ਕਿਸਾਨਾਂ ਨੂੰ ਮਿਲੇਗਾ 200 ਰੁਪਏ ਬੋਨਸ ?

November 12 2018

 ਚੰਡੀਗੜ੍ਹ: ਕਿਸਾਨਾਂ ਨੇ ਸੂਬਾ ਸਰਕਾਰ ਤੋਂ ਝੋਨੇ ਦੀ ਪਰਾਲੀ ਨਾ ਸਾੜਨ ਬਦਲੇ 200 ਰੁਪਏ ਫ਼ੀ ਕੁਇੰਟਲ ਬੋਨਸ ਤੁਰੰਤ ਦਿੱਤੇ ਜਾਣ ਦੀ ਮੰਗ ਕੀਤੀ ਹੈ। ਕਿਸਾਨਾਂ ਦਾ ਤਰਕ ਹੈ ਕਿ ਝੋਨੇ ਦੀ ਵਾਢੀ ਤੇ ਕਣਕ ਦੀ ਬਿਜਾਈ ਵਿੱਚ ਸਮਾਂ ਬਹੁਤ ਥੋੜ੍ਹਾ ਹੁੰਦਾ ਹੈ। ਇਸ ਲਈ ਕਿਸਾਨ ਪਰਾਲੀ ਨੂੰ ਸਹੀ ਤਰੀਕੇ ਨਾਲ ਟਿਕਾਣੇ ਨਹੀਂ ਲਾ ਸਕਦੇ।

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਦਾ ਕਹਿਣਾ ਹੈ ਕਿ ਕਣਕ ਦੀ ਰਹਿੰਦ ਖੂਹੰਦ ਨੂੰ ਕਿਸਾਨ ਪਸ਼ੂਆਂ ਦੇ ਚਾਰੇ ਵਜੋਂ ਵਰਤ ਸਕਦੇ ਹਨ, ਪਰ ਝੋਨੇ ਦੀ ਪਰਾਲੀ ਕਿਸਾਨਾਂ ਦੇ ਕਿਸੇ ਕੰਮ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਇਹ ਬੋਨਸ ਜਾਰੀ ਕਰੇ ਤਾਂ ਜੋ ਕਿਸਾਨ ਤੇ ਵਾਧੂ ਬੋਝ ਨਾ ਪਵੇ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਹਾਲੇ ਤਕ ਸਤੰਬਰ ਮਹੀਨੇ ਵਿੱਚ ਹੋਈ ਬੇਮੌਸਮੀ ਬਰਸਾਤ ਕਾਰਨ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ।

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸਕੱਤਰ ਜਨਰਲ ਓਂਕਾਰ ਸਿੰਘ ਨੇ ਕਿਹਾ ਕਿ ਸਰਦੇ-ਪੁੱਜਦੇ ਕਿਸਾਨ ਤਾਂ ਪਰਾਲੀ ਦੇ ਨਿਪਟਾਰੇ ਲਈ ਲੋੜੀਂਦੀਆਂ ਮਸ਼ੀਨਾਂ ਖਰੀਦ ਸਕਦੇ ਹਨ ਪਰ ਸੀਮਾਂਤ ਤੇ ਨਿਮਨ ਵਰਗ ਦੇ ਕਿਸਾਨ ਇਸ ਮਹਿੰਗੀ ਮਸ਼ੀਨਰੀ ਦਾ ਖ਼ਰਚਾ ਨਹੀਂ ਝੱਲ ਸਕਦੇ।

ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਪਰਾਲੀ ਨੂੰ ਨਾ ਸਾੜੇ ਜਾਣ ਲਈ ਕਿਸਾਨਾਂ ਤੇ ਦਬਾਅ ਤਾਂ ਬਣਾ ਰਹੀ ਹੈ, ਪਰ ਇਸ ਦੇ ਨਿਬੇੜੇ ਲਈ ਕੋਈ ਠੋਸ ਪ੍ਰਬੰਧ ਨਹੀਂ ਕਰ ਰਹੀ। ਉਧਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਕੇਂਦਰ ਨੂੰ ਪਰਾਲੀ ਦੇ ਨਿਬੇੜੇ ਲਈ ਕਿਸਾਨਾਂ ਵਾਸਤੇ ਝੋਨੇ ਤੇ 100 ਰੁਪਏ ਫ਼ੀ ਕੁਇੰਟਲ ਬੋਨਸ ਦੀ ਮੰਗ ਕਰ ਚੁੱਕੇ ਹਨ, ਜਿਸ ਨੂੰ ਕੇਂਦਰ ਨੇ ਹਾਲੇ ਤਕ ਪ੍ਰਵਾਨ ਨਹੀਂ ਕੀਤਾ।

source:Abp Sanjha