ਕੈਪਟਨ ਵਲੋਂ ਝੋਨੇ ਦੀ ਲਟਕੀ ਰਕਮ 48 ਘੰਟੇ 'ਚ ਦੇਣ ਦੇ ਨਿਰਦੇਸ਼

November 09 2017

 ਚੰਡੀਗੜ੍ਹ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਵਲੋਂ ਨਗਦ ਕਰਜ਼ਾ ਹੱਦ ਵਿਚ ਵਾਧਾ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਖ਼ਰੀਦ ਸਬੰਧੀ ਲਟਕ ਰਿਹਾ ਸਾਰਾ ਭੁਗਤਾਨ ਕਿਸਾਨਾਂ ਨੂੰ 48 ਘੰਟੇ ਦੇ ਵਿਚ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਦੇਰੀ ਨੂੰ ਨਾ ਸਹਿਣ ਕਰਨ ਬਾਰੇ ਮੁੱਖ ਮੰਤਰੀ ਨੇ ਸਪੱਸ਼ਟ ਕਰ ਦਿਤਾ ਹੈ। ਨਵੰਬਰ 2017 ਦੇ ਆਖ਼ਰ ਤਕ ਝੋਨੇ ਦੀ ਮੌਜੂਦਾ ਖ਼ਰੀਦ ਵਾਸਤੇ ਆਰ.ਬੀ.ਆਈ ਵਲੋਂ ਨਕਦ ਕਰਜ਼ਾ ਹੱਦ ਵਧਾ ਕੇ 33,800.22 ਕਰੋੜ ਰੁਪਏ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਹਦਾਇਤਾਂ ਜਾਰੀ ਕੀਤੀਆਂ ਹਨ। ਸੂਬੇ ਦੇ ਪ੍ਰਮੁੱਖ ਸਕੱਤਰ ਵਿੱਤ ਨੂੰ ਪ੍ਰਾਪਤ ਹੋਏ ਇਕ ਪੱਤਰ ਦੇ ਅਨੁਸਾਰ ਆਰ.ਬੀ.ਆਈ ਵਲੋਂ ਸਾਉਣੀ 2017-18 ਦੇ ਹੇਠ ਝੋਨੇ ਦੀ ਖ਼ਰੀਦ ਲਈ ਸੂਬਾ ਸਰਕਾਰ ਦੀ 30 ਨਵੰਬਰ,

2017 ਤਕ ਨਕਦ ਕਰਜ਼ਾ ਹੱਦ ਵਧਾਏ ਜਾਣ ਦੀ ਵੈਧਤਾ ਸਬੰਧੀ ਬੇਨਤੀ ਸ਼ਰਤਾਂ ਦੇ ਤਹਿਤ ਪ੍ਰਵਾਨ ਕਰ ਲਈ ਗਈ ਹੈ। ਪੰਜਾਬ ਵਲੋਂ ਭਾਰਤੀ ਸੰਵਿਧਾਨ ਦੀ ਧਾਰਾ 293 (3) ਦੇ ਹੇਠ ਸਹਿਮਤੀ ਪੱਤਰ ਜੋ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਪ੍ਰਾਪਤ ਹੋਇਆ ਹੈ, ਪੇਸ਼ ਕੀਤੇ ਜਾਣ ਤੋਂ ਬਾਅਦ ਭਾਰਤੀ ਸਟੇਟ ਬੈਂਕ ਵਲੋਂ ਫ਼ੰਡ ਜਾਰੀ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਪਹਿਲਾਂ ਕੇਂਦਰ ਸਰਕਾਰ ਨੇ ਅਕਤੂਬਰ ਵਿਚ 28,262.84 ਕਰੋੜ ਰੁਪਏ ਦੀ ਨਗਦ ਕਰਜ਼ਾ ਹੱਦ ਝੋਨੇ ਦੀ ਚਲ ਰਹੀ ਖਰੀਦ ਵਾਸਤੇ ਜਾਰੀ ਕੀਤੀ ਸੀ। ਬੁਲਾਰੇ ਅਨੁਸਾਰ ਮੁੱਖ ਮੰਤਰੀ ਵਲੋਂ ਲਗਾਤਾਰ ਕੀਤੀਆਂ ਗਈਆਂ ਕੋਸ਼ਿਸ਼ਾਂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕੇਂਦਰੀ ਖਪਤਕਾਰ ਮਾਮਲਿਆਂ, ਖ਼ੁਰਾਕ ਤੇ ਜਨਤਕ ਵੰਡ ਪ੍ਰਣਾਲੀ ਮੰਤਰੀ ਰਾਮ ਵਿਲਾਸ ਪਾਸਵਾਨ ਕੋਲ ਇਹ ਮੁੱਦਾ ਉਠਾਉਣ ਦੇ ਨਤੀਜੇ ਵਜੋਂ ਨਵੰਬਰ ਦੀ ਨਕਦ ਕਰਜ਼ਾ ਹੱਦ ਦੀ ਪ੍ਰਵਾਨਗੀ ਦਿਤੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP Sanjha