ਬੀਤੀ ਦੇਰ ਰਾਤ ਲਗਪਗ ਢਾਈ ਵਜੇ ਅਚਨਚੇਤੀ ਹੋਈ ਮੋਹਲੇਧਾਰ ਬਾਰਸ਼ ਅਤੇ ਗੜ੍ਹੇਮਾਰੀ ਕਾਰਨ ਬਾਸਮਤੀ ਦੀ 1509 ਅਤੇ 1121 ਕਿਸਮ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਿਆ ਹੈ। ਕਿਸਾਨਾਂ ਨੇ ਕੁਝ ਇਲਾਕਿਆਂ ਵਿਚ ਇਸ ਫਸਲ ਦੇ 80 ਫੀਸਦ ਨੁਕਸਾਨੇ ਜਾਣ ਦਾ ਦਾਅਵਾ ਕੀਤਾ ਹੈ। ਤੇਜ਼ ਬਾਰਸ਼ ਅਤੇ ਗੜ੍ਹੇਮਾਰੀ ਕਾਰਨ 1509 ਬਾਸਮਤੀ ਦੀ ਫਸਲ ਜੋ ਪੱਕ ਕੇ ਤਿਆਰ ਖੜੀ ਫਸਲ ਨੂੰ ਵਧੇਰੇ ਨੁਕਸਾਨ ਹੋਇਆ ਹੈ। ਕਈ ਥਾਵਾਂ ’ਤੇ ਫਸਲ ਦੇ ਸਿੱਟੇ ਹੇਠਾਂ ਡਿਗ ਗਏ ਹਨ, ਕਈ ਥਾਵਾਂ ਤੇ ਸਿੱਟਿਆਂ ਨੂੰ ਪਏ ਦਾਣੇ ਡਿਗ ਗਏ ਹਨ। ਕਈ ਥਾਵਾਂ ’ਤੇ ਪਾਣੀ ਖੜਾ ਹੋਣ ਕਾਰਨ ਫਸਲ ਦੀ ਕਟਾਈ ਪੱਛੜ ਗਈ ਹੈ। ਇਸੇ ਤਰ੍ਹਾਂ 1121 ਕਿਸਮ ਦੀ ਫਸਲ ਨੂੰ ਵੀ ਨੁਕਸਾਨ ਪੁੱਜਾ ਹੈ। ਇਸੇ ਤਰ੍ਹਾਂ ਪੂਸਾ ਕਿਸਮ ਨੂੰ ਵੀ ਨੁਕਸਾਨ ਹੋਇਆ ਹੈ। ਆਲੂਆਂ ਦੀ ਅਗੇਤੀ ਬੀਜੀ ਫਸਲ ਵੀ ਨੁਕਸਾਨੀ ਗਈ ਹੈ। ਇਸੇ ਤਰ੍ਹਾਂ ਮੰਡੀਆਂ ਵਿਚ ਲਿਆਂਦੀ ਫਸਲ ਨੂੰ ਵੀ ਮੀਂਹ ਨਾਲ ਨੁਕਸਾਨ ਹੋਇਆ ਹੈ। ਕਿਸਾਨ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੀ 25 ਤੋਂ 30 ਫੀਸਦ ਫਸਲ ਨੂੰ ਨੁਕਸਾਨ ਹੋਇਆ ਹੈ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਤੇਜ਼ ਮੀਂਹ ਅਤੇ ਗੜ੍ਹੇਮਾਰੀ ਕਾਰਨ ਕਈ ਇਲਾਕਿਆਂ ਵਿਚ ਫਸਲ ਨੂੰ 20 ਤੋਂ 80 ਫੀਸਦ ਤਕ ਨੁਕਸਾਨ ਪੁੱਜਾ ਹੈ। ਡਿਪਟੀ ਕਮਿਸ਼ਨਰ ਅਤੇ ਖੇਤੀਬਾੜੀ ਵਿਭਾਗ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ। ਜਾਣਕਾਰੀ ਮਿਲੀ ਹੈ ਕਿ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਗਿਰਦਾਵਰੀ ਦੇ ਆਦੇਸ਼ ਦਿੱਤੇ ਹਨ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਤੇਜ਼ ਹਨੇਰੀ ਅਤੇ ਗੜ੍ਹੇ ਪੈਣ ਨਾਲ ਇਲਾਕੇ ਵਿੱਚ ਜਿਥੇ ਤਾਪਮਾਨ ਵਿੱਚ ਗਿਰਾਵਟ ਆਈ ਹੈ ਉਥੇ ਇਲਾਕੇ ਦੇ ਕਈ ਪਿੰਡਾਂ ਵਿੱਚ ਪੱਕ ਕੇ ਤਿਆਰ ਹੋ ਚੁੱਕੇ ਝੋਨੇ ਅਤੇ ਬਾਸਮਤੀ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਸਬਜ਼ੀਆਂ, ਪਸ਼ੂਆਂ ਦੇ ਚਾਰੇ ਲਈ ਬੀਜੇ ਬਰਸੀਨ ਅਤੇ ਕਮਾਦ ਆਦਿ ਫਸਲਾਂ ਨੂੰ ਵੀ ਨੁਕਸਾਨ ਪਹੁੰਚਾ ਹੈ। ਨੇੜਲੇ ਪਿੰਡ ਮੂਲਿਆਂਵਾਲ, ਕਲੇਰ ,ਬੜੋਏ, ਬਿੱਧੀਪੁਰ, ਸੋਹਲ, ਨੌਸ਼ਹਿਰਾ ਮੱਝਾ ਸਿੰਘ, ਪਿੰਡ ਚੂਹੜਚੱਕ, ਫੈਜਾਊਲਾਚੱਕ, ਵਜੀਦਚੱਕ, ਪੱਤੀ ਉਪਲ, ਦਾਨਿਆਂਵਾਲੀ, ਧਾਰੀਵਾਲ ਭੋਜਾ, ਸੇਖਵਾਂ, ਸਤਕੋਹਾ, ਥੇਹ ਗੁਲਾਮਨਬੀ ਆਦਿ ਪਿੰਡਾਂ ਵਿੱਚ ਪੱਕ ਕੇ ਤਿਆਰ ਹੋਏ ਝੋਨੇ ਅਤੇ ਬਾਸਮਤੀ ਉਪਰ ਗੜੇ ਪੈਣ ਕਾਰਨ ਪੱਕੇ ਦਾਣੇ ਕਾਫੀ ਮਾਤਰਾ ਵਿੱਚ ਝੱੜ ਗਏ ਹਨ। ਕਿਸਾਨ ਜੋਗਿੰਦਰ ਸਿੰਘ, ਮਾਸਟਰ ਅਮਰੀਕ ਸਿੰਘ, ਕਸਮੀਰ ਸਿੰਘ, ਅਮਰਬੀਰ ਸਿੰਘ, ਸਤਨਾਮ ਸਿੰਘ, ਮੁਖਤਾਰ ਸਿੰਘ ਆਦਿ ਨੇ ਮੰਗ ਕੀਤੀ ਕਿ ਪ੍ਰਭਾਵਿਤ ਹੋਈਆਂ ਫਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ। ਨਾਇਬ ਤਹਿਸੀਲਦਾਰ ਨੌਸ਼ਹਿਰਾ ਮੱਝਾ ਸਿੰਘ ਵਰਿਆਮ ਸਿੰਘ ਨੇ ਕਿਹਾ ਕਿ ਪਟਵਾਰੀਆਂ ਨੂੰ ਭੇਜ ਕੇ ਫਸਲਾਂ ਦੇ ਹੋਏ ਨੁਕਸ਼ਾਨ ਦੀ ਰਿਪੋਰਟ ਤਿਆਰ ਕਰਕੇ ਡਿਪਟੀ ਕਮਿਸ਼ਨਰ ਨੂੰ ਭੇਜੀ ਜਾਵੇਗੀ।
ਗੁਰਦਾਸਪੁਰ (ਕੇ.ਪੀ ਸਿੰਘ): ਨਜ਼ਦੀਕੀ ਪਿੰਡ ਜੌੜਾ ਅਤੇ ਇਸਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਵਿੱਚ ਝੋਨੇ ਦੀ ਲਗਪਗ ਤਿੰਨ ਹਜ਼ਾਰ ਏਕੜ ‘ਚ ਪੱਕੀ ਫ਼ਸਲ ਪ੍ਰਭਾਵਿਤ ਹੋਈ ਹੈ। ਪਿੰਡ ਤਤਲੇ ਵਿੱਚ ਹੀ ਕਿਸਾਨਾਂ ਦੀ 350 ਏਕੜ ਅਤੇ ਜੌੜਾ ਛੱਤਰਾਂ, ਕਾਦੀਆਂ ਵਾਲੀ, ਪਰਸੋ ਕਾ ਪਿੰਡ, ਕੋਟ ਮੋਹਨ, ਪੂਰੋਵਾਲ, ਗਜਨੀਪੁਰ ਵਿੱਚ ਕਈ ਏਕੜ ਫਸਲ ਦਾ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਤਤਲੇ ਵਿੱਚ ਕਿਸਾਨ ਪਿਰਥੀ ਸਿੰਘ ਦੀ 15 ਏਕੜ, ਜਸਵਿੰਦਰ ਸਿੰਘ ਦੀ 20, ਸਾਵਨ ਸਿੰਘ ਦੀ 14, ਰਣਧੀਰ ਸਿੰਘ ਦੀ 5, ਮਹਿੰਦਰ ਪਾਲ ਦੀ 12, ਕੁਲਵੰਤ ਸਿੰਘ ਦੀ 12, ਸੁੱਚਾ ਸਿੰਘ ਦੀ 20, ਬਲਵਿੰਦਰ ਸਿੰਘ ਦੀ 15, ਹੀਰਾ ਸਿੰਘ ਦੀ 12, ਅਜੀਤ ਸਿੰਘ ਦੀ 7, ਸੁਖਦਿਆਲ ਸਿੰਘ ਦੀ 6, ਗੁਰਵਿੰਦਰ ਸਿੰਘ ਦੀ 6, ਹਰਪ੍ਰੀਤ ਸਿੰਘ ਦੀ 6, ਅਮਰਜੀਤ ਸਿੰਘ ਦੀ 5, ਗੁਲਜ਼ਾਰ ਸਿੰਘ ਦੀ 10, ਬਚਨ ਸਿੰਘ ਦੀ 5 ਏਕੜ ਖੜੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ| ਕਿਸਾਨਾਂ ਨੇ ਦੱਸਿਆ ਕਿ ਮੀਂਹ ਅਤੇ ਗੜ੍ਹੇਮਾਰੀ ਨਾਲ ਸਿਰਫ਼ ਝੋਨਾ ਹੀ ਨਹੀਂ ਬਲਕਿ ਮਾਂਹ ਅਤੇ ਚਾਰੇ ਦੀ ਫ਼ਸਲ ਵੀ ਖ਼ਰਾਬ ਹੋਈ ਹੈ| ਪੀੜਤ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਖ਼ਰਾਬ ਹੋਈ ਫ਼ਸਲ ਦੀ ਗਿਰਦਾਵਰੀ ਕਰਵਾਉਣ ਦੀ ਮੰਗ ਕੀਤੀ ਹੈ।
Source: Punjabi Tribune


