ਕਿਸਾਨਾਂ ਨੂੰ ਹਰੀ ਤੇ ਜੈਵਿਕ ਖਾਦ ਵੱਲ ਪਰਤਣ ਦਾ ਸੱਦਾ

September 06 2017

 by: punjabitribune date:6 september 2017

ਦੁਨੀਆਂ ਦੀ ਪ੍ਰਮੁੱਖ ਸਹਿਕਾਰੀ ਸੰਸਥਾ ‘ਇਫਕੋ’ ਵੱਲੋਂ ਪੰਜਾਹਵੀਂ ਵਰ੍ਹੇਗੰਢ ਸਬੰਧ ਵਿੱਚ ਅੱਜ ਇਥੇ ‘ਕਿਸਾਨ ਅਤੇ ਸਹਿਕਾਰੀ ਸੰਮੇਲਨ’ ਕਰਵਾਇਆ ਗਿਆ ਜਿਸ ਦੌਰਾਨ ਪਟਿਆਲਾ, ਸੰਗਰੂਰ, ਮੁਹਾਲੀ ਤੇ ਬਰਨਾਲਾ ਤੋਂ ਸਹਿਕਾਰੀ ਸਭਾਵਾਂ, ਕਿਸਾਨਾਂ ਤੇ ਬੀਬੀਆਂ ਨੇ ਵੀ ਵੱਡੀ ਗਿਣਤੀ ਵਿੱਚ  ਹਿੱਸਾ ਲਿਆ| ਮੁੱਖ ਮਹਿਮਾਨ ਇਫ਼ਕੋ ਦੇ ਐਮ.ਡੀ ਡਾ. ਯੂ.ਐੱਸ. ਅਵਸਥੀ ਦਾ ਕਹਿਣਾ ਸੀ ਕਿ ਜਦੋਂ 3 ਨਵੰਬਰ 1967 ਨੂੰ 57 ਸਹਿਕਾਰੀ ਸਭਾਵਾਂ ਦੇ ਨਾਲ ਹੀ ਇਫਕੋ ਦਾ ਮੁੱਢ ਬੱਝਿਆ ਸੀ ਤੇ ਸਭ ਤੋਂ ਵੱਧ ਹਿੱਸਾ ਪੰਜਾਬ ਦੇ ਸਹਿਕਾਰੀ ਅਦਾਰਿਆਂ ਵੱਲੋਂ ਪਾਇਆ ਗਿਆ ਸੀ|

ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ‘ਚ ਪਾਏ ਗਏ ਵਡੇਰਾ ਯੋਗਦਾਨ ਦੀ ਤਰਾਂ ਹੀ ਹੁਣ ਪੰਜਾਬ ਦੇ ਕਿਸਾਨਾਂ ਨੂੰ ਵਾਤਾਵਰਨ, ਮਿੱਟੀ ਅਤੇ ਪਾਣੀ ਸੰਭਾਲਣ ਵੱਲ ਵੀ  ਤਵੱਜੋ  ਦੇਣ ਦੀ ਵੱਡੀ  ਲੋੜ ਹੈ| ਉਨ੍ਹਾਂ ਮਿੱਟੀ ਅਤੇ ਵਾਤਾਵਰਨ ਦੀ ਸ਼ੁੱਧੀਕਰਨ ਲਈ ਕਿਸਾਨਾਂ ਨੂੰ ਹਰੀ ਖਾਦ, ਜੈਵਿਕ ਖਾਦਾਂ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਮਿੱਟੀ ਵਿੱਚ ਰਲਾਉਣ ‘ਤੇ ਜ਼ੋਰ ਦਿੱਤਾ| ਇਸ ਮੌਕੇ  ਦਸ ਅਗਾਂਹਵਧੂ ਕਿਸਾਨਾਂ ਅਤੇ ਸਹਿਕਾਰਤਾ ਖੇਤਰ ਦੀਆਂ 10 ਸ਼ਖ਼ਸੀਅਤਾਂ ਨੂੰ ਪ੍ਰਸੰਸਾ ਪੱਤਰ ਅਤੇ ਇਫਕੋ–ਟੋਕੀਓ ਮੈਡੀਕਲ ਪਾਲਿਸੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ|

ਉਨ੍ਹਾਂ ਕਿਹਾ ਕਿ ਇਫਕੋ ਈ-ਬਜ਼ਾਰ ਰਾਹੀਂ ਕਿਸਾਨ ਆਪਣੀ ਲੋੜ ਦਾ ਕੋਈ ਵੀ ਸਾਮਾਨ ਬਿਨ੍ਹਾਂ ਕਿਸੇ ਵਿਚੋਲੇ ਦੇ ਸਿੱਧਾ ਖਰੀਦ ਜਾਂ ਵੇਚ ਸਕਦਾ ਹੈ | ਖੇਤੀਬਾੜੀ ਨਾਲ ਸਬੰਧਤ ਕੋਈ ਵੀ ਨਵੀਂ ਤਕਨੀਕੀ ਜਾਣਕਾਰੀ ਜਾਂ ਮਸ਼ੀਨ ਬਣਵਾ ਕੇ ਵੇਚਣ ਦੀ ਸੂਰਤ ਵਿਚ  ਸੰਸਥਾ ਉਸ ਨੂੰ 50 ਫੀਸਦੀ ਵਿੱਤੀ ਮਦਦ ਦੇਣ ਲਈ ਤਿਆਰ ਹੈ| ਸਹਿਕਾਰੀ ਸਭਾਵਾਂ ਮੰਡਲ ਪਟਿਆਲਾ ਦੇ ਸੰਯੁਕਤ ਰਜਿਸਟਰਾਰ ਕੌਰ ਸਿੰਘ ਨੇ ਕਿਹਾ ਕਿ ਇਫਕੋ ਸਹਿਕਾਰਤਾ ਦਾ ਗੌਰਵ ਹੈ ਤੇ ਬਾਕੀ ਸਾਰੇ ਅਦਾਰਿਆਂ ਲਈ ਆਦਰਸ਼ ਸੰਸਥਾ ਵੀ ਹੈ|  ਇਫਕੋ ਦੇ ਐਗਜ਼ੀਕਿਊਟਿਵ ਡਾਇਰੈਕਟਰ ਯੋਗੇਂਦਰ ਕੁਮਾਰ ਨੇ ਕਿਹਾ ਕਿ ਕਿਸਾਨਾਂ ਨੂੰ ਸੰਤੁਲਿਤ ਖੁਰਾਕ ਪ੍ਰੋਗਰਾਮ ਨੂੰ ਜ਼ਿਆਦਾ ਮਹੱਤਵ ਦੇਣ ਸਮੇਤ ਖਾਦਾਂ ਦੇ ਨਾਲ ਨਾਲ ਮਿੱਟੀ ਵਿੱਚ ਜੈਵਿਕ ਖਾਦਾਂ, ਗੋਬਰ, ਹਰੀਆਂ ਖਾਦਾਂ, ਸਾਗਰਿਕਾ ਆਦਿ ਦਾ ਵੀ ਵਧੇਰੇ ਪ੍ਰਯੋਗ ਕਰਨਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਸਾਗਰਿਕਾ  100 ਫੀਸਦੀ ਕੁਦਰਤੀ ਹੈ ਅਤੇ ਸਮੁੰਦਰੀ ਬੂਟੀ ਤੋਂ ਤਿਆਰ ਕੀਤਾ ਜਾਂਦਾ ਹੈ ਜਿਸ ਵਿੱਚ  ਮਿੱਟੀ ਦੀ ਉਪਜਾਊ ਸ਼ਕਤੀ ਵਿੱਚ    ਵਾਧਾ ਕਰਨ ਵਾਲ਼ੇ ਬਹੁਤ ਸਾਰੇ ਖੁਰਾਕੀ ਤੱਤ ਹਨ|

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।