ਕਿਸਾਨਾਂ ਨੇ 3 ਦਿਨ 'ਚ ਕਰਾਏ ਬਿਜਲੀ ਵਾਲਿਆਂ ਦੇ ਹੱਥ ਖੜ੍ਹੇ

June 25 2018

ਚੰਡੀਗੜ੍ਹ: ਝੋਨੇ ਦੇ ਸੀਜ਼ਨ ਸ਼ੁਰੂ ਹੁੰਦਿਆਂ ਹੀ ਬਿਜਲੀ ਮਹਿਕਮੇ ਦੇ ਵੱਟ ਨਿਕਲ ਗਏ ਹਨ। ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ ਵਿੱਚ ਇੱਕਦਮ 33 ਫ਼ੀਸਦੀ ਵਾਧਾ ਹੋ ਗਿਆ ਹੈ। ਅਚਾਨਕ ਵਧੀ ਮੰਗ ਕਾਰਨ ਪਾਵਰਕੌਮ ਸਕਤੇ ਵਿੱਚ ਹੈ। ਇਸ ਨਾਲ ਬਿਜਲੀ ਸਰਪਲੱਸ ਦੇ ਦਾਅਵੇ ਦੀ ਵੀ ਪੋਲ ਖੁੱਲ੍ਹ ਗਈ ਹੈ। ਯਾਦ ਰਹੇ ਇਸ ਵਾਰ 20 ਜੂਨ ਨੂੰ ਹੀ ਕਿਸਾਨਾਂ ਲਈ ਬਿਜਲੀ ਸਪਲਾਈ ਸ਼ੁਰੂ ਹੋਈ ਹੈ। ਤਿੰਨ ਦਿਨਾਂ ਵਿੱਚ ਹੀ ਪਾਵਰਕੌਮ ਦੇ ਵੱਟ ਨਿਕਲ ਗਏ ਹਨ।

ਹਾਸਲ ਵੇਰਵਿਆਂ ਮੁਤਾਬਕ 21 ਜੂਨ ਨੂੰ 23988 ਲੱਖ ਯੂਨਿਟ ਬਿਜਲੀ ਦੀ ਮੰਗ ਦੀ ਪੂਰਤੀ ਕੀਤੀ ਗਈ ਸੀ, ਜਦੋਂਕਿ ਪਿਛਲੇ ਸਾਲ 21 ਜੂਨ ਨੂੰ ਇਹ ਮੰਗ 18043 ਲੱਖ ਯੂਨਿਟ ਸੀ। ਕੱਲ੍ਹ 21 ਜੂਨ ਨੂੰ ਸਿਖਰਲੀ ਮੰਗ 10832 ਮੈਗਾਵਾਟ ਰਹੀ, ਜੋ 21 ਜੂਨ 2017 ਨੂੰ 8819 ਮੈਗਾਵਾਟ ਸੀ। ਬਿਜਲੀ ਮੰਗ ਲਗਾਤਾਰ ਵਧਣ ਤੋਂ ਸੰਕੇਤ ਮਿਲ ਰਿਹਾ ਹੈ ਕਿ ਬਿਜਲੀ ਦੀ ਮੰਗ ਐਤਕੀਂ ਪਿਛਲੇ ਸਾਰੇ ਰਿਕਾਰਡ ਤੋੜ ਸਕਦੀ ਹੈ।

ਪਿਛਲੇ ਸਾਲ ਜੁਲਾਈ ਦੇ ਅੱਧ ਵਿੱਚ ਬਿਜਲੀ ਦਾ ਪੀਕ ਲੋਡ ਅੰਕੜਾ 11705 ਮੈਗਾਵਾਟ ’ਤੇ ਰਿਹਾ ਸੀ, ਜਦੋਂਕਿ ਐਤਕੀਂ ਇਹ ਅੰਕੜਾ ਝੋਨੇ ਦੇ ਸੀਜ਼ਨ ਦੇ ਸ਼ੁਰੂ ਵਿੱਚ ਹੀ ਵਧਦਾ ਪ੍ਰਤੀਤ ਹੋ ਰਿਹਾ ਹੈ। ਬਿਜਲੀ ਦੀ ਮੰਗ ਦੇ ਵਾਧੇ ਦੇ ਹਾਲਾਤ ਦੇ ਐਨ ਉਲਟ ਪਾਵਰਕੌਮ ਨੂੰ ਬਿਜਲੀ ਸਪਲਾਈ ਪੱਖੋਂ ਕਈ ਪਾਸਿਓਂ ਮਾਰ ਪੈ ਰਹੀ ਹੈ।

ਪਾਵਰਕੌਮ ਨੂੰ ਲੰਮੀ ਮਿਆਦ ਦੇ ਸਮਝੌਤਿਆਂ ਅਧੀਨ ਕੇਂਦਰੀ ਸੈਕਟਰ ਦੇ ਚਾਰ ਪਲਾਂਟਾਂ ਜਿਨ੍ਹਾਂ ਵਿੱਚ ਦਮੋਦਰ ਵੈਲੀ ਕਾਰਪੋਰੇਸ਼ਨ ਤੋਂ 184 ਮੈਗਾਵਾਟ, ਰਿਹਾਂਦ ਤੋਂ 50 ਮੈਗਾਵਾਟ, ਕੋਸਟਲ ਗੁਜਰਾਤ ਪਾਵਰ ਲਿਮਟਡ, ਮਦੁਰਾ ਤੇ ਸਾਸ਼ਨ ਪਲਾਂਟ ਤੋਂ 50 ਮੈਗਾਵਾਟ ਬਿਜਲੀ ਪ੍ਰਾਪਤ ਨਹੀਂ ਹੋ ਰਹੀ। ਅਜਿਹਾ ਤਕਨੀਕੀ ਨੁਕਸ ਕਾਰਨ ਹੋਇਆ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਹਾਈਡਲ ਪ੍ਰਾਜੈਕਟਾਂ ਵਿੱਚ ਪਾਣੀ ਦੀ ਆਮਦ ਤੇ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਹਾਈਡਲ ਜੈਨਰੇਸ਼ਨ ਵੀ ਲੀਹ ’ਤੇ ਨਹੀ ਪੈ ਸਕੀ ਹੈ।

Source: ABP Sanjha