ਕਿਸਾਨਾਂ ਲਈ ਨਾੜ ਨੂੰ ਅੱਗ ਲਾਉਣਾ ਕਿਸੇ ਬਿਪਤਾ ਤੋਂ ਘੱਟ ਨਹੀਂ

May 07 2018

ਫਿਰੋਜ਼ਪੁਰ/ਜ਼ੀਰਾ - ਦੇਸ਼ ਦੇ ਕਿਸਾਨਾਂ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣਾ ਇਕ ਵੱਡੀ ਬਿਪਤਾ ਬਣ ਗਈ ਹੈ। ਐੱਨ. ਜੀ. ਟੀ. ਦੀਆਂ ਸਖਤ ਹਦਾਇਤਾਂ ਕਾਰਨ ਸਰਕਾਰ ਵੱਲੋਂ ਕਿਸਾਨਾਂ ਲਈ ਅੱਗ ਨਾ ਲਾਉਣ ਦੇ ਫੈਸਲੇ ਥੋਪੇ ਜਾ ਰਹੇ ਜਾ ਰਹੇ ਹਨ। ਅੱਗ ਲਾਉਣਾ ਕਿਸਾਨਾਂ ਦਾ ਕੋਈ ਸ਼ੌਕ ਨਹੀਂ ਹੈ, ਸਗੋਂ ਮਜਬੂਰੀਆਂ ਦਾ ਸੇਕ ਕਿਸਾਨਾਂ ਨੂੰ ਇਹ ਕਦਮ ਪੁੱਟਣ ਲਈ ਮਜ਼ਬੂਰ ਕਰ ਰਿਹਾ ਹੈ। ਤੂੜੀ ਬਣਾ ਕੇ ਇਸ ਤੇ ਬਚੇ ਨਾੜ ਨੂੰ ਅੱਗ ਲਾਉਣ ਦਾ ਰੁਝਾਨ ਸ਼ੁਰੂ ਹੋ ਚੁੱਕਾ ਹੈ ਪਰ ਕਿਸਾਨਾਂ ਨੂੰ ਅਜਿਹੇ ਦੌਰ ਚੋਂ ਲੰਘਣਾ ਪੈ ਰਿਹਾ ਹੈ ਕਿ ਨਾ ਤਾਂ ਸਰਕਾਰਾਂ ਉਨ੍ਹਾਂ ਦੀ ਕੋਈ ਮਜਬੂਰੀ ਸਮਝ ਸਕੀ। ਸਰਕਾਰ ਵੱਲੋਂ ਫਸਲਾਂ ਦੇ ਪਾਲਣ ਲਈ ਬਿਜਲੀ ਸਪਲਾਈ ਦੀ ਸਮਾਂ ਸਾਰਣੀ ਤੈਅ ਹੈ ਪਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖਪਾਉਣ ਲਈ ਬਿਜਲੀ ਸਪਲਾਈ ਖੇਤੀ ਸੈਕਟਰ ਲਈ ਨਹੀਂ ਦਿੱਤੀ ਜਾਂਦੀ। ਦੇਸ਼ ਚ ਪ੍ਰਦੂਸ਼ਣ ਦਾ ਕਾਰਨ ਬਣ ਰਹੀ ਅੱਗ ਕਿਸਾਨਾਂ ਦੇ ਸੀਨੇ ਵੀ ਚਿੰਤਾਵਾਂ ਨਾਲ ਤਪਾਉਂਦੀ ਹੈ। ਇਸ ਸਬੰਧੀ ਕਿਸਾਨਾਂ ਤੇ ਮਾਹਿਰਾਂ ਨਾਲ ਗੱਲ ਕੀਤੀ ਗਈ, ਪੇਸ਼ ਹਨ ਉਨ੍ਹਾਂ ਦੇ ਵਿਚਾਰ-

ਕਈ ਸਾਲਾਂ ਤੋਂ ਖੇਤਾਂ ਚ ਅੱਗ ਨਹੀਂ ਲਾ ਰਿਹੈ ਨਿਰਮਲ ਸਿੰਘ

ਪਿੰਡ ਮਾਣੋਚਾਹਲ ਦਾ ਕਿਸਾਨ ਨਿਰਮਲ ਸਿੰਘ ਕਈ ਸਾਲਾਂ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਏ ਬਗੈਰ ਅਗਲੀ ਫਸਲ ਦੀ ਤਿਆਰੀ ਕਰਦਾ ਹੈ। ਰਵਾਇਤੀ ਫਸਲਾਂ ਦੇ ਨਾਲ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਇਸ ਕਿਸਾਨ ਨੇ ਕਿਹਾ ਕਿ ਇਸ ਕੰਮ ਲਈ ਮਿਹਨਤ ਦੀ ਜ਼ਰੂਰਤ ਹੈ ਤੇ ਫਸਲਾਂ ਨੂੰ ਫਾਇਦਾ ਹੁੰਦਾ ਹੈ। ਸਰਕਾਰ ਤੇ ਗਿਲਾ ਕਰਦਿਆਂ ਉਸ ਨੇ ਕਿਹਾ ਕਿ ਇਸ ਨਾੜ ਨੂੰ ਧਰਤੀ ਚ ਦਫਨ ਕਰਨ ਲਈ ਤਿਆਰ ਕੀਤੇ ਜਾਂਦੇ ਜੰਤਰਾਂ ਤੇ ਖਰੀਦਣ ਸਮੇਂ ਸਰਕਾਰ ਸਬਸਿਡੀ ਦੇਵੇ। 

35 ਲੱਖ ਹੈਕਟੇਅਰ ਰਕਬੇ ਚੋਂ ਤਕਰੀਬਨ 24 ਮਿਲੀਅਨ ਟਨ ਪੈਦਾ ਹੁੰਦੈ ਨਾੜ 

ਪੰਜਾਬ ਚ ਕਣਕ ਦੀ ਕਾਸ਼ਤ ਲਗਭਗ 35 ਲੱਖ ਹੈਕਟੇਅਰ ਰਕਬੇ ਚ ਕੀਤੀ ਜਾਂਦੀ ਹੈ, ਜਿਸ ਤੋਂ ਤਕਰੀਬਨ 24 ਮਿਲੀਅਨ ਟਨ ਨਾੜ ਪੈਦਾ ਹੁੰਦਾ ਹੈ। ਲਗਭਗ 70 ਫੀਸਦੀ ਇਸ ਨੂੰ ਤੂੜੀ ਲਈ ਉਪਯੋਗ ਕੀਤਾ ਜਾਂਦਾ ਹੈ। ਉਪਰੰਤ ਬਚੇ ਨਾੜ ਨੂੰ ਅੱਗ ਲਾ ਦਿੱਤੀ ਜਾਂਦੀ ਹੈ, ਜਿਸ ਨਾਲ ਖੇਤਾਂ ਚ ਕਈ ਮਿੱਤਰ ਕੀੜੇ, ਪੰਛੀ ਤੇ ਜਾਨਵਰ ਸੜ ਕੇ ਮਰ ਜਾਂਦੇ ਹਨ ਤੇ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ। ਅੱਗ ਲੱਗਣ ਨਾਲ ਜ਼ਹਿਰੀਲੀਆਂ ਗੈਸਾਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ ਤੇ ਮਾਈਟਰਸ ਆਕਸਾਈਡ ਪੈਦਾ ਹੁੰਦੀਆਂ ਹਨ, ਜੋ ਸਰੀਰਕ ਰੋਗਾਂ ਨੂੰ ਪੈਦਾ ਕਰਦੀਆਂ ਹਨ। ਖੇਤੀਬਾੜੀ ਵਿਭਾਗ ਵੱਲੋਂ ਇਸ ਨੂੰ ਰੋਕਣ ਲਈ ਖਾਨਾ ਪੂਰਤੀ ਕੀਤੀ ਜਾਂਦੀ ਹੈ। ਪਿੰਡਾਂ ਚ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਮੁਨਿਆਦੀ ਕਰਵਾਈ ਜਾ ਰਹੀ ਹੈ ਪਰ ਇਹ ਰੁਝਾਨ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿਉਂ ਤੇ ਕਿਵੇਂ ਨਹੀਂ ਰੁਕ ਰਿਹਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Jagbani