ਕਿਸਾਨਾਂ ਨੂੰ ਨਹੀਂ ਮਿਲ ਰਹੀ 8 ਘੰਟੇ ਬਿਜਲੀ, ਝੋਨੇ ਦੀ ਲਵਾਈ ਪਛੜੀ

June 27 2018

ਚੰਡੀਗੜ੍ਹ: ਪੰਜਾਬ ਸਰਕਾਰ ਨੇ 20 ਜੂਨ ਤੋਂ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ ਸੀ ਪਰ ਬਹੁਤੀ ਥਾਈਂ ਇਹ ਛੇ ਘੰਟੇ ਹੀ ਮਿਲ ਰਹੀ ਹੈ। ਬਾਰਸ਼ ਨਾ ਹੋਣ ਤੇ ਪੂਰੀ ਬਿਜਲੀ ਨਾ ਮਿਲਣ ਕਰਕੇ ਕਿਸਾਨ ਕਾਫੀ ਖਫਾ ਹਨ। ਕਿਸਾਨ ਜਥੇਬੰਦੀਆਂ ਪਹਿਲਾਂ ਹੀ ਝੋਨੇ ਦੀ ਲਵਾਈ ਵਾਸਤੇ 10 ਤੋਂ 12 ਘੰਟੇ ਬਿਜਲੀ ਸਪਲਾਈ ਦੀ ਮੰਗ ਕਰ ਰਹੀਆਂ ਹਨ।

ਕਿਸਾਨ ਦਾ ਕਹਿਣਾ ਹੈ ਕਿ ਇੱਕ ਤਾਂ ਸਰਕਾਰ ਨੇ ਝੋਨੇ ਦੀ ਲਵਾਈ ਦੀ ਤਾਰੀਖ 20 ਜੂਨ ਮਿਥ ਕੇ ਕਾਫੀ ਪਿਛੇਤਾ ਕਰ ਦਿੱਤਾ ਹੈ। ਦੂਜੇ ਪਾਸੇ ਹੁਣ ਵਾਅਦੇ ਮੁਤਾਬਕ ਬਿਜਲੀ ਵੀ ਨਹੀਂ ਦਿੱਤੀ ਜਾ ਰਹੀ। ਬਾਰਸ਼ ਨਾ ਹੋਣ ਕਰਕੇ ਝੋਨੇ ਦੀ ਲਵਾਈ ਹੋਰ ਲੇਟ ਹੋ ਰਹੀ ਹੈ। ਇਸ ਦਾ ਅਸਰ ਇਸ ਫਸਲ ਹੀ ਨਹੀਂ ਸਗੋਂ ਅਗਲੇ ਫਸਲ ਉੱਪਰ ਵੀ ਪਏਗਾ।

ਕਿਸਾਨ ਯੂਨੀਅਨ (ਡਕੌਂਦਾ) ਨੇ ਕਿਹਾ ਕਿ 20 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਪਟਿਆਲਾ ਜ਼ਿਲ੍ਹੇ ਦੇ 100 ਦੇ ਕਰੀਬ ਪਿੰਡਾਂ ਵਿੱਚ ਛੇ-ਛੇ ਘੰਟੇ ਬਿਜਲੀ ਸਪਲਾਈ ਮਿਲੀ ਹੈ। ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਨੇ ਦੱਸਿਆ ਕਿ ਯੂਨੀਅਨ ਨਾਲ ਮੀਟਿੰਗਾਂ ਦੌਰਾਨ ਅਧਿਕਾਰੀਆਂ ਨੇ ਵਾਅਦਾ ਵੀ ਕੀਤਾ ਸੀ ਕਿ ਜੇਕਰ ਕਿਸੇ ਕਾਰਨ ਕਦੇ ਘੱਟ ਬਿਜਲੀ ਸਪਲਾਈ ਦੇਣੀ ਪਈ ਤਾਂ ਅਗਲੇ ਦਿਨਾਂ ਵਿੱਚ ਵੱਧ ਬਿਜਲੀ ਦੇ ਕੇ ਪੂਰਤੀ ਕਰ ਦਿੱਤੀ ਜਾਵੇਗੀ। ਹੁਣ ਪਾਵਰਕੌਮ ਮੈਨੇਜਮੈਂਟ ਨੂੰ ਵਾਅਦੇ ਤੋਂ ਨਹੀਂ ਭੱਜਣਾ ਚਾਹੀਦਾ।

Source: ABP Sanjha