀਆਂ ਘਰੋਗੀ ਵਸਤਾਂ ਬਣਾਉਣ ਬਾਰੇ ਜਾਣਕਾਰੀ ਲੈਂਦੇ ਰਹਿੰਦੇ ਹਨ। ਉਨ੍ਹਾਂ ਨੇ ਖੁੰਬਾਂ, ਵਰਮੀ ਕੰਪੋਸ਼ਟ, ਸਿਰਕਾ ਮੇਕਿੰਗ, ਘਰੇਲੂ ਪੱਧਰ ’ਤੇ ਪਾਸਤਾ, ਨੂਡਲਜ਼, ਫ਼ਲਾਂ ਤੇ ਸਬਜ਼ੀਆਂ ਦੀ ਸੰਭਾਲ ਦੀ ਸਿਖਲਾਈ ਹਾਸਲ ਕੀਤੀ। ਖਾਣ-ਪੀਣ ਵਾਲੀਆਂ ਵਸਤਾਂ ਬਣਾਉਣ ਦਾ ਸ਼ੌਕ ਹੋਣ ਕਾਰਨ ਅਚਾਰ, ਮੁਰੱਬੇ, ਚਟਨੀ, ਸੁਕੈਸ਼ ਤੇ ਜੂਸ ਆਦਿ ਘਰੇਲੂ ਪੱਧਰ ’ਤੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਔਰਤਾਂ ਨੂੰ ਹੱਲਾਸ਼ੇਰੀ ਦੇਣ ਉਪਰੰਤ 2007 ਵਿੱਚ ਗਲੋਬਲ ਨਾਂ ਦਾ ਸਵੈ-ਸਹਾਇਤਾ ਗਰੁੱਪ ਬਣਾਇਆ। ਇਸ ਵਿੱਚ ਪਹਿਲੇ ਸਾਲ 16 ਔਰਤਾਂ ਮੈਂਬਰ ਬਣੀਆਂ। ਇਸ ਵਿੱਚ ਇੱਕ ਔਰਤ ਮੈਂਬਰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾ ਲੈਂਦੀ ਹੈ। ਇਸ ਤੋਂ ਇਲਾਵਾ ਕਈ ਔਰਤਾਂ ਨੇ ਦਿਹਾੜੀ ਦੇ ਹਿਸਾਬ ਨਾਲ ਕੰਮ ਕਰਕੇ ਆਪਣਾ ਰੁਜ਼ਗਾਰ ਦਾ ਵਸੀਲਾ ਬਣਾਇਆ ਹੋਇਆ ਹੈ। ਉਹ ਹੁਣ 32 ਤਰ੍ਹਾਂ ਦੇ ਪਦਾਰਥ ਬਣਾਉਂਦੇ ਹਨ ਜਿਸ ਵਿੱਚ ਕਈ ਪ੍ਰਕਾਰ ਦੀਆਂ ਸਬਜ਼ੀਆਂ ਅਤੇ ਫਲਾਂ ਦੇ ਅਚਾਰ, ਚਟਨੀਆਂ, ਮੁਰੱਬੇ, ਸੁਕੈਸ਼, ਸ਼ਰਬਤ, ਅੰਬਚੂਰ, ਹਲਦੀ, ਮਿਰਚ, ਗਰਮ ਮਸਾਲਾ, ਚਾਹ ਅਤੇ ਲੱਸੀ ਦਾ ਮਸਾਲਾ ਆਦਿ ਸ਼ਾਮਲ ਹਨ।

ਗੁਰਦੇਵ ਕੌਰ ਦਸਦੇ ਹਨ ਕਿ ਕਿਸੇ ਵੀ ਗਰੁੱਪ ਦੀ ਸਫ਼ਲਤਾ ਜ਼ਿਆਦਾਤਰ ਉਸ ਦੇ ਆਗੂ ’ਤੇ ਨਿਰਭਰ ਕਰਦੀ ਹੈ। ਜੇ ਆਗੂ ਵਿੱਚ ਸਿਆਣਪ, ਨਿਮਰਤਾ ਅਤੇ ਸੇਵਾ ਦੀ ਭਾਵਨਾ ਹੋਵੇ ਤਾਂ ਹੀ ਗਰੁੱਪ ਆਪਣੇ ਮੰਤਵ ਵਿੱਚ ਸਫ਼ਲ ਹੋ ਸਕਦਾ ਹੈ। ਗੁਰਦੇਵ ਕੌਰ ਆਤਮਾ ਗਵਰਨਿੰਗ ਬੋਰਡ ਅਤੇ ਮਾਈ ਭਾਗੋ ਨਾਰੀ ਸ਼ਕਤੀ ਕਮੇਟੀ ਜ਼ਿਲ੍ਹਾ ਲੁਧਿਆਣਾ ਦੇ ਵੀ ਮੈਂਬਰ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਗਰੁੱਪ ਨੂੰ ਕਿਸਾਨ ਮੇਲੇ ਵਿੱਚ ਸਨਮਾਨ ਵੀ ਦਿੱਤਾ ਗਿਆ ਅਤੇ ਮੇਲੇ ਵਿੱਚ ਸਟਾਲ ਲਗਾ ਕੇ ਆਪਣੇ ਪਦਾਰਥ ਵੇਚਣ ਦੀ ਆਗਿਆ ਵੀ ਦਿੱਤੀ ਗਈ। ਉਨ੍ਹਾਂ ਦੀ ਆਤਮਾ ਅਤੇ ਹੋਰ ਅਦਾਰਿਆਂ ਵੱਲੋਂ ਵੀ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਬਹੁਤੇ ਪਦਾਰਥ ਖੇਤੀ ਅਧਾਰਿਤ ਹੀ ਹਨ। ਸਰਦੀਆਂ ਵਿੱਚ ਗਰੁੱਪ ਵੱਲੋਂ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ ਵੀ ਤਿਆਰ ਕੀਤੀ ਜਾਂਦੀ ਹੈ। ਸੋਇਆਬੀਨ ਦੇ ਕਈ ਪਦਾਰਥ ਜਿਵੇਂ ਕਿ ਦੁੱਧ, ਬਿਸਕੁਟ ਤੇ ਪਨੀਰ ਆਦਿ ਬਣਾਏ ਜਾਂਦੇ ਹਨ। ਬੀਬੀਆਂ ਦਾ ਗਰੁੱਪ ਕੇਵਲ ਆਰਥਿਕ ਪੱਖੋਂ ਹੀ ਮਜ਼ਬੂਤ ਹੋਣ ਦਾ ਯਤਨ ਨਹੀਂ ਕਰਦਾ ਸਗੋਂ ਸਮੇਂ-ਸਮੇਂ ’ਤੇ ਮਨ-ਪ੍ਰਚਾਵੇ ਦੇ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ ਅਤੇ ਸੱਭਿਆਚਾਰ ਨੂੰ ਸਾਂਭਣ ਦੇ ਯਤਨ ਵੀ ਕੀਤੇ ਜਾਂਦੇ ਹਨ।

ਗੁਰਦੇਵ ਕੌਰ ਦੇ ਨਾਲ ਉਨ੍ਹਾਂ ਦੇ ਪਤੀ ਅਤੇ ਬੇਟਾ ਰਲ ਕੇ ਡੇਅਰੀ ਫਾਰਮਿੰਗ ਅਤੇ ਸ਼ਹਿਦ ਦੀਆਂ ਮੱਖੀਆਂ ਦਾ ਕੰਮ ਕਰ ਰਹੇ ਹਨ। ਦਿਉਲ ਪਰਿਵਾਰ ਨੇ ਆਪਣੇ ਖੇਤ ਵਿੱਚ ਜੈਵਿਕ ਖੇਤੀ ਅਧੀਨ ਵੱਖ-ਵੱਖ ਸਬਜ਼ੀਆਂ ਬੀਜੀਆਂ ਹੋਈਆਂ ਹਨ। ਇਸ ਤੋਂ ਇਲਾਵਾ ਐਲੋਵੇਰਾ ਅਤੇ ਗਲੈਡੂਲਸ ਫੁੱਲ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ। ਪਸ਼ੂਆਂ ਦਾ ਗੋਹਾ ਅਤੇ ਪਿਸ਼ਾਬ ਨੂੰ ਬੇਕਾਰ ਨਹੀਂ ਜਾਣ ਦਿੱਤਾ ਜਾਂਦਾ ਸਗੋਂ ਇਸ ਦੀ ਵਰਤੋਂ ਖਾਦ ਅਤੇ ਸਿੰਜਾਈ ਲਈ ਕੀਤੀ ਜਾਂਦੀ ਹੈ। ਉਨ੍ਹਾਂ ਨੇ ਨਬਾਰਡ ਦੀ ਸਹਾਇਤਾ ਨਾਲ ਡੀਐਸਟੀ ਪ੍ਰਾਜੈਕਟ ਅਧੀਨ 5 ਲੱਖ ਦੀ ਲਾਗਤ ਵਾਲੀ ਮਸ਼ੀਨ ਲੈ ਕੇ ਸੈਨੇਟਰੀ ਨੈਪਕਿਨ ਬਣਾਉਣੇ ਸ਼ੁਰੂ ਕੀਤੇ ਹਨ। ਉਹ ਸੂਟ ਵੇਚਣ ਤੇ ਸਿਉਣ ਦਾ ਕੰਮ ਵੀ ਕਰਦੇ ਹਨ। ਗੁਰਦੇਵ ਕੌਰ ਨੂੰ ਸਾਲ 2009 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਰਦਾਰਨੀ ਜਗਬੀਰ ਕੌਰ ਐਵਾਰਡ ਨਾਲ ਸਨਮਾਨ ਗਿਆ।