ਕਿਸਾਨਾਂ ਦਾ ਪੈਂਤੜਾ ਬੈਠਿਆ ਫਿੱਟ, ਦੇਸ਼ ਭਰ 'ਚ ਹੜਤਾਲ ਦਾ ਅਸਰ

June 04 2018

ਚੰਡੀਗੜ੍ਹ: ਦੇਸ਼ ਭਰ ਦੀਆਂ ਤਕਰੀਬਨ 110 ਕਿਸਾਨ ਜਥੇਬੰਦੀਆਂ ਦੀ ਹੜਤਾਲ ਨੇ ਇੱਕ ਵਾਰ ਸਰਕਾਰਾਂ ਦੀ ਨੀਂਦ ਉਡਾ ਦਿੱਤੀ ਹੈ। ਪਹਿਲੀ ਜੂਨ ਤੋਂ ਸ਼ੁਰੂ ਹੋਈ ਇਹ ਹੜਤਾਲ 10 ਜੂਨ ਤੱਕ ਚੱਲਣੀ ਹੈ। ਅੱਜ ਚੌਥੇ ਦਿਨ ਸ਼ਹਿਰਾਂ ਵਿੱਚ ਦੁੱਧ, ਫਲ ਤੇ ਸਬਜ਼ੀਆਂ ਦੀ ਕਿੱਲਤ ਰੜਕਣ ਲੱਗੀ ਹੈ। ਕਿਸਾਨਾਂ ਨੇ ਸ਼ਹਿਰਾਂ ਨੂੰ ਦੁੱਧ ਤੇ ਸਬਜ਼ੀਆਂ ਆਦਿ ਦੀ ਸਪਲਾਈ ਠੱਪ ਕਰ ਦਿੱਤੀ ਹੈ। ਕਿਸਾਨਾਂ ਦੇ ਸੰਘਰਸ਼ ਦਾ ਇਹ ਪੈਂਤੜਾ ਕੰਮ ਕਰਦਾ ਨਜ਼ਰ ਆ ਰਿਹਾ ਹੈ।

ਬੇਸ਼ੱਕ ਸ਼ਹਿਰਾਂ ਵਿੱਚ ਲੋਕਾਂ ਨੂੰ ਕੁਝ ਨਾ ਕੁਝ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ ਪਰ ਕਿਸਾਨਾਂ ਦੇ ਸੰਘਰਸ਼ ਨੇ ਦੇਸ਼ ਦੇ ਨਾਲ-ਨਾਲ ਵਿਸ਼ਵ ਦੇ ਮੀਡੀਆ ਦਾ ਧਿਆਨ ਖਿੱਚਿਆ ਹੈ। ਪੰਜਾਬ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਤੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ (ਬਹਿਰੂ) ਆਦਿ ਜਥੇਬੰਦੀਆਂ ਪੰਜਾਬ ਵਿੱਚ ਇਸ ਸੰਘਰਸ਼ ਕੁੱਦੀਆਂ ਹੋਈਆਂ ਹਨ।

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਦੂਸਰੇ ਦਿਨ ਇਸ ਸੰਘਰਸ਼ ਨੇ ਹੋਰ ਤਿੱਖਾ ਰੂਪ ਧਾਰ ਲਿਆ ਹੈ। ਕਿਸਾਨ ਆਪਣੀਆਂ ਮੰਗਾਂ ਲਈ ਸਾਂਝੇ ਸੰਘਰਸ਼ ਨੂੰ ਪੂਰੀ ਤਨਦੇਹੀ ਨਾਲ ਚਲਾ ਰਹੇ ਹਨ। ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਦੁੱਧ ਡੋਲ੍ਹਣ ਜਾਂ ਸਬਜ਼ੀਆਂ ਸੁੱਟਣ ਦੀ ਪ੍ਰਕਿਰਿਆ ਨਾ ਚਲਾਈ ਜਾਵੇ, ਜੇ ਅਜਿਹੀ ਸਥਿਤੀ ਆਉਂਦੀ ਹੈ ਤਾਂ ਇਹ ਮਾਲ ਗਰੀਬਾਂ ਵਿੱਚ ਵੰਡਿਆ ਜਾਵੇ ਜਾਂ ਹਸਪਤਾਲਾਂ ਵਿੱਚ ਪਹੁੰਚਦਾ ਕੀਤਾ ਜਾਵੇ।

ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਇਸ ਨਵੇਕਲੀ ਕਿਸਮ ਦੀ ਹੜਤਾਲ ਬਾਰੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਦੇਸ਼ ਦੇ ਕਿਸਾਨ ਇੱਕ ਝੰਡੇ ਥੱਲੇ ਲਾਮਬੰਦ ਹੋਏ ਹਨ। ਮੋਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਸਵਾਮੀਨਾਥਨ ਦੀ ਰਿਪੋਰਟ ਬਾਰੇ ਹਲਫਨਾਮਾ ਦੇ ਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਕਿਸਾਨ ਹੁਣ ਆਰ ਜਾਂ ਪਾਰ ਦੀ ਲੜਾਈ ਉੱਤੇ ਉੱਤਰ ਆਏ ਹਨ।

Source: ABP Sanjha