ਖੁੰਭਾਂ ਦੀ ਖੇਤੀ ਕਰ ਰਿਹੈ ਗੁਲਾਬ ਸਿੰਘ ਬਣਿਆ ਕਿਸਾਨਾਂ ਲਈ ਪ੍ਰੇਰਣਾ ਸਰੋਤ

December 13 2017

 ਤਹਿਸੀਲ ਮੂਨਕ ਦੇ ਪਿੰਡ ਭਾਠੂਆਂ ਦਾ ਨੌਜਵਾਨ ਕਿਸਾਨ ਗ਼ੁਲਾਬ ਸਿੰਘ ਖੁੰਭਾਂ ਦੀ ਖੇਤੀ ਕਰਕੇ ਹੋਰਨਾਂ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣ ਰਿਹਾ ਹੈ। ਨੌਜਵਾਨ ਕਿਸਾਨ ਨੇ ਦੱਸਿਆ ਕਿ ਉਹ ਬੀਏ ਦੀ ਪੜ੍ਹਾਈ ਵਿਚਕਾਰ ਛੱਡ ਕੇ ਰੋਜ਼ੀ-ਰੋਟੀ ਖਾਤਰ ਬਹਿਰੀਨ ਚਲਾ ਗਿਆ ਪਰ ਚਾਕਰੀ ਨਾਲੋਂ ਖੇਤੀ ਉੱਤਮ ਵਾਲਾ ਵਿਚਾਰ ਉਸ ਨੂੰ ਮੁੜ ਆਪਣੇ ਦੇਸ਼ ਲੈ ਆਇਆ। ਗੁਲਾਬ  ਸਿੰਘ ਕੋਲ ਆਪਣੀ ਕੇਵਲ ਚਾਰ ਕੁ ਏਕੜ  ਜ਼ਮੀਨ ਹੈ ਤੇ ਉਹ ਕਰੀਬ 30 ਏਕੜ ਠੇਕੇ ’ਤੇ ਲੈਂਦਾ ਹੈ। ਉਸ ਨੇ ਆਪਣੇ ਦੋਸਤ ਰਾਜਵੀਰ ਸਿੰਘ ਜੋ ਖੁੰਭਾਂ ਦਾ ਕਾਰੋਬਾਰੀ ਹੈ, ਤੋਂ ਪ੍ਰਭਾਵਿਤ ਹੋ ਕੇ ਖੁੰਭਾਂ ਦਾ ਕੰਮ ਤੋਰਿਆ। ਉਸ ਨੂੰ ਕ੍ਰਿਸ਼ੀ ਕੇਂਦਰ  ਦੇ ਸਹਾਇਕ ਡਾਇਰੈਕਟਰ (ਸਿਖ਼ਲਾਈ) ਡਾ. ਮਨਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸੇ ਕੇਂਦਰ ਤੋਂ ਹੀ ਉਸ ਨੇ ਖੁੰਭਾਂ ਤਿਆਰ ਕਰਨ, ਸਟੋਰ ਕਰਨ ਅਤੇ ਮੰਡੀਕਰਨ ਦੀ ਸਿਖਲਾਈ ਲਈ। ਕ੍ਰਿਸ਼ੀ ਕੇਂਦਰ ਨੇ ਉਸ ਨੂੰ ਸੋਲਨ ਦੇ ਖੁੰਭ ਉਤਪਾਦਨ ਕੇਂਦਰ ਵਿਚ ਵੀ ਟਰੇਨਿੰਗ ਲਈ ਭੇਜਿਆ।

ਉਸ ਨੇ ਤਿੰਨ ਸਾਲ ਪਹਿਲਾਂ ਖੁੰਭਾਂ ਦਾ ਕੰਮ ਸ਼ੁਰੂ ਕੀਤਾ। ਇਸ ਵਾਰ ਖੁੰਭਾਂ ਦੇ 5 ਸ਼ੈੱਡਾਂ ਵਿੱਚੋਂ ਕਰੀਬ 45 ਕੁਇੰਟਲ ਤੋਂ ਵੱਧ ਦੇ ਉਤਪਾਦਨ ਦੀ ਉਮੀਦ ਹੈ।

ਗੁਲਾਬ ਸਿੰਘ ਨੇ ਦੱਸਿਆ ਕਿ ਸ਼ਰੂ ਸ਼ੁਰੂ ਵਿੱਚ ਉਸ ਦੇ ਪਿਤਾ ਗੁਰਜੰਟ ਸਿੰਘ ਨਵੇਂ ਕੰਮ ਵਿੱਚੋਂ ਘਾਟਾ ਪੈ ਜਾਣ ਦੇ ਡਰੋਂ  ਵਰਜਦੇ ਵੀ ਰਹੇ ਪਰ ਹੁਣ ਪਿਤਾ ਅਤੇ ਛੋਟੇ ਭਰਾ ਵੱਲੋਂ ਵੀ ਸਾਥ ਮਿਲਣ ਲੱਗ ਪਿਆ ਹੈ। ਅਜੋਕੇ ਸਮੇਂ ਕਿਸਾਨੀ ਨੂੰ ਮਾੜਾ ਧੰਦਾ ਦੱਸਣ ਵਾਲੇ ਕਿਸਾਨਾਂ ਨੂੰ ਸੰਦੇਸ਼ ਦਿੱਤਾ ਕਿ ਕਿਸਾਨੀ ਦਾ ਨਾਂ ਹੀ ਮਿਹਨਤ ਹੈ। ਕਿਸਾਨ ਚਾਹੇ 50 ਏਕੜ ਦਾ ਮਾਲਕ ਹੋਵੇ, ਜੇ ਮਿਹਨਤੀ ਨਹੀਂ ਤਾਂ ਖੇਤੀ ਦਾ ਧੰਦਾ ਉਸ ਲਈ ਘਾਟੇ ਦਾ ਸੌਦਾ ਹੀ ਬਣਿਆ ਰਹੇਗਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Punjabi Tribune